ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਦੀ ਚੋਣ ਰੱਦ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 6 ਜੁਲਾਈ
ਫਰਵਰੀ 2021 ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਬਿਨਾ ਮੁਕਾਬਲੇ ਸਫਲ ਹੋਏ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਲਾਲੀ ਦੀ ਚੋਣ ਨੂੰ ਐੱਸਡੀਐੱਮ ਫਤਹਿਗੜ੍ਹ ਸਾਹਿਬ-ਕਮ-ਚੋਣ ਟ੍ਰਿਬਿਊਨਲ ਨੇ ਰੱਦ ਕਰ ਦਿੱਤਾ ਹੈ।
ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਫਰਵਰੀ 2021 ਵਿੱਚ ਨਗਰ ਕੌਂਸਲ ਚੋਣਾਂ ਵਿੱਚ ਸਰਹਿੰਦ ਦੇ ਵਾਰਡ ਨੰਬਰ 12 ਤੋਂ ਜਸ਼ਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ ਕਾਗ਼ਜ਼ ਦਾਖਲ ਕੀਤੇ ਸਨ। ਇਸ ਵਾਰਡ ਤੋਂ ਕਾਂਗਰਸ ਪਾਰਟੀ ਦੇ ਗੁਰਪ੍ਰੀਤ ਸਿੰਘ ਲਾਲੀ, ਪੰਕਜ ਕੁਮਾਰ ਅਤੇ ਤਰਨਪਾਲ ਸਿੰਘ ਵੀ ਉਮੀਦਵਾਰ ਸਨ ਪ੍ਰੰਤੂ ਉਸ ਸਮੇਂ ਇਨ੍ਹਾਂ ਸਾਰਿਆਂ ਦੇ ਕਾਗ਼ਜ਼ ਰੱਦ ਕਰ ਕੇ ਗੁਰਪ੍ਰੀਤ ਸਿੰਘ ਲਾਲੀ ਨੂੰ ਨਿਰਵਿਰੋਧ ਕੌਂਸਲਰ ਐਲਾਨ ਦਿੱਤਾ ਗਿਆ ਸੀ।
ਇਸ ’ਤੇ ਜਸ਼ਨਪ੍ਰੀਤ ਸਿੰਘ ਅਤੇ ਤਰਨਪਾਲ ਸਿੰਘ ਨੇ ਗੁਰਪ੍ਰੀਤ ਸਿੰਘ ਲਾਲੀ ਦੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਚੋਣ ਖ਼ਿਲਾਫ਼ ਅਪੀਲ ਦਾਇਰ ਕੀਤੀ ਸੀ, ਜਿਸ ’ਤੇ ਸੁਣਵਾਈ ਕਰਦੇ ਹੋਏ ਐੱਸਡੀਐੱਮ ਨੇ ਲਾਲੀ ਦੀ ਚੋਣ ਨੂੰ ਰੱਦ ਕਰ ਦਿੱਤਾ। ਸ੍ਰੀ ਢਿੱਲੋਂ ਨੇ ਕਿਹਾ ਕਿ ਲਾਲੀ ਨੇ ਕੌਂਸਲਰ ਵਜੋਂ ਜੋ ਵੀ ਸਰਕਾਰੀ ਲਾਭ ਲਏ ਹਨ ਉਨ੍ਹਾਂ ਦੀ ਭਰਪਾਈ ਲਈ ਉਹ ਅਪੀਲ ਕਰਨਗੇ। ਉਨ੍ਹਾਂ ਦੱਸਿਆ ਕਿ ਜਸ਼ਨਪ੍ਰੀਤ ਸਿੰਘ ’ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਦਾ ਕੌਂਸਲ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਹੈ ਜਦਕਿ ਇਸ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ।
ਇਸ ਮੌਕੇ ਬਲਵੀਰ ਸੌਢੀ, ਨਿਰਮਲ ਸਿੰਘ ਸੀੜਾ, ਗੁਰਪ੍ਰੀਤ ਸਿੰਘ ਬੱਗਾ, ਬਲਜਿੰਦਰ ਗੌਲਾ, ਅਸ਼ੋਕ ਕੁਮਾਰ ਅਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ। ਦੂਸਰੇ ਪਾਸੇ ਗੁਰਪ੍ਰੀਤ ਸਿੰਘ ਲਾਲੀ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਅਤੇ ‘ਆਪ’ ਵਿੱਚ ਸ਼ਾਮਲ ਹੋਣ ਲਈ ਦਬਾਅ ਪਾ ਰਹੀ ਹੈ। ਇਸੇ ਕਰ ਕੇ ਇਹ ਸਾਰਾ ਕੁਝ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਹੁੰਚ ਕਰਨਗੇ।