For the best experience, open
https://m.punjabitribuneonline.com
on your mobile browser.
Advertisement

ਚੋਣ ਮਸ਼ਕਰੀ: ਮਿੰਨਤ ਰਾਜ ਮਿੰਨਤ..!

08:06 AM May 23, 2024 IST
ਚੋਣ ਮਸ਼ਕਰੀ  ਮਿੰਨਤ ਰਾਜ ਮਿੰਨਤ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 22 ਮਈ
ਸੂਫ਼ੀ ਗਾਇਕ ਹੰਸ ਰਾਜ ਹੰਸ, ਪਹਿਲਾਂ ਅਕਾਲੀ ਸਜੇ ਸਨ, ਫਿਰ ਕਾਂਗਰਸ ਦੇ ਝਰਨੇ ਦਾ ਪਾਣੀ ਪੀਤਾ, ਅਖੀਰ ਭਾਜਪਾ ਨੂੰ ਪ੍ਰਣਾਏ ਗਏ। ਇੱਕ ਬੰਨ੍ਹਿਓਂ ਰਾਜ ਕਵੀ ਦਾ ਖ਼ਿਤਾਬ ਹਾਸਲ ਹੋਇਆ, ਦੂਜੇ ਬੰਨ੍ਹਿਓਂ ਸੰਸਦ ਮੈਂਬਰੀ। ਹੰਸ ਰਾਜ ਹੰਸ ਆਪਣੇ ਕਰ ਕਮਲਾਂ ਨਾਲ ਫ਼ਰੀਦਕੋਟ ਪੁੱਜੇ। ਭਾਜਪਾ ਨੂੰ ਬਾਬਾ ਫ਼ਰੀਦ ਦੀ ਧਰਤੀ ਲਈ ਸਫੀਪੁਰ ਦਾ ਸੂਫ਼ੀ ਹੰਸ ਰਾਜ ਹੰਸ ਢੁੱਕਵਾਂ ਜਾਪਿਆ। ਅੱਗਿਓਂ ਫ਼ਰੀਦਕੋਟ ਵਿੱਚ ਟੱਕਰ ਗਏ ਬਾਬਾ ਫ਼ਰੀਦ ਦੇ ਚੇਲੇ, ਰੁੱਖੀ-ਸੁੱਖੀ ਖਾਣ ਵਾਲੇ। ਅੱਗੇ-ਅੱਗੇ ਹੰਸ, ਪਿੱਛੇ-ਪਿੱਛੇ ਕਿਸਾਨ। ਹੰਸ ਰਾਜ ਹੰਸ ਚੋਣ ਪ੍ਰਚਾਰ ’ਚ ਸੁਰ ਲਾਉਂਦਾ ਹੈ, ਕਿਸਾਨ ਤਾਲ ਠੋਕ ਰਹੇ ਹਨ।
ਚੋਣਾਂ ਦੇ ਰਣ-ਤੱਤੇ ਵਿੱਚ ਕਿਸਾਨ ਵਾਹਵਾ ਤੱਤੇ ਹਨ। ਹੰਸ ਰਾਜ ਹੰਸ ਦਾ ਝੋਲਾ ਮਿੰਨਤਾਂ ਨਾਲ ਭਰਿਆ ਹੋਇਆ। ਅੱਕ ਕੇ ਇੱਕ ਦਿਨ ਆਖਣ ਲੱਗਾ, ਭਾਈਓ! ਹੁਣ ਮੈਨੂੰ ਮਿੰਨਤ ਰਾਜ ਮਿੰਨਤ ਹੀ ਕਿਹਾ ਕਰੋ। ਹੰਸ ਘਰੋਂ ਪਿੱਛੋਂ ਨਿਕਲਦੈ, ਕਿਸਾਨ ‘ਸਵਾਗਤ’ ਵਿੱਚ ਪਹਿਲਾਂ ਪਹੁੰਚ ਜਾਂਦੇ ਹਨ। ਜਿਵੇਂ ਹੋਣੀ ਨੇ ਮਿਰਜ਼ਾ ਘੇਰਿਆ ਸੀ, ਉਵੇਂ ਕਿਸਾਨ ਹੰਸ ਰਾਜ ਹੰਸ ਨੂੰ ਘੇਰ ਲੈਂਦੇ ਨੇ। ਜਦੋਂ ਬਹੁਤੇ ਸਵਾਲਾਂ ਦੀ ਬੁਛਾੜ ਹੁੰਦੀ ਹੈ ਤਾਂ ਸੂਫੀਆਨਾ ਅੰਦਾਜ਼ ਵਿੱਚ ਨਵਾਂ ਸੁਰ ਛੇੜ ਦਿੰਦੇ ਹਨ।
ਚੁੱਕੀ ਹੋਈ ਲੰਬੜਾਂ ਦੀ.., ਵਾਂਗ ਹੰਸ ਰਾਜ ਹੰਸ ਨੇ ਮਲਵਈ ਕਿਸਾਨਾਂ ਅੱਗੇ ਬੜ੍ਹਕ ਮਾਰ ਦਿੱਤੀ, ‘ਅਖੇ 2 ਤਰੀਕ ਤੋਂ ਬਾਅਦ ਦੇਖਾਂਗੇ ਇੱਥੇ ਕਿਹੜਾ ਖੱਬੀ ਖ਼ਾਨ ਖੰਘਦੈ, ਇਨ੍ਹਾਂ ਨੇ ਛਿੱਤਰਾਂ ਬਿਨਾਂ ਬੰਦੇ ਨਹੀਂ ਬਣਨਾ।’ ਲਓ ਵੀ ਫ਼ਰੀਦਕੋਟ ਵਿੱਚ ਕਿੰਨੇ ਹੀ ਖੱਬੇ ਪੱਖੀ ਵੀ ਹਨ ਤੇ ਖੱਬੀ ਖ਼ਾਨ ਵੀ ਹਨ, ਨਾਲੇ ਖੰਘਣ ਵਿੱਚ ਤਾਂ ਸਾਰੇ ਅਰਜਨ ਐਵਾਰਡੀ ਹੀ ਨੇ। ਕਿਸਾਨਾਂ ਨੂੰ ਘਰੇ ਆ ਕੋਈ ‘ਚੰਦਭਾਨ ਦਾ ਟੇਸ਼ਨ’ ਹੀ ਲਲਕਾਰ ਸਕਦੈ। ਕਿਸੇ ਨੇ ਨਰਿੰਦਰ ਮੋਦੀ ਦੀ ਗੱਲ ਛੇੜੀ ਤਾਂ ਠੋਕ ਕੇ ਫ਼ੱਕਰ ਹੰਸ ਰਾਜ ਹੰਸ ਨੇ ਕਿਹਾ, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ..।’
ਮਹੀਂਵਾਲ ਪੱਟ ਚੀਰ ਸਕਦੈ, ਰਾਂਝਾ ਮੱਝੀਆਂ ਚਾਰ ਸਕਦੈ, ਫਿਰ ਹੰਸ ਰਾਜ ਹੰਸ ਆਪਣੇ ਯਾਰ ਲਈ ਲਲਕਾਰਾ ਤਾਂ ਮਾਰ ਹੀ ਸਕਦੈ। ਵੈਸੇ ਬਾਬਾ ਫ਼ਰੀਦ ਦੀ ਧਰਤੀ ਅਤੇ ਖ਼ਾਸ ਕਰ ਕੇ ਸੂਫ਼ੀ ਧਰਮ ਤਾਂ ਹਿੰਦੂ-ਸਿੱਖ-ਮੁਸਲਿਮ ਦੇ ਏਕੇ ਦਾ ਪ੍ਰਤੀਕ ਹੈ। ਹੰਸ ਰਾਜ ਹੰਸ ਨੂੰ ਆਪਣੇ ਯਾਰ ਨੂੰ ਵੀ ਸਮਝਾਉਣਾ ਬਣਦੈ ਕਿ ਉਹ ਹਿੰਦੂ-ਮੁਸਲਮਾਨ ਵਾਲੀ ਰੱਟ ਛੱਡ ਬਾਬਾ ਫ਼ਰੀਦ ਨੂੰ ਧਿਆਏ। ਕਿਆ ਕਹਿਣੇ ਨੇ ਮਿੰਨਤ ਰਾਜ ਮਿੰਨਤ ਦੇ ਜਿਹੜੇ ਫ਼ਿਰਕੂ ਸਿਆਸਤ ਦੇ ਕੋਲਿਆਂ ਦੀ ਕੋਠੜੀ ਵਿੱਚ ਵੜ ਕੇ ਖ਼ੁਦ ਆਪਣੇ-ਆਪ ਦੇ ਕੱਪੜੇ ਚਿੱਟੇ ਰੱਖਣਾ ਚਾਹੁੰਦੇ ਹਨ।
ਹੰਸ ਰਾਜ ਹੰਸ ਗਾਉਂਦੇ ਹੁੰਦੇ ਸਨ, ‘ਕਿਤੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ, ਨਿੱਤ ਬੋਲਦੈ ਗੁਆਂਢੀਆਂ ਦੇ ਕਾਵਾਂ।’ ਚੋਣ ਪ੍ਰਚਾਰ ਦੀ ਕਾਵਾਂ-ਰੌਲ਼ੀ ਵਿਚ ਕਿਸਾਨ ਤੜਕੇ ਹੀ ਹੰਸ ਰਾਜ ਹੰਸ ਦੇ ਘਰ ਅੱਗੇ ਅਲ਼ਖ ਜਗਾ ਦਿੰਦੇ ਹਨ। ਕਿਸਾਨਾਂ ਨੂੰ ਵੀ ਪਤਾ ਹੈ ਕਿ ‘ਪਿਸ਼ੌਰੀ ਯਾਰ ਕਿਸਦੇ, ਭੱਤ ਖਾ ਕੇ ਖਿਸਕੇ।’ ਚੋਣਾਂ ਲੰਘ ਗਈਆਂ ਤਾਂ ਹੰਸ ਰਾਜ ਹੰਸ ਨੇ ਕਦੇ ਸੁਫ਼ਨੇ ਵਿੱਚ ਵੀ ਫ਼ਰੀਦਕੋਟ ਵੱਲ ਮੂੰਹ ਨਹੀਂ ਕਰਨਾ। ਕਿਸਾਨੋਂ, ਤੁਸੀਂ ਇਸ ਖ਼ੁਦਾ ਦੇ ਬੰਦੇ ਪਿੱਛੇ ਕਿਉਂ ਪਏ ਹੋ, ਕਿਤੇ ਥੋਨੂੰ ਫ਼ੱਕਰਾਂ ਦੀ ਹਾਅ ਨਾ ਲੱਗ ਜਾਵੇ।
ਮਨੋਂ-ਮਨੀ ਹੰਸ ਸੋਚਦੇ ਹੋਣਗੇ ਕਿੱਥੋਂ ਮਲਵਈਆਂ ’ਚ ਫਸ ਗਏ। ਬਾਬਾ ਫ਼ਰੀਦ ਦੀ ਰੂਹ ਵੀ ਆਖਦੀ ਪਈ ਹੋਵੇਗੀ ਕਿ ਹੰਸ ਬੰਦਿਆ! ਆਪਣੇ ਯਾਰ ਨੂੰ ਕਹਿ ਕਿ ਅਕਲ ਨੂੰ ਹੱਥ ਮਾਰੇ, ਫ਼ਿਰਕੂਪੁਣੇ ’ਚੋਂ ਨਿਕਲ ਕੇ ਇਨਸਾਨੀ ਜਾਮੇ ’ਚ ਆਵੇ, ਚੋਣਾਂ ਤਾਂ ਆਉਣੀ-ਜਾਣੀ ਚੀਜ਼ ਹੈ, ਜ਼ਹਿਰੀਲੀ ਜ਼ਹਿਨੀਅਤ ਹੰਸਾਂ ਲਈ ਵੀ ਮਾੜੀ ਹੈ ਅਤੇ ਕਾਵਾਂ ਲਈ ਵੀ। ਸਮਾਂ ਮਿਲੇ ਤਾਂ ਆਪਣੇ ਯਾਰ ਤੋਂ ਬਾਬਾ ਫ਼ਰੀਦ ਦੀ ਧਰਤੀ ਦੀ ਮਿੱਟੀ ਦਾ ਧੂੜਾ ਵੀ ਦੇ ਆਵੀਂ।

Advertisement

Advertisement
Author Image

joginder kumar

View all posts

Advertisement
Advertisement
×