For the best experience, open
https://m.punjabitribuneonline.com
on your mobile browser.
Advertisement

ਚੋਣ ਮਸ਼ਕਰੀ: ਲੂਟ ਲੇ ਗਯਾ ਕੋਈ!

12:03 PM May 06, 2024 IST
ਚੋਣ ਮਸ਼ਕਰੀ  ਲੂਟ ਲੇ ਗਯਾ ਕੋਈ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਮਈ
ਰਵਨੀਤ ਬਿੱਟੂ ਨੂੰ ਹੁਣ ਪਲਟੂ ਲੁਧਿਆਣਵੀ ਕਹੋ, ਚਾਹੇ ਕੁਝ ਹੋਰ; ਅਗਲਾ ਰੱਬ ਤੋਂ ਐੱਨਓਸੀ ਲੈ, ਸਿੱਧਾ ਭਾਜਪਾ ਨਗਰੀ ਵੱਲ ਇੰਜ ਦੌੜਿਆ ਜਿਵੇਂ ਮਿਲਖਾ ਸਿੰਘ ਹੋਵੇ। ਬਿੱਟੂ ਨੇ ਸਿਰ ਨਿਵਾਇਆ, ਅਗਲਿਆਂ ਪਰਨਾ ਪਾਇਆ। ਰੌਲਾ ਦਾਸੋ! ਬਿੱਟੂ ਨੇ ਤਾਂ ਰੱਬ ਦਾ ਹੁਕਮ ਵਜਾਇਐ। ਭਰਾਵੋ! ਹੁਣ ਰੱਬ ਦਾ ਭਾਣਾ ਮੰਨ ਵੋਟਾਂ ਪਾਇਓ। ਦਲ-ਬਦਲੂ ਰੈਜੀਮੈਂਟ ਦੇ ਰੰਗਰੂਟਾਂ ਨੂੰ ਵੇਖ, ਬ੍ਰਹਿਮੰਡ ਦੇ ਏਲੀਅਨਾਂ ਨੇ ਵੀ ਮੱਥੇ ’ਤੇ ਹੱਥ ਮਾਰਿਆ, ‘‘ਬਈ! ਏਨੇ ਸਸਤੇ ਤਾਂ ਜਾਖੜਾਂ ਦੇ ਅਬੋਹਰ ’ਚ ਕਿੰਨੂ ਨ੍ਹੀਂ ਵਿਕੇ ਹੋਣੇ, ਜਿੰਨੇ ’ਚ ਚੁਫੇਰ-ਗੜ੍ਹੀਏ ਵਿਕ ਗਏ।’ ਹੁਣ ਆਸ਼ੂ ਲੁਧਿਆਣਵੀ ਆਖਦੇ ਪਏ ਨੇ ‘ਸਜਾਈ ਥੀ ਹਮਨੇ ਮਹਿਫ਼ਲ, ਲੂਟ ਲੇ ਗਯਾ ਕੋਈ।’
ਕੈਪਟਨ ਅਮਰਿੰਦਰ ਅੱਜ-ਕੱਲ੍ਹ ਦਲ-ਬਦਲੂ ਬ੍ਰਿਗੇਡ ਦੇ ਜਰਨੈਲ ਨੇ। ਬੀਬੀ ਪ੍ਰਨੀਤ ਕੌਰ ਸੁਭਾਅ ਦੇ ਏਨੇ ਸੁਸ਼ੀਲ ਨੇ, ਜਿਨ੍ਹਾਂ ਨੇ ਚੋਣ ਜਲਸੇ ’ਚ ਭਗਵਾ ਝੰਡਾ ਆਪਣੇ ਪੁਰਾਣੇ ਵਰਕਰ ਦੇ ਹੱਥ ਫੜਾ ਦਿੱਤਾ, ਓਸ ਭਲੇ ਨੇ ਹੱਥ ’ਚ ਭਾਜਪਾਈ ਝੰਡਾ ਫੜ ਆਹ ਚੰਦ ਚੜ੍ਹਾ ਦਿੱਤਾ, ‘ਜਿੱਤੂਗਾ ਬਈ ਜਿੱਤੂਗਾ, ਮੇਰਾ ਪੰਜੇ ਵਾਲਾ ਜਿੱਤੂਗਾ।’ਇਨ੍ਹਾਂ ਜਰਨੈਲਾਂ-ਕਰਨੈਲਾਂ ਨੂੰ ਬਿਨ ਮੰਗੀ ਸਲਾਹ ਹੈ ਕਿ ਮੈਡੀਟੇਸ਼ਨ ਕੈਂਪ ਲਾ ਕੇ ਹਿਰਦੇ-ਪ੍ਰਵਰਤਨ ਕਰਾਓ, ਨਵੇਂ ਨਾਅਰੇ ਸਿਖਾਓ। ‘ਅਸਾਡੇ ਮਾਹੀ ਦੀ ਇਹੋ ਨਿਸ਼ਾਨੀ, ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ’। ਏਨੇ ਤਾਂ ਭੱਪੀ ਲਹਿਰੀ ਨੇ ਰਿਕਾਰਡ ਲਾਂਚ ਨਹੀਂ ਕੀਤੇ ਹੋਣੇ, ਜਿੰਨੇ ਭਾਜਪਾ ਨੇ ਕਾਂਗਰਸੀ ਪ੍ਰਿੰਟ ਰਿਲੀਜ਼ ਕੀਤੇ ਨੇ। ਜਨ-ਸੰਘ ਵਾਲੇ ਕਿਸੇ ਵੇਲੇ ਪੰਜਾਬੀ ਦੇ ਵਿਰੋਧ ’ਚ ਉਚਾਰਨ ਵਿਗਾੜ ਕੇ ਨਾਅਰੇ ਮਾਰਦੇ ਹੁੰਦੇ ਸਨ, ‘ਊਡਾ-ਈਡੀ ਨਹੀਂ ਪੜ੍ਹਾਂਗੇ’। ਸਮੇਂ ਦੇ ਰੰਗ ਵੇਖੋ, ਅੱਜ ਉਹੀ ਈਡੀ ਭਾਜਪਾ ਦੇ ਕੰਮ ਆ ਰਹੀ ਹੈ। ਆਪਣਾ ਸੁਸ਼ੀਲ ਰਿੰਕੂ ਵੀ ਸੁਸ਼ੀਲ ਕੰਨਿਆ ਵਰਗੈ ਜਿਹੜੀ ਅਣਜਾਣੇ ’ਚ ਕਿਸੇ ਦੋਸਤ ਰੰਝੇਟੜੇ ਨਾਲ ਚਲੀ ਜਾਂਦੀ ਹੈ। ਕੇਜਰੀਵਾਲ ਨੇ ਅਕਬਰੀ ਰਤਨ ਨੂੰ ਪਾਲ ਪਲੋਸ ਇਨਕਲਾਬੀ ਬਣਾਇਆ। ਭਾਜਪਾ ਨੇ ‘ਇਨਕਲਾਬ’ ਹੀ ਲੁੱਟ ਲਿਆ। ਚੋਣਾਂ ਵੇਲੇ ਮੁਸ਼ਕਲਾਂ ਜਥਿਆਂ ’ਚ ਆਉਂਦੀਆਂ ਨੇ। ਕਾਂਗਰਸੀ ਰਾਜ ਕੁਮਾਰ ਚੱਬੇਵਾਲ ਵਿਚਾਰੇ ਵਿਧਾਨ ਸਭਾ ’ਚ ਸੰਗਲੀ ਲੈ ਕੇ ਪੁੱਜੇ ਸਨ। ਹੁਣ ਸਮੇਤ ਸੰਗਲੀ ‘ਬਦਲਾਅ’ ਦੇ ਤਾਂਗੇ ’ਤੇ ਚੜ੍ਹ ਗਏ, ਨਾਲ ਗੁਰਪ੍ਰੀਤ ਜੀਪੀ ਨੇ ਵੀ ਸੁਭਾਗ ਪ੍ਰਾਪਤ ਕੀਤੈ। ਮਨੋਰੰਜਨ ਕਾਲੀਆ, ਜਨਮੇ ਜਨ ਸੰਘ ’ਚ। ਮਿਸ਼ਨ ’ਤੇ ਵਿਆਹ ਵੀ ਕੁਰਬਾਨ ਕਰ’ਤਾ। ਹਾਲੇ ਬੁਢਾਪਾ ਦੇਖਣਾ ਹੈ। ਕਾਲੀਆ ਜੀ ਨੂੰ ਜ਼ਰੂਰ ਭਰੇ ਮਨ ਨਾਲ ਨਵੇਂ ਸਜੇ ਭਾਜਪਾਈ ਰਿੰਕੂ ਨੂੰ ਦਾਦ ਦੇਣੀ ਪੈ ਰਹੀ ਹੋਊ। ਅਸਾਂ ਦੇ ਸੁਪਨੇ ’ਚ ਕਾਲੀਆ ਤੇ ਹਰਜੀਤ ਗਰੇਵਾਲ ਆਏ। ਪੁੱਛਣ ਲੱਗੇ ਕਿ ਅਸੀਂ ਤਾਂ ਵਿਹਲੇ ਹੋ ਗਏ, ਹੁਣ ਕੀ ਕਰੀਏ। ਬਈ! ਜਿਉਂਦੇ ਜੀਅ ਕੋਈ ਕੰਮਾਂ ਦਾ ਘਾਟੈ।
ਗੱਲ ਬੰਨ੍ਹੋ ਲੜ, ਹੁਣ ਚੋਣ ਜਲਸੇ ਹੋਣਗੇ। ਗਰੇਵਾਲ ਸਾਹਿਬ! ਜਿੱਥੇ ਬੀਬੀ ਪਰਨੀਤ ਕੌਰ ਚੋਣ ਜਲਸਾ ਕਰਨ, ਉੱਥੇ ਪਹਿਲਾਂ ਜਾਓ, ਝਾੜੂ ਲਾਓ, ਦਰੀਆਂ ਵਿਛਾਓ, ਟੈਂਟ ਲਗਾਓ। ਕਾਲੀਆ ਬਾਬੂ! ਜਿੱਥੇ ਸੁਸ਼ੀਲ ਰਿੰਕੂ ਜਾਣ, ਉੱਥੇ ਉਨ੍ਹਾਂ ਦੇ ਗੁਣ ਗਾਓ, ਸੰਗਤ ਨੂੰ ਹੱਥੀਂ ਲੰਗਰ-ਪਾਣੀ ਛਕਾਓ। ਦਲੂ ਬਦਲੂ ਆਖਦੇ ਨੇ ਕਿ ਪੰਜਾਬ ਦੀ ਨਿਸ਼ਕਾਮ ਸੇਵਾ ਖਾਤਰ ਦਲ ਬਦਲੇ। ਪੁਰਾਣੀ ਕਹਾਵਤ ਹੈ, ‘ਤੂੜੀ ਵੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ।’ ਪੁਰਾਣੇ ਸਮਿਆਂ ’ਚ ਭਟਕਦੀ ਰੂਹ ਦੀ ਪੰਡਤ ਗਤੀ ਕਰਦੇ। ਦਲ-ਬਦਲੀ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇ। ਜੇ ਜਿਊਂਦੇ ਜੀਅ ਜਮੀਰ ਮਰ ਜਾਵੇ ਤਾਂ ਉਹਦੀ ਭਟਕਣਾ ਵੀ ਘੱਟ ਨਹੀਂ ਹੁੰਦੀ।

Advertisement

Advertisement
Author Image

sukhwinder singh

View all posts

Advertisement
Advertisement
×