For the best experience, open
https://m.punjabitribuneonline.com
on your mobile browser.
Advertisement

ਚੋਣ ਪੈਂਤੜਾ: ਬਰਨਾਲਾ ਵਿੱਚ ‘ਲੋਕ ਸੰਗਰਾਮ’ ਰੈਲੀ ਕਰਨਗੀਆਂ ਜਨਤਕ ਜਥੇਬੰਦੀਆਂ

07:52 AM May 08, 2024 IST
ਚੋਣ ਪੈਂਤੜਾ  ਬਰਨਾਲਾ ਵਿੱਚ ‘ਲੋਕ ਸੰਗਰਾਮ’ ਰੈਲੀ ਕਰਨਗੀਆਂ ਜਨਤਕ ਜਥੇਬੰਦੀਆਂ
ਬਰਨਾਲਾ ਦੇ ਤਰਕਸ਼ੀਲ ਭਵਨ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਆਗੂ। -ਫੋਟੋ: ਬੱਲੀ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 7 ਮਈ
ਪੰਜਾਬ ਦੀਆਂ ਦੋ ਦਰਜਨ ਦੇ ਕਰੀਬ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਲੋਕ ਸਭਾ ਚੋਣਾਂ ਦਰਮਿਆਨ ਆਪਣੇ ਅਸਲ ਮਸਲੇ ਉਭਾਰਨ ਤੇ ਇਨ੍ਹਾਂ ਦੇ ਹੱਲ ਲਈ 26 ਮਈ ਨੂੰ ਬਰਨਾਲਾ ਵਿਚ ‘ਲੋਕ ਸੰਗਰਾਮ ਰੈਲੀ’ ਕਰਨਗੀਆਂ।
ਇਹ ਫੈਸਲਾ ਇੱਥੇ ਤਰਕਸ਼ੀਲ ਭਵਨ ਵਿਚ ਇਨ੍ਹਾਂ ਜਥੇਬੰਦੀਆਂ ਦੀ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਸਾਂਝੀ ਸੂਬਾਈ ਮੀਟਿੰਗ ਵਿੱਚ ਕੀਤਾ ਗਿਆ। ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਬੀਕੇਯੂ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸਨਅਤੀ ਮਜ਼ਦੂਰ ਆਗੂ ਹਰਜਿੰਦਰ ਸਿੰਘ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਠੇਕਾ ਮੁਲਾਜ਼ਮ ਆਗੂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ, ਪਵਨਦੀਪ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਪੰਨੂ, ਅਧਿਆਪਕ ਆਗੂ ਦਿਗਵਿਜੈ ਪਾਲ ਸ਼ਰਮਾ, ਬਿਜਲੀ ਕਾਮਿਆਂ ਦੇ ਆਗੂ ਕ੍ਰਿਸ਼ਨ ਸਿੰਘ ਔਲਖ ਨੇ ਕਿਹਾ ਕਿ ਇਹ ਵੋਟ ਦੰਗਲ ਲੋਕਾਂ ਨੂੰ ਵੰਡਣ ਤੇ ਭਰਮਾਉਣ ਲਈ ਹੈ। ਇਸ ਦੌਰਾਨ ਅਸਲ ਲੋਕ ਮੁੱਦਿਆਂ ਦੀ ਚਰਚਾ ਨਹੀਂ ਹੁੰਦੀ ਜਾਂ ਨਿਗੂਣੇ ਵਾਅਦਿਆਂ ਰਾਹੀਂ ਲੋਕਾਂ ਨੂੰ ਭਰਮਾਇਆ ਜਾਂਦਾ ਹੈ। ਆਗੂਆਂ ਨੇ ਕਿਹਾ ਕਿ ਮਾਰਚ ਮਹੀਨੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ 30 ਨੁਕਾਤੀ ਲੋਕ ਏਜੰਡੇ ਦੁਆਲੇ ਸੰਘਰਸ਼ਾਂ ਦਾ ਸਿਲਸਿਲਾ ਵਿੱਢਣ ਦਾ ਐਲਾਨ ਕੀਤਾ ਗਿਆ ਸੀ। ਇਸ ਲੋਕ ਏਜੰਡੇ ’ਚ ਪ੍ਰਮੁੱਖ ਮੁੱਦੇ ਨਿੱਜੀਕਰਨ ਵਪਾਰੀਕਰਨ ਵਾਲੀਆਂ ਨੀਤੀਆਂ ਰੱਦ ਕਰਨ, ਸੰਸਾਰ ਵਪਾਰ ਸੰਸਥਾ ਵਿਚੋਂ ਬਾਹਰ ਆਉਣ, ਕਿਸਾਨ-ਮਜ਼ਦੂਰ ਵਾਤਾਵਰਨ ਪੱਖੀ ਤੇ ਕਾਰਪੋਰੇਟ-ਜਗੀਰਦਾਰ ਵਿਰੋਧੀ ਖੇਤੀ ਨੀਤੀ ਲਿਆਉਣ, ਜ਼ਮੀਨੀ ਸੁਧਾਰ ਲਾਗੂ ਕਰਨ ਤੇ ਸੂਦਖੋਰੀ ਧੰਦੇ ਨੂੰ ਨੱਥ ਪਾਉਣ, ਠੇਕਾ ਭਰਤੀ ਦੀ ਨੀਤੀ ਰੱਦ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਐੱਮਐੱਸਪੀ ਦੀ ਸੰਵਿਧਾਨਕ ਗਾਰੰਟੀ ਤੇ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਤੇ ਕਾਲੇ ਕਾਨੂੰਨ ਰੱਦ ਕਰਨ ਵਰਗੇ ਮੁੱਦੇ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਸਾਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਇਨ੍ਹਾਂ ਮੁੱਦਿਆਂ ਬਾਰੇ ਚੁੱਪ ਹਨ ਕਿਉਂਕਿ ਉਹ ਜਿਸ ਲੋਕ ਦੋਖੀ ਤੇ ਸਾਮਰਾਜ ਪੱਖੀ ਵਿਕਾਸ ਮਾਡਲ ਨੂੰ ਲਾਗੂ ਕਰ ਰਹੀਆਂ ਹਨ ਇਹ ਮੁੱਦੇ ਉਸੇ ਮਾਡਲ ਦੀ ਦੇਣ ਹਨ। ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਲੇ ਲੋਕ ਦੋਖੀ ਮਾਡਲ ਨੂੰ ਹੀ ਅੱਗੇ ਵਧਾਇਆ ਹੈ। ਆਗੂਆਂ ਨੇ ਕਿਹਾ ਕਿ ਲੋਕ ਹੱਕਾਂ ਦੇ ਮਸਲੇ ਸੰਸਦ ਜਾਂ ਵਿਧਾਨ ਸਭਾ ਦੀ ਥਾਂ ਸੰਘਰਸ਼ ਤੇ ਏਕੇ ਦੇ ਜ਼ੋਰ ਨਾਲ ਹੱਲ ਹੁੰਦੇ ਹਨ। ਇਸ ਲਈ ਜਥੇਬੰਦੀਆਂ ਵੱਲੋਂ 26 ਦੀ ਰੈਲੀ ਕੀਤੀ ਜਾ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×