ਸਰਪੰਚੀ ਦੇ ਉਮੀਦਵਾਰ ਵੱਲੋਂ ਚੋਣ ਮਨੋਰਥ ਪੱਤਰ ਜਾਰੀ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਅਕਤੂਬਰ
ਹੁਣ ਤੱਕ ਸਿਆਸੀ ਪਾਰਟੀਆਂ ਤਾਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਦੀਆਂ ਆ ਰਹੀਆਂ ਹਨ ਪਰ ਇਹ ਸ਼ਾਇਦ ਭਾਰਤ ਅਤੇ ਪੰਜਾਬ ’ਚ ਪਹਿਲੀ ਵਾਰ ਹੋ ਰਿਹਾ ਹੈ ਜਦ ਕੋਈ ਪਿੰਡ ਦੀ ਸਰਪੰਚੀ ਦੀ ਚੋਣ ਲੜ ਰਿਹਾ ਉਮੀਦਵਾਰ ਚੋਣ ਮਨੋਰਥ ਪੱਤਰ ਜਾਰੀ ਕਰ ਕੇ ਚੋਣ ਲੜ ਰਿਹਾ ਹੈ। ਅਜਿਹਾ ਨਿਵੇਕਲੀ ਪਿਰਤ ਪਾਉਂਦਿਆਂ ਜ਼ਿਲ੍ਹੇ ਦੇ ਵੱਡੇ ਪਿੰਡ ਹਥਨ ’ਚ ਉਤਸ਼ਾਹੀ ਨੌਜਵਾਨ ਪਰਮੇਲ ਸਿੰਘ ਹਥਨ ਆਪਣੇ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਨੂੰ ਲੋਕਾਂ ’ਚ ਲਿਜਾ ਕੇ ਵੋਟ ਮੰਗ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਉਸ ਦਾ ਚੋਣ ਮਨੋਰਥ ਪੱਤਰ ਸਿਰਫ਼ ਲੋਕਾਂ ਨੂੰ ਲੁਭਾਉਣ ਲਈ ਚੋਣ ਵਾਅਦਿਆਂ ਪਲੰਦਾ ਨਹੀਂ ਸਗੋਂ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਨਜ਼ਰੀਆ ਅਤੇ ਜਜ਼ਬਾ ਹੈ। ਪਰਮੇਲ ਸਿੰਘ ਹਥਨ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਿੱਤਣ ਦੀ ਸੂਰਤ ਵਿੱਚ ਸਾਰੇ ਚੌਕਾਂ ਨੂੰ ਹਰੇ- ਭਰੇ ਬਣਾਉਣ, ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕਰਨ, ਪੰਚਾਇਤੀ ਜ਼ਮੀਨ ’ਚ ਰੀ-ਟਰੀਟਮੈਂਟ ਪਲਾਂਟ ਲਾਉਣ, ਡਿਸਪੈਂਸਰੀ ਨੂੰ ਅੱਪਗ੍ਰੇਡ ਕਰਾਉਣ ਅਤੇ ਐਂਬੂਲੈਂਸ ਦਾ ਪ੍ਰਬੰਧ ਕਰਨ, ਵਾਟਰ ਵਰਕਸ ਨੂੰ ਜਲਦੀ ਚਾਲੂ ਕਰਵਾਉਣ, ਟੋਭਿਆਂ ਦੇ ਪਾਣੀ ਨੂੰ ਸੋਧ ਕੇ ਸਿੰਜਾਈ ਯੋਗ ਬਣਾਉਣ, ਮਾਲੇਰਕੋਟਲਾ ,ਫਰਵਾਹੀ ਅਤੇ ਘਨੌਰ ਸੜਕ ’ਤੇ ਪਹਿਲਾਂ ਹੀ ਪਈਆਂ ਪਾਈਪਾਂ ਨੂੰ ਚਾਲੂ ਕਰ ਕੇ ਵੱਧ ਤੋਂ ਵੱਧ ਰਕਬੇ ਨੂੰ ਸੋਧੇ ਹੋਏ ਪਾਣੀ ਨਾਲ ਸਿੰਚਾਈ ਲਈ ਵਰਤਣ, ਪਿੰਡ ’ਚ ਰੁਜ਼ਗਾਰ ਦੇ ਸਾਧਨ ਪੈਦਾ ਕਰਨ ,ਪੰਚਾਇਤੀ ਜ਼ਮੀਨ ’ਚ ਘਰੇਲੂ ਤੇ ਛੋਟੇ ਉਦਯੋਗ ਸਥਾਪਤ ਕਰਨ ,ਪਿੰਡ ਦੀ ਹਰ ਗਲੀ ਨੂੰ ਸਜਾਉਣ ਅਤੇ ਹਰਿਆਂ ਭਰਿਆ ਬਣਾਉਣ ਪਿੰਡ ’ਚ ਸੀਸੀਟੀਵੀ ਕੈਮਰੇ ਅਤੇ ਸਟਰੀਟ ਲਾਈਟ ਦਾ ਪ੍ਰਬੰਧ ਕਰਨ , ਸਮਾਰਟ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰਿੰਸੀਪਲ ਸਮੇਤ ਵੱਖ ਵੱਖ ਵਿਸ਼ਿਆਂ ਦੀਆਂਖ਼ਾਲੀ ਅਸਾਮੀਆਂ ’ਤੇ ਅਧਿਆਪਕ ਲਿਆਉਣ,ਪਿੰਡ ਦੇ ਮੁਹਤਬਰ ਵਿਅਕਤੀਆਂ ਅਤੇ ਪੰਚਾਇਤ ਦੀ ਸਾਂਝੀ ਕਮੇਟੀ ਬਣਾ ਕੇ ਝਗੜਿਆਂ ਦਾ ਨਿਪਟਾਰਾ ਪਿੰਡ ਵਿੱਚ ਹੀ ਕਰਨ ,ਪਿੰਡ ’ਚੋਂ ਨਸ਼ਾ ਖ਼ਤਮ ਕਰਨ ਲਈ ਉਪਰਾਲੇ ਕਰਨ, ਪਿੰਡ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਤ ਕਰਨ, ਗੰਦੇ ਪਾਣੀ ਦੀ ਨਿਕਾਸੀ ਦਾ ਸੁਚੱਜਾ ਪ੍ਰਬੰਧ ਕਰਨ, ਹਾਈਟੈੱਕ ਲਾਇਬ੍ਰੇਰੀ ਬਣਾਉਣ, ਪਿੰਡ ਦੇ ਦਾਖ਼ਲ ਬਿੰਦੂਆਂ ’ਤੇ ਪਿੰਡ ਦੇ ਫ਼ੌਜੀ ਸ਼ਹੀਦਾਂ ਅਤੇ ਸਤਿਕਾਰਯੋਗ ਸ਼ਖ਼ਸੀਅਤਾਂ ਦੇ ਨਾਂ ’ਤੇ ਦਰਵਾਜ਼ੇ ਬਣਾਉਣ, ਪੰਚਾਇਤੀ ਨਰਸਰੀ ਬਣਾਉਣ, ਆਂਗਣਵਾੜੀ ਕੇਂਦਰ ਲਈ ਅਲੱਗ ਇਮਾਰਤ ਦਾ ਪ੍ਰਬੰਧ ਕਰਨ ਲਾਭਪਾਤਰੀਆਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ।