ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਜ਼ਿਲ੍ਹਾ ਮੋਗਾ ਦੀ ਜਥੇਬੰਦੀ ਦੀ ਚੋਣ
ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਅਕਤੂਬਰ
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਬਲਵਿੰਦਰ ਜੰਮੂ ਸਕੱਤਰ ਜਨਰਲ ਇੰਡੀਅਨ ਜਰਨਲਿਸਟਸ ਯੂਨੀਅਨ ਨੇ ਜ਼ਿਲ੍ਹਾ ਪੱਧਰੀ ਜਥੇਬੰਦੀ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਬਲਵਿੰਦਰ ਸਿੰਘ ਜੰਮੂ ਨੇ ਦੇਸ਼ ਭਰ ਵਿਚ ਪੱਤਰਕਾਰਤਾ ਖ਼ੇਤਰ ਨਾਲ ਜੁੜੇ ਕਰਮੀਆਂ ਨੂੰ ਪੇਸ਼ ਆ ਰਹੀਆਂ ਗੰਭੀਰ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਲਈ ਪਿਛਲੇ ਲੰਮੇਂ ਸਮੇਂ ਤੋਂ ਸਰਗਰਮੀ ਨਾਲ ਕੰਮ ਕਰ ਰਹੀ ਜਥੇਬੰਦੀ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਅਜੋਕੇ ਦੌਰ ਦੇ ਡਿਜੀਟਲ ਜਮਾਨੇ ਵਿਚ ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂੰ ਕਰਵਾਉਦੇ ਹੋਏ ਦੱਸਿਆ ਕਿ ਹੁਣ ਏਕੇ ਦੀ ਲੋੜ ਹੋਰ ਵੀ ਵੱਧ ਗਈ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਰਾਊਕੇ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਜਗਸੀਰ ਸ਼ਰਮਾ ਨੂੰ ਸਰਪ੍ਰਸਤ ਰਣਜੀਤ ਬਾਵਾ ਮੀਤ ਪ੍ਰਧਾਨ, ਅਮਜ਼ਦ ਖਾਨ ਮੀਤ ਪ੍ਰਧਾਨ, ਮਨੋਜ ਭੱਲਾ ਕੈਸ਼ੀਅਰ, ਇਕਬਾਲ ਸਿੰਘ ਖਹਿਰਾ ਸਕੱਤਰ, ਬਿੱਟੂ ਗਰੋਵਰ ਸਕੱਤਰ, ਤਰਸੇਮ ਸਚਦੇਵਾ ਨੂੰ ਸਕੱਤਰ ਬਣਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਯੂਨੀਅਨ ਦਾ ਹੋਰ ਵਿਸਥਾਰ ਕੀਤਾ ਜਾਵੇਗਾ।