ਤ੍ਰਿਣਮੂਲ ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀ
ਕੋਲਕਾਤਾ, 17 ਅਪਰੈਲ
ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਵਿੱਚ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਕੇਂਦਰ ਵਿੱਚ ਸੱਤਾ ਆਉਣ ’ਤੇ ਸਮਾਜ ਭਲਾਈ ਦੇ ਕਈ ਕਦਮ ਉਠਾਉਣ ਦੇ ਨਾਲ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਰੱਦ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਦੇਸ਼ ਵਿੱਚ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਦੀ ਕਾਰਵਾਈ ਰੋਕਣ ਦਾ ਵਾਅਦਾ ਵੀ ਕੀਤਾ ਹੈ। ਤ੍ਰਿਣਮੂਲ ਦੇ ਚੋਣ ਮਨੋਰਥ ਪੱਤਰ ਨੂੰ ‘ਦੀਦੀਰ ਸ਼ਪਥ’ (ਦੀਦੀ ਦੀ ਸਹੁੰ) ਨਾਮ ਦਿੱਤਾ ਗਿਆ ਹੈ। ਇਸ ਵਿੱਚ ਆਮ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ ਹੋਰ ਕਦਮਾਂ ਤੋਂ ਇਲਾਵਾ ਰੁਜ਼ਗਾਰ, ਮਕਾਨ, ਮੁਫ਼ਤ ਐੱਲਪੀਜੀ ਸਿਲੈਂਡਰ, ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣਾ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਵਾਅਦਾ ਵੀ ਕੀਤਾ ਗਿਆ ਹੈ। ਇੱਥੇ ਟੀਐੱਮਸੀ ਦੇ ਹੈੱਡਕੁਆਰਟਰ ਵਿੱਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਰਾਜ ਸਭਾ ਵਿੱਚ ਤ੍ਰਿਣਮੂਲ ਦੇ ਨੇਤਾ ਡੈਰੇਕ ਓ ਬਰਾਇਨ ਨੇ ਕਿਹਾ, ‘‘ਇਹ ਉਹ ਵਾਅਦੇ ਹਨ ਜਿਨ੍ਹਾਂ ਨੂੰ ਅਸੀਂ ‘ਇੰਡੀਆ’ ਗੱਠਜੋੜ ਦੇ ਹਿੱਸੇ ਵਜੋਂ ਪੂਰਾ ਕਰਾਂਗੇ, ਜਦੋਂ ਗੱਠਜੋੜ ਦੀ ਅਗਲੀ ਸਰਕਾਰ ਬਣੇਗੀ।’’ ਪਾਰਟੀ ਦੇ ਸੀਨੀਅਰ ਆਗੂ ਅਮਿਤ ਮਿਤਰਾ ਨੇ ਕਿਹਾ, ‘‘ਅਸੀਂ ਕੀਮਤ ਸਥਿਰਤਾ ਫੰਡ ਦੀ ਸਥਾਪਨਾ ਰਾਹੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦਾ ਵਾਅਦਾ ਕਰਦੇ ਹਾਂ। ਅਸੀਂ ਨਾਗਰਿਕਤਾ ਸੋਧ ਐਕਟ ਨੂੰ ਰੱਦ ਕਰਨ ਅਤੇ ਦੇਸ਼ ਵਿੱਚ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਦੀ ਕਾਰਵਾਈ ਰੋਕਣ ਦਾ ਵਾਅਦਾ ਵੀ ਕਰਦੇ ਹਾਂ।’’ ਇਸ ਤੋਂ ਇਲਾਵਾ ਪਾਰਟੀ ਨੇ ਸੀਬੀਆਈ, ਈਡੀ, ਐੱਨਆਈਏ ਤੇ ਆਮਦਨ ਕਰ ਵਿਭਾਗ, ਆਰਬੀਆਈ ਅਤੇ ਯੂਜੀਸੀ ਵਰਗੀਆਂ ਏਜੰਸੀਆਂ ਦੀ ਖ਼ੁਦਮੁਖ਼ਤਿਆਰੀ ਬਹਾਲ ਕਰਨ ਦਾ ਵਾਅਦਾ ਵੀ ਕੀਤਾ ਹੈ। -ਪੀਟੀਆਈ