ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਜਾਰੀ

07:29 AM Apr 06, 2024 IST
ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਪੀ ਚਿਦੰਬਰਮ, ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਕੇ ਸੀ ਵੇਣੂਗੋਪਾਲ। -ਫੋਟੋ: ਮੁਕੇਸ਼ ਅਗਰਵਾਲ

 

Advertisement

ਨਵੀਂ ਦਿੱਲੀ, 5 ਅਪਰੈਲ
ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ-2024 ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਕਾਂਗਰਸ ਦਾ ਮੈਨੀਫੈਸਟੋ ਨਿਆਂ ਦੇ ਪੰਜ ਥੰਮ੍ਹਾਂ ਅਤੇ ਉਨ੍ਹਾਂ ਤਹਿਤ 25 ਗਾਰੰਟੀਆਂ ’ਤੇ ਕੇਂਦਰਿਤ ਹੈ। ਪਾਰਟੀ ਨੇ ਆਪਣੇ ਮੈਨੀਫੈਸਟੋ ’ਚ ਸਿਖਲਾਈ ਦਾ ਅਧਿਕਾਰ, ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਰਾਖਵਾਂਕਰਨ ਤੋਂ 50 ਫੀਸਦ ਦੀ ਹੱਦ ਹਟਾਉਣ ਲਈ ਸੰਵਿਧਾਨਕ ਸੋਧ ਕਰਨ, ਦੇਸ਼ ਭਰ ’ਚ ਜਾਤੀ ਆਧਾਰਿਤ ਜਨਗਣਨਾ ਕਰਨ ਅਤੇ ਅਗਨੀਪਥ ਯੋਜਨਾ ਰੱਦ ਕਰਨ ਸਮੇਤ ਹੋਰ ਕਈ ਵਾਅਦੇ ਕੀਤੇ ਹਨ। ਇਹ ਮੈਨੀਫੈਸਟੋ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਹੈੱਡਕੁਆਰਟਰ ’ਚ ਜਾਰੀ ਕੀਤਾ ਗਿਆ ਹੈ।
ਕਾਂਗਰਸ ਨੇ ਆਪਣੇ 45 ਸਫਿਆਂ ਦੇ ਮੈਨੀਫੈਸਟੋ ਨੂੰ ‘ਨਿਆਏ ਪੱਤਰ’ ਦਾ ਨਾਂ ਦਿੱਤਾ ਹੈ ਅਤੇ ਇਸ ’ਤੇ ਖੜਗੇ ਤੇ ਰਾਹੁਲ ਅਤੇ ਭਾਰਤ ਜੋੜੋ ਯਾਤਰਾ ਦੀਆਂ ਤਸਵੀਰਾਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘ਮੈਂ ਹਰ ਕਿਸੇ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਮੈਨੀਫੈਸਟੋ ਨੂੰ ਧਿਆਨ ਨਾਲ ਦੇਖੋ ਅਤੇ ਤੁਹਾਨੂੰ ਇਸ ਵਿੱਚ ਸਾਡੇ ਦੇਸ਼ ਦੀ ਖੂਬਸੂਰਤ ਦਿਖਾਈ ਦੇਵੇਗੀ।’ ਉਨ੍ਹਾਂ ਕਿਹਾ, ‘ਜਦੋਂ ਅਸੀਂ ਸੱਤਾ ’ਚ ਆਏ ਤਾਂ ਗਰੀਬਾਂ ਲਈ ਦਰਵਾਜ਼ੇ ਖੋਲ੍ਹਾਂਗੇ। ਪ੍ਰਧਾਨ ਮੰਤਰੀ ਮੋਦੀ ਸਾਡੇ ਲੋਕਾਂ ਨੂੰ ਲਿਜਾ ਰਹੇ ਹਨ ਤੇ ‘400 ਪਾਰ’ ਦਾ ਦਾਅਵਾ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕੁਝ ਕੀਤਾ ਹੈ ਜਾਂ ਜਿਨ੍ਹਾਂ ਨੂੰ ਡਰ ਹੈ, ਉਹੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਹੈਰਾਨੀ ਜ਼ਾਹਿਰ ਕੀਤੀ ਕਿਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ ਜਦੋਂ ਮੁੱਖ ਵਿਰੋਧੀ ਪਾਰਟੀ ਦੇ ਖਾਤੇ ਹੀ ਫਰੀਜ਼ ਕਰ ਦਿੱਤੇ ਗਏ ਹਨ। ਕਾਂਗਰਸ ਨੇ ਕਿਹਾ ਕਿ ਜੇਕਰ ਉਹ ਸੱਤਾ ’ਚ ਆਈ ਤਾਂ ਉਹ ਬਿਨਾਂ ਕਿਸੇ ਪੱਖਪਾਤ ਦੇ ਸਾਰੀਆਂ ਜਾਤਾਂ, ਭਾਈਚਾਰਿਆਂ ਲਈ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ’ਚ 10 ਫੀਸਦ ਕੋਟਾ ਲਾਗੂ ਕਰੇਗੀ।

ਕਾਂਗਰਸ ਦੇ ਮੈਨੀਫੈਸਟੋ ਜਾਰੀ ਕਰਨ ਸਬੰਧੀ ਸਮਾਗਮ ’ਚ ਹਾਜ਼ਰ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ, ਸਚਿਨ ਪਾਇਲਟ, ਅਜੈ ਮਾਕਨ ਤੇ ਹੋਰ। -ਫੋਟੋ: ਮੁਕੇਸ਼ ਅਗਰਵਾਲ

ਪਾਰਟੀ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ, ਪੁੱਡੂਚੇਰੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਅਤੇ ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਐਕਟ 1991 ’ਚ ਸੋਧ ਕਰਨ ਤੋਂ ਇਲਾਵਾ ਇਹ ਐਲਾਨ ਕਰਨ ਲਈ ਕੰਮ ਕਰਨ ਦਾ ਵਾਅਦਾ ਕੀਤਾ ਕਿ ਉੱਪ ਰਾਜਪਾਲ ਕੌਮੀ ਰਾਜਧਾਨੀ ਖੇਤਰ ਵਿੱਚ ਦਿੱਲੀ ਦੇ ਮੰਤਰੀ ਮੰਡਲ ਦੀ ਸਲਾਹ ਤੇ ਸਹਾਇਤਾ ਲਈ ਕੰਮ ਕਰਨਗੇ। ਕਾਂਗਰਸ ਨੇ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਵੀ ਵਾਅਦਾ ਕੀਤਾ। ਕਾਂਗਰਸ ਨੇ ਕੇਂਦਰ ਸਰਕਾਰ ’ਚ ਵੱਖ ਵੱਖ ਅਹੁਦਿਆਂ ’ਤੇ ਮਨਜ਼ੂਰ ਤਕਰੀਬਨ 30 ਲੱਖ ਤੋਂ ਵੱਧ ਖਾਲੀ ਅਸਾਮੀਆਂ ਭਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਦੇਸ਼ ਨੂੰ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ 25 ਲੱਖ ਰੁਪਏ ਦਾ ਕੈਸ਼ਲੈੱਸ ਬੀਮਾ ਵਾਲਾ ਰਾਜਸਥਾਨ ਮਾਡਲ ਅਪਣਾਇਆ ਜਾਵੇਗਾ। ਪਾਰਟੀ ਨੇ ਕਿਹਾ ਕਿ ਉਹ ਉਨ੍ਹਾਂ ਸਾਰੇ ਕਾਨੂੰਨਾਂ ਦੀ ਸਮੀਖਿਆ ਕਰੇਗੀ ਜੋ ਨਿੱਜਤਾ ਦੇ ਅਧਿਕਾਰ ’ਚ ਦਖਲ ਦਿੰਦੇ ਹਨ ਅਤੇ ਅਜਿਹੇ ਕਾਨੂੰਨਾਂ ’ਚ ਸੋਧ ਯਕੀਨੀ ਬਣਾਈ ਜਾਵੇਗੀ। ‘ਇੱਕ ਮੁਲਕ, ਇੱਕ ਚੋਣ’ ਦੇ ਵਿਚਾਰ ਦਾ ਵਿਰੋਧ ਕਰਦਿਆਂ ਕਾਂਗਰਸ ਨੇ ਵਾਅਦਾ ਕੀਤਾ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸੰਵਿਧਾਨ ਤੇ ਸੰਸਦੀ-ਜਮਹੂਰੀ ਰਵਾਇਤ ਅਨੁਸਾਰ ਆਪਣੇ ਤੈਅ ਸਮੇਂ ’ਤੇ ਹੀ ਹੋਣਗੀਆਂ। ਇਸ ਨੇ ਚੋਣ ਕਾਨੂੰਨਾਂ ’ਚ ਸੋਧ ਕਰਕੇ ਚੋਣ ਪ੍ਰਕਿਰਿਆ ’ਚ ਵੋਟਰਾਂ ਦਾ ਭਰੋਸਾ ਬਹਾਲ ਕਰਨ ਅਤੇ ਇਹ ਯਕੀਨੀ ਬਣਾਉਣ ਦਾ ਵੀ ਵਾਅਦਾ ਕੀਤਾ ਕਿ ਵੀਵੀਪੈਟ ਪਰਚੀਆਂ ਦਾ ਮਿਲਾਨ ਈਵੀਐੱਮ ਨਾਲ ਕੀਤਾ ਜਾਵੇ। ਕਾਂਗਰਸ ਨੇ ਕਿਹਾ ਕਿ ਉਹ ਐੱਨਡੀਏ ਵੱਲੋਂ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ ਦੀ ਸਮੀਖਿਆ ਕਰੇਗੀ। ਪਾਰਟੀ ਨੇ ਮਗਨਰੇਗਾ ਤਹਿਤ ਦਿਹਾੜੀ 400 ਰੁਪਏ ਕਰਨ ਦਾ ਵੀ ਵਾਅਦਾ ਕੀਤਾ। -ਪੀਟੀਆਈ

Advertisement

ਕਾਂਗਰਸ ਦਾ ਮੈਨੀਫੈਸਟੋ ਝੂਠ ਦੀ ਪੰਡ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਅੱਜ ਕਾਂਗਰਸ ਦੇ ਮੈਨੀਫੈਸਟੋ ਨੂੰ ‘ਝੂਠ ਦੀ ਪੰਡ’ ਕਰਾਰ ਦਿੱਤਾ ਤੇ ਦੋਸ਼ ਲਾਇਆ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ, ਜਿਸ ਨੇ ਕਈ ਦਹਾਕੇ ਦੇਸ਼ ’ਤੇ ਰਾਜ ਕੀਤਾ, ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ’ਚੋਂ ਵੀ ਕੋਈ ਵਾਅਦ ਪੂਰਾ ਨਹੀਂ ਕੀਤਾ। ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨੂੰ ਗੁਮਰਾਹ ਕਰਨ ਲਈ ਅਜਿਹਾ ਚੋਣ ਮੈਨੀਫੈਸਟੋ ਲਿਆਂਦਾ ਹੈ। ਉਨ੍ਹਾਂ ਕਿਹਾ, ‘ਕਾਂਗਰਸ ਦਾ ਮੈਨੀਫੈਸਟੋ ਝੂਠ ਦੀ ਪੰਡ ਹਨ। ਇਹ ਵੋਟਰਾਂ ਨੂੰ ਗੁਮਰਾਹ ਕਰਨ ਲਈ ਤਿਆਰ ਕੀਤਾ ਗਿਆ ਹੈ।’ ਉਨ੍ਹਾਂ ਕਿਹਾ, ‘ਦੇਸ਼ ’ਤੇ ਕਈ ਦਹਾਕੇ ਤੱਕ ਰਾਜ ਕਰਨ ਵਾਲੀ ਕਾਂਗਰਸ ਅੱਜ ਨਿਆਂ ਦੀ ਗੱਲ ਕਰ ਰਹੀ ਹੈ ਪਰ ਇਸ ਦੀਆਂ ਸਰਕਾਰਾਂ ਨੇ ਸੱਤਾ ਵਿੱਚ ਰਹਿੰਦਿਆਂ ਕਦੀ ਨਿਆਂ ਨਹੀਂ ਕੀਤਾ।’ ਉਨ੍ਹਾਂ ਦੋਸ਼ ਲਾਇਆ, ‘ਕਾਂਗਰਸ ਨੇ ਅੱਜ ਤੋਂ ਪਹਿਲਾਂ ਵਾਲੀਆਂ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ ’ਚ ਕੀਤੇ ਵਾਅਦਿਆਂ ’ਚੋਂ ਇੱਕ ਵੀ ਪੂਰਾ ਨਹੀਂ ਕੀਤਾ ਹੈ।’ -ਪੀਟੀਆਈ

ਪ੍ਰਧਾਨ ਮੰਤਰੀ ਬਾਰੇ ਫ਼ੈਸਲਾ ਇੰਡੀਆ ਗੱਠਜੋੜ ਕਰੇਗਾ: ਰਾਹੁਲ ਗਾਂਧੀ

ਨਵੀਂ ਦਿੱਲੀ:ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇੰਡੀਆ ਗੱਠਜੋੜ ਨੇ ਫ਼ੈਸਲਾ ਕੀਤਾ ਹੈ ਕਿ ਇਸ ਦੇ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਫ਼ੈਸਲਾ ਚੋਣਾਂ ਜਿੱਤਣ ਮਗਰੋਂ ਗੱਠਜੋੜ ਵੱਲੋਂ ਸਾਂਝੇ ਤੌਰ ’ਤੇ ਲਿਆ ਜਾਵੇਗਾ। ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਐੱਨਡੀਏ ਦੀ 2024 ਦੀ ਚੋਣ ਮੁਹਿੰਮ ਦਾ ਹਸ਼ਰ 2004 ਦੀ ‘ਇੰਡੀਆ ਸ਼ਾਈਨਿੰਗ’ ਦੀ ਤਰ੍ਹਾਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਤਬਾਹ ਕਰਨ ਤੇ ਇਸ ਬਚਾਉਣ ਵਾਲੀਆਂ ਦੋ ਤਾਕਤਾਂ ਵਿਚਾਲੇ ਹੋ ਰਹੀਆਂ ਹਨ। ਕਾਂਗਰਸ ਦੇ ਮੈਨੀਫੈਸਟੋ ਜਾਰੀ ਕਰਨ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਇਹ ਮੀਡੀਆ ਵੱਲੋਂ ਪ੍ਰਚਾਰੇ ਜਾ ਰਹੇ ਮੁਕਾਬਲੇ ਤੋਂ ਕਿਤੇ ਵੱਧ ਨੇੜਲਾ ਮੁਕਾਬਲਾ ਹੈ ਅਤੇ ਉਨ੍ਹਾਂ ਚੋਣਾਂ ਜਿੱਤਣ ਦਾ ਭਰੋਸਾ ਜ਼ਾਹਿਰ ਕੀਤਾ। ਉਨ੍ਹਾਂ ਇੱਥੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਇਹ ਚੋਣਾਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਤਬਾਹ ਕਰਨ ਅਤੇ ਇਸ ਨੂੰ ਬਚਾਉਣ ਦੀ ਇੱਛਾ ਰੱਖਣ ਵਾਲਿਆਂ ਦਰਮਿਆਨ ਹਨ।’ ਉਨ੍ਹਾਂ ਕਿਹਾ, ‘ਸਾਡਾ ਮੰਨਣਾ ਹੈ ਕਿ ਇੱਕ ਵਾਰ ਇਹ ਲੜਾਈ ਜਿੱਤਣ ਤੋਂ ਬਾਅਦ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਬਹੁਮਤ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖੀਏ ਕਿਉਂਕਿ ਭਾਰਤ ਦੋ ਜਾਂ ਤਿੰਨ ਵੱਡੇ ਸਮੂਹਾਂ ਲਈ ਨਹੀਂ ਚਲਾਇਆ ਜਾਂਦਾ ਬਲਕਿ ਵੱਡੇ ਬਹੁਮਤ ਦੇ ਲੋਕਾਂ ਲਈ ਚਲਾਇਆ ਜਾਂਦਾ ਹੈ। ਇਹ ਕੋਈ ਏਕਾਧਿਕਾਰ ਵਾਲਾ ਮੁਲਕ ਨਹੀਂ ਹੈ ਬਲਕਿ ਇਹ ਇੱਕ ਅਜਿਹਾ ਮੁਲਕ ਹੈ ਜਿੱਥੇ ਕਾਰੋਬਾਰਾਂ ਵਿਚਾਲੇ ਢੁੱਕਵਾਂ ਮੁਕਾਬਲਾ ਹੈ।’
ਪ੍ਰਧਾਨ ਮੰਤਰੀ ਦੇ ਚਿਹਰੇ ਬਾਰੇ ਰਾਹੁਲ ਨੇ ਕਿਹਾ, ‘ਇੰਡੀਆ ਗੱਠਜੋੜ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਇਕਜੁੱਟ ਹੋ ਕੇ ਵਿਚਾਰਧਾਰਕ ਚੋਣਾਂ ਲੜਾਂਗੇ। ਚੋਣਾਂ ਜਿੱਤਣ ਮਗਰੋਂ ਪ੍ਰਧਾਨ ਮੰਤਰੀ ਬਾਰੇ ਫ਼ੈਸਲਾ ਗੱਠਜੋੜ ਵੱਲੋਂ ਸਾਂਝੇ ਤੌਰ ’ਤੇ ਲਿਆ ਜਾਵੇਗਾ।’ ਰਾਹੁਲ ਗਾਂਧੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਉਹ ਇਹ ਚੋਣਾਂ ਜਿੱਤਣਗੇ। ਉਨ੍ਹਾਂ ਕਿਹਾ, ‘ਇਹ ਬਹੁਤ ਕਰੀਬੀ ਚੋਣਾਂ ਹਨ ਅਤੇ ਅਸੀਂ ਬਹੁਤ ਸ਼ਾਨਦਾਰ ਚੋਣਾਂ ਲੜਨ ਤੇ ਜਿੱਤਣ ਜਾ ਰਹੇ ਹਾਂ।’
ਉਨ੍ਹਾਂ ਕਿਹਾ ਕਿ ਇਹ ਚੋਣਾਂ ਬੁਨਿਆਦੀ ਤੌਰ ’ਤੇ ਵੱਖਰੀਆਂ ਹਨ ਕਿਉਂਕਿ ਸੰਵਿਧਾਨ ਤੇ ਲੋਕਤੰਤਰ ਨੂੰ ਇੰਨਾ ਖਤਰਾ ਪਹਿਲਾਂ ਕਦੀ ਨਹੀਂ ਸੀ ਜਿੰਨਾ ਅੱਜ ਹੈ। -ਪੀਟੀਆਈ

ਚੋਣ ਵਾਅਦੇ

* ਫਸਲਾਂ ’ਤੇ ਐਮਐੱਸਪੀ ਦੀ ਕਾਨੂੰਨੀ ਗਾਰੰਟੀ
* ਰਾਖਵਾਂਕਰਨ ਤੋਂ 50 ਫੀਸਦ ਦੀ ਹੱਦ ਹਟਾਈ ਜਾਵੇਗੀ
* ਜਾਤੀ ਆਧਾਰਿਤ ਜਨਗਣਨਾ ਕਰਵਾਈ ਜਾਵੇਗੀ
* ਅਗਨੀਪਥ ਯੋਜਨਾ ਰੱਦ ਕਰੇਗੀ ਕਾਂਗਰਸ ਪਾਰਟੀ
* ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਐਕਟ 1991 ਵਿੱਚ ਸੋਧ ਦਾ ਵਾਅਦਾ
* ਜੰਮੂ ਕਸ਼ਮੀਰ ਨੂੰ ਮਿਲੇਗਾ ਪੂਰਨ ਰਾਜ ਦਾ ਦਰਜਾ
* 30 ਲੱਖ ਤੋਂ ਵੱਧ ਅਸਾਮੀਆਂ ਭਰਨ ਦਾ ਵਾਅਦਾ
* ਵੀਵੀਪੈਟ ਪਰਚੀਆਂ ਦਾ ਮਿਲਾਨ ਈਵੀਐੱਮ ਨਾਲ ਕਰਵਾਇਆ ਜਾਵੇਗਾ
* ਮਗਨਰੇਗਾ ਤਹਿਤ ਦਿਹਾੜੀ 400 ਰੁਪਏ ਹੋਵੇਗੀ

Advertisement