For the best experience, open
https://m.punjabitribuneonline.com
on your mobile browser.
Advertisement

ਚੋਣਾਂ ਦੇ ਮੇਲੀ: ਪੰਜਾਬ ਵਿੱਚ ‘ਲੈੱਗ ਤੇ ਪੈੱਗ’ ਨੇ ਲਾਈ ਮੌਜ!

10:23 AM Oct 14, 2024 IST
ਚੋਣਾਂ ਦੇ ਮੇਲੀ  ਪੰਜਾਬ ਵਿੱਚ ‘ਲੈੱਗ ਤੇ ਪੈੱਗ’ ਨੇ ਲਾਈ ਮੌਜ
ਮਾਨਸਾ ਦੇ ਪਿੰਡ ਨੰਗਲ ਕਲਾਂ ਵਿੱਚ ਠੰਢਿਆਂ ਦੀ ਹੋਮ ਡਲਿਵਰੀ ਦਿੰਦੇ ਹੋਏ ਸਮਰਥਕ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਅਕਤੂਬਰ
ਪੰਚਾਇਤੀ ਚੋਣਾਂ ਵਿੱਚ ‘ਪੈੱਗ ਤੇ ਲੈੱਗ’ ਚੱਲਦਾ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਕਿ ਸਮੁੱਚੇ ਪੰਜਾਬ ਵਿੱਚ ਹੀ ਵਿਆਹ ਧਰੇ ਗਏ ਹੋਣ। ਪੰਚਾਇਤੀ ਚੋਣਾਂ ਵਿੱਚ ਸਿਰਫ਼ ਦੋ ਦਿਨ ਬਾਕੀ ਬਚੇ ਹਨ। ਪਿੰਡਾਂ ਵਿੱਚ ਕਿਤੇ ਕੜਾਹੀ ਚੜ੍ਹੀ ਹੋਈ ਹੈ ਤੇ ਕਿਧਰੇ ਗਲਾਸੀ ਖੜਕ ਰਹੀ ਹੈ। ਦਿਨ ਢਲਦਿਆਂ ਹੀ ਪਿੰਡਾਂ ਵਿੱਚ ਦੌਰ ਚੱਲਣੇ ਸ਼ੁਰੂ ਹੋ ਜਾਂਦੇ ਹਨ। ਜਿੱਥੇ ਸਰਪੰਚੀ ਜਨਰਲ ਵਰਗ ਲਈ ਰਾਖਵੀਂ ਹੈ, ਉੱਥੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ ਹਨ। ਔਰਤਾਂ ਦੀ ਸੇਵਾ ਲਈ ਐਤਕੀਂ ਪ੍ਰਬੰਧ ਉਚੇਚੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਸਰਪੰਚੀ ਲਈ ਉਤਰੇ ਉਮੀਦਵਾਰ ਦੇ ਹਮਾਇਤੀ ਠੰਢਿਆਂ ਦੀ ਟਰਾਲੀ ਲੈ ਕੇ ਪਿੰਡ ਦੀ ਗਲੀ-ਗਲੀ ਹੋ ਕੇ ਲਾ ਰਹੇ ਹਨ, ‘ਠੰਢੇ ਲੈ ਲਓ ਠੰਢੇ’। ਠੰਢਿਆਂ ਦੀ ਹੋਮ ਡਲਿਵਰੀ ਦਿੱਤੀ ਜਾ ਰਹੀ ਹੈ। ਲਾਗਲੇ ਪਿੰਡ ਵਿੱਚ ਫਲ਼ਾਂ ਦੀ ਕਿੱਟ ਤਿਆਰ ਹੋ ਰਹੀ ਹੈ। ਗ਼ਰੀਬ ਵਿਹੜੇ ਦੇ ਹਰੇਕ ਘਰ ਵਿੱਚ ਤਿੰਨ-ਚਾਰ ਵੰਨਗੀਆਂ ਦੇ ਫਲਾਂ ਵਾਲੀ ਕਿੱਟ ਪਹੁੰਚ ਰਹੀ ਹੈ। ਇਹੀ ਨਜ਼ਾਰਾ ਹਰੇਕ ਪਿੰਡ ਵਿੱਚ ਦਿਖਾਈ ਦੇ ਰਿਹਾ ਹੈ।
ਜ਼ਿਲ੍ਹਾ ਕਪੂਰਥਲਾ ਦਾ ਪਿੰਡ ਖੱਸਣ, ਜਿੱਥੇ ਹਰੇਕ ਨਿਆਣੇ-ਸਿਆਣੇ ਦੀ ਟਹਿਲ ਸੇਵਾ ਦਾ ਪੂਰਾ ਪ੍ਰਬੰਧ ਹੈ। ਸਰਪੰਚੀ ਦਾ ਉਮੀਦਵਾਰ ਪਿੰਡ ਵਿੱਚ ਨਿੱਤ ਫਾਸਟ ਫੂਡ ਦੀ ਰੇਹੜੀ ਲਗਵਾ ਰਿਹਾ ਹੈ। ਬੱਚਿਆਂ ਤੇ ਨੌਜਵਾਨਾਂ ਨੂੰ ਨੂਡਲਜ਼ ਛਕਾਏ ਜਾ ਰਹੇ ਹਨ, ਜਦੋਂ ਕਿ ਔਰਤਾਂ ਲਈ ਆਲੂ ਟਿੱਕੀ ਤੇ ਛੋਲੇ ਭਟੂਰਿਆਂ ਦਾ ਵਿਸ਼ੇਸ਼ ਪ੍ਰਬੰਧ ਹੈ। ਪਿੰਡ ਦੇ ਬਜ਼ੁਰਗ ਆਖਦੇ ਹਨ ਕਿ ਉਨ੍ਹਾਂ ਇੱਦਾਂ ਦਾ ਮਾਹੌਲ ਪਹਿਲੀ ਵਾਰ ਦੇਖਿਆ ਹੈ।
ਜਿਹੜੇ ਪਿੰਡਾਂ ਵਿੱਚ ਸਰਪੰਚੀ ਦਾ ਅਹੁਦਾ ਰਾਖਵਾਂ ਹੈ, ਉੱਥੇ ਵੋਟਰਾਂ ਨੂੰ ਗੁਆਂਢੀ ਪਿੰਡਾਂ ਵਾਲੀ ਮੌਜ ਨਹੀਂ ਦਿਖ ਰਹੀ। ਉਂਜ, ਸੰਗਰੂਰ ਦੇ ਪਿੰਡ ਤੂਰ ਵਣਜਾਰਾ ਵਿੱਚ ਵੱਖਰਾ ਸੀਨ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਦਲਿਤ ਵੋਟ ਬੈਂਕ ਜ਼ਿਆਦਾ ਹੈ ਅਤੇ ਸਰਪੰਚੀ ਦਾ ਅਹੁਦਾ ਵੀ ਰਾਖਵਾਂ ਹੈ। ਇੱਥੇ ਇੱਕ ਉਮੀਦਵਾਰ ਵੋਟਰਾਂ ਨੂੰ ਖ਼ੁਸ਼ ਕਰਨ ਵਾਸਤੇ ਅੰਗਰੇਜ਼ੀ ਸ਼ਰਾਬ ਵਰਤਾ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਮੁਕਤਸਰ ਦੇ ਕਈ ਪਿੰਡਾਂ ਵਿੱਚ ਸ਼ਾਮ ਵੇਲੇ ਉਮੀਦਵਾਰ ਸ਼ਰਾਬ ਦੇ ਕੈਂਪਰ ਭਰ ਕੇ ਸੱਥਾਂ ਵਿੱਚ ਰੱਖ ਜਾਂਦੇ ਹਨ। ਪਿੰਡੋਂ-ਪਿੰਡ ਟੈਂਟ ਲੱਗੇ ਹੋਏ ਹਨ। ਇਸ ਜ਼ਿਲ੍ਹੇ ਦੇ ਪਿੰਡ ਸੁਖਨਾ ਅਬਲੂ ਵਿੱਚ ਨਸ਼ਾ ਰਹਿਤ ਵੋਟਰਾਂ ਨੂੰ ਜੂਸ ਵਰਤਾਇਆ ਜਾਂਦਾ ਹੈ। ਨੌਜਵਾਨ ਜਗਮੀਤ ਸਿੰਘ ਆਖਦਾ ਹੈ ਕਿ ਹਲਕਾ ਗਿੱਦੜਬਾਹਾ ਦੇ ਕਈ ਪਿੰਡਾਂ ਵਿੱਚ ਸ਼ਾਮ ਵੇਲੇ ਗਲੀਆਂ ਦਾ ਮਾਹੌਲ ਦੇਖਣ ਵਾਲਾ ਹੁੰਦਾ ਹੈ ਅਤੇ ਉਮੀਦਵਾਰ ਇਕੱਲੀ ਸ਼ਰਾਬ ਹੀ ਨਹੀਂ ਪਿਲਾਉਂਦੇ ਬਲਕਿ ਪਰਸ਼ਾਦਾ ਪਾਣੀ ਵੀ ਖੁਆ ਕੇ ਤੋਰਦੇ ਹਨ।
ਫ਼ਰੀਦਕੋਟ ਦੇ ਠੇਕੇਦਾਰ ਸੁਨੀਲ ਕੁਮਾਰ ਗਰੋਵਰ ਨੇ ਦੱਸਿਆ ਕਿ ਪਿੰਡਾਂ ਦੇ ਠੇਕਿਆਂ ’ਤੇ ਪਰਚੂਨ ਦੀ ਵਿਕਰੀ 15 ਫ਼ੀਸਦੀ ਹੀ ਰਹਿ ਗਈ ਹੈ ਕਿਉਂਕਿ ਚੋਣਾਂ ਕਰ ਕੇ ਵੋਟਰਾਂ ਨੂੰ ਸ਼ਰਾਬ ਦਾ ਪ੍ਰਬੰਧ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਸਹਿਰੇ ਦੇ ਤਿਉਹਾਰ ਮੌਕੇ ਵੀ ਪਰਚੂਨ ਵਿਕਰੀ ਵਧੀ ਨਹੀਂ। ਪਤਾ ਲੱਗਾ ਹੈ ਕਿ ਠੇਕੇਦਾਰ ਦੇਸੀ ਸ਼ਰਾਬ ਦੀ ਤਿੰਨ ਹਜ਼ਾਰ ਰੁਪਏ ਵਾਲੀ ਪੇਟੀ ਉਮੀਦਵਾਰਾਂ ਨੂੰ ਪੰਜਾਹ ਫ਼ੀਸਦੀ ਛੋਟ ’ਤੇ 1500 ਰੁਪਏ ਵਿੱਚ ਦੇ ਰਹੇ ਹਨ।
ਕਈ ਉਮੀਦਵਾਰਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਜ਼ਿਆਦਾ ਠੇਕੇ ਦੀ ਸ਼ਰਾਬ ਹੀ ਵਰਤਾਈ ਜਾ ਰਹੀ ਹੈ ਕਿਉਂਕਿ ਰੂੜੀ ਮਾਅਰਕਾ ਸ਼ਰਾਬ ਕੱਢਣ ਦਾ ਐਤਕੀਂ ਕਿਸੇ ਨੂੰ ਸਮਾਂ ਹੀ ਨਹੀਂ ਮਿਲਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਠੰਢਿਆਂ ਤੇ ਸ਼ਰਾਬ ਦੀ ਵਿਕਰੀ ਤੋਂ ਇਲਾਵਾ ਫਲਾਂ ਤੇ ਮਠਿਆਈ ਦੀ ਖ਼ਪਤ ਵੀ ਵਧ ਗਈ ਹੈ।

Advertisement

ਪੁਲੀਸ ਦੀ ਦੁਰਵਰਤੋਂ ਸਿਖਰ ’ਤੇ: ਬਾਜਵਾ

ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਖਦੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਸ਼ਰਾਬ ਹੀ ਨਹੀਂ ਵਰਤਾਈ ਜਾ ਰਹੀ ਬਲਕਿ ਪੁਲੀਸ ਦੀ ਦੁਰਵਰਤੋਂ ਵੀ ਸਿਖ਼ਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਸਮਰਥਕਾਂ ਨੂੰ ਪੁਲੀਸ ਘਰਾਂ ਵਿੱਚੋਂ ਚੁੱਕ ਰਹੀ ਹੈ ਅਤੇ ਕਿਧਰੇ ਕੋਈ ਸੁਣਵਾਈ ਨਹੀਂ।

Advertisement

ਵੰਡ ਵੰਡਾਰਾ ਜ਼ਾਬਤੇ ਦੀ ਉਲੰਘਣਾ: ਚੌਧਰੀ

ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਜ਼ਿਲ੍ਹਾ ਚੋਣ ਅਫ਼ਸਰਾਂ ਕੋਲ ਆਉਂਦੀਆਂ ਹਨ ਅਤੇ ਉਨ੍ਹਾਂ ਵੱਲੋਂ ਹੀ ਨਿਬੇੜਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ ਕੋਈ ਵੀ ਉਮੀਦਵਾਰ ਕਿਸੇ ਤਰ੍ਹਾਂ ਦਾ ਵੰਡ-ਵੰਡਾਰਾ ਕਰਕੇ ਵੋਟਰਾਂ ਨੂੰ ਭਰਮਾ ਨਹੀਂ ਸਕਦਾ ਹੈ।

ਪਿੰਡਾਂ ਵਿੱਚ ਵਿਆਹ ਵਰਗਾ ਮਾਹੌਲ ਬਣਿਆ

ਮਾਝੇ ਦੇ ਅਜਨਾਲਾ ਹਲਕੇ ਦੇ ਪਿੰਡ ਰਾਏਪੁਰ ਕਲਾਂ ਵਿੱਚ ਉਮੀਦਵਾਰਾਂ ਦੇ ਘਰ ਵਿੱਚ ਕਈ ਦਿਨਾਂ ਤੋਂ ਪਕੌੜੇ ਤਲੇ ਜਾ ਰਹੇ ਹਨ। ਪਿੰਡ ਫੱਤੇਵਾਲ ਵਿੱਚ ਲਿਮਕਾ ਤੇ ਕੋਕ ਦੀ ਹੋਮ ਡਲਿਵਰੀ ਹੈ। ਬਰਨਾਲਾ ਦੇ ਪਿੰਡ ਮਹਿਲ ਕਲਾਂ ਵਿੱਚ ਸਰਪੰਚੀ ਲਈ ਫਸਵੀਂ ਟੱਕਰ ਹੈ। ਉਮੀਦਵਾਰਾਂ ਦੇ ਘਰ ਕਈ-ਕਈ ਦਿਨਾਂ ਤੋਂ ਟੈਂਟ ਲੱਗੇ ਹੋਏ ਹਨ। ਇਸ ਜ਼ਿਲ੍ਹੇ ਦੇ ਪਿੰਡ ਜਲੂਰ ਵਿੱਚ ਵੱਖਰਾ ਰੌਂਅ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕੋਈ ਵੀ ਉਮੀਦਵਾਰ ਸ਼ਰਾਬ ਨਹੀਂ ਵਰਤਾ ਰਿਹਾ ਹੈ। ਬਠਿੰਡਾ ਦੇ ਪਿੰਡ ਬੱਲ੍ਹੋ ਵਿੱਚ ਅਮਰਜੀਤ ਕੌਰ ਨਾਮ ਦੀ ਉਮੀਦਵਾਰ ਦੇ ਪਰਿਵਾਰ ਵੱਲੋਂ ਨਸ਼ਾ ਰਹਿਤ ਚੋਣ ਲੜੀ ਜਾ ਰਹੀ ਹੈ। ਜ਼ਿਲ੍ਹਾ ਰੂਪਨਗਰ ਦੇ ਇੱਕ ਆਗੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਵੀਆਈਪੀ ਪਿੰਡਾਂ ਵਿੱਚ ਸ਼ਰਾਬ ਦੀ ਰੋਜ਼ਾਨਾ ਖ਼ਪਤ 20 ਤੋਂ 30 ਪੇਟੀਆਂ ਦੀ ਹੈ। ਬਠਿੰਡਾ ਦੇ ਪਿੰਡ ਤੁੰਗਵਾਲੀ ਵਿੱਚ ਵੋਟਰਾਂ ਲਈ ਮੀਟ ਤੋਂ ਇਲਾਵਾ ਅੰਡਾ-ਤਰੀ ਦਾ ਵਿਸ਼ੇਸ਼ ਇੰਤਜ਼ਾਮ ਹੈ। ਪਕੌੜਿਆਂ ਅਤੇ ਜਲੇਬੀਆਂ ਦਾ ਲੰਗਰ ਤਾਂ ਹਰੇਕ ਪਿੰਡ ਵਿੱਚ ਚੱਲ ਹੀ ਰਿਹਾ ਹੈ।

Advertisement
Author Image

sukhwinder singh

View all posts

Advertisement