For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਸਖ਼ਤ: ਡੇਰਾ ਬਾਬਾ ਨਾਨਕ ਦਾ ਡੀਐੱਸਪੀ ਤਬਦੀਲ

05:52 AM Nov 13, 2024 IST
ਚੋਣ ਕਮਿਸ਼ਨ ਸਖ਼ਤ  ਡੇਰਾ ਬਾਬਾ ਨਾਨਕ ਦਾ ਡੀਐੱਸਪੀ ਤਬਦੀਲ
ਰਾਜਾ ਵੜਿੰਗ
Advertisement

* ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਨੂੰ ਨੋਟਿਸ
* 24 ਘੰਟਿਆਂ ’ਚ ਜਵਾਬ ਮੰਗਿਆ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 12 ਨਵੰਬਰ
ਚੋਣ ਕਮਿਸ਼ਨ ਨੇ ਪੰਜਾਬ ’ਚ ਚਾਰ ਵਿਧਾਨ ਸਭਾ ਸੀਟਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ’ਚ ਆਦਰਸ਼ ਚੋਣ ਜ਼ਾਬਤੇ ਨੂੰ ਅਮਲ ’ਚ ਲਿਆਉਣ ਲਈ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਤਰ੍ਹਾਂ ਚੋਣ ਪ੍ਰਚਾਰ ਸਿਖ਼ਰ ਵੱਲ ਵਧ ਰਿਹਾ ਹੈ, ਉਸੇ ਤਰ੍ਹਾਂ ਚਾਰੋਂ ਹਲਕਿਆਂ ’ਚੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਧਣ ਲੱਗੇ ਹਨ। ਚੋਣ ਕਮਿਸ਼ਨ ਨੇ ਅੱਜ ਡੇਰਾ ਬਾਬਾ ਨਾਨਕ ਹਲਕੇ ਦੇ ਡੀਐੱਸਪੀ ਜਸਵੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਉਸ ਦੀ ਥਾਂ ’ਤੇ ਡੀਐੱਸਪੀ ਜੋਗਾ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਉਸ ਖ਼ਿਲਾਫ਼ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ।

Advertisement

ਮਨਪ੍ਰੀਤ ਬਾਦਲ

ਡੀਐੱਸਪੀ ਆਪਣੀ ਡਿਊਟੀ ਨਿਭਾਉਣ ’ਚ ਨਾਕਾਮ ਰਿਹਾ ਸੀ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਏ ਸਨ ਕਿ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੂੰ ਗੈਂਗਸਟਰਾਂ ਵੱਲੋਂ ਧਮਕਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਦੀ ਹਦਾਇਤ ’ਤੇ ਗਿੱਦੜਬਾਹਾ ਦੇ ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਆਗੂਆਂ ਤੋਂ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਰਾਜਾ ਵੜਿੰਗ ਨੂੰ ਦੋ ਨੋਟਿਸ ਜਾਰੀ ਹੋਏ ਹਨ। ਨੋਟਿਸ ਅਨੁਸਾਰ ਰਾਜਾ ਵੜਿੰਗ ਨੇ ਹਲਕਾ ਗਿੱਦੜਬਾਹਾ ਦੀ ਮਸਜਿਦ ’ਚ ਧਾਰਮਿਕ ਭਾਵਨਾਵਾਂ ਭੜਕਾ ਕੇ ਵੋਟਰਾਂ ਤੋਂ ਵੋਟਾਂ ਦੀ ਮੰਗ ਕੀਤੀ, ਜੋ ਚੋਣ ਜ਼ਾਬਤੇ ਦੀ ਸਿੱਧੀ ਉਲੰਘਣਾ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਦੂਸਰਾ ਨੋਟਿਸ ਵੋਟਰਾਂ ਨੂੰ ਪੈਸਿਆਂ ਦਾ ਲਾਲਚ ਦਿੱਤੇ ਜਾਣ ਨਾਲ ਸਬੰਧਤ ਹੈ। ਇਸ ਬਾਰੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਮਨਪ੍ਰੀਤ ਸਿੰਘ ਬਾਦਲ ਨੂੰ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਮਨਪ੍ਰੀਤ ਨੇ ਨੌਜਵਾਨਾਂ ਨੂੰ ਪ੍ਰਚਾਰ ਦੌਰਾਨ ਨੌਕਰੀਆਂ ਦਾ ਲਾਲਚ ਦਿੱਤਾ ਹੈ। ਮਨਪ੍ਰੀਤ ਬਾਦਲ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਮਨਪ੍ਰੀਤ ਆਖ ਰਹੇ ਹਨ ਕਿ 18 ਤੋਂ 23 ਸਾਲ ਦੇ ਨੌਜਵਾਨਾਂ ਨੂੰ ਉਹ ਬੀਐੱਸਐੱਫ, ਆਈਟੀਬੀਪੀ ਅਤੇ ਸੀਆਰਪੀਐੱਫ ਤੋਂ ਇਲਾਵਾ ਰੇਲਵੇ ਵਿਚ ਭਰਤੀ ਕਰਾ ਦੇਣਗੇ। ਬਾਅਦ ਵਿਚ ਮਨਪ੍ਰੀਤ ਸਿੰਘ ਨੇ ਦਲੀਲ ਦਿੱਤੀ ਕਿ ਉਹ ਤਾਂ ਨੌਜਵਾਨਾਂ ਨੂੰ ਮਸ਼ਵਰਾ ਦੇ ਰਹੇ ਸਨ।

ਹੁਣ ਤੱਕ ਕਮਿਸ਼ਨ ਕੋਲ 65 ਸ਼ਿਕਾਇਤਾਂ ਪੁੱਜੀਆਂ

ਚੋਣ ਕਮਿਸ਼ਨ ਅਨੁਸਾਰ ਹੁਣ ਤੱਕ ਚਾਰ ਵਿਧਾਨ ਸਭਾ ਹਲਕਿਆਂ ’ਚੋਂ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ 65 ਦੇ ਕਰੀਬ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਗਿੱਦੜਬਾਹਾ ਅਤੇ ਹਲਕਾ ਡੇਰਾ ਬਾਬਾ ਨਾਨਕ ’ਚੋਂ ਜ਼ਿਆਦਾ ਸ਼ਿਕਾਇਤਾਂ ਮਿਲ ਰਹੀਆਂ ਹਨ। ਮੁੱਖ ਚੋਣ ਅਧਿਕਾਰੀ ਸੀ.ਸਿਬਿਨ ਨੇ ਕਿਹਾ ਕਿ ਅੱਜ ਇੱਕ ਡੀਐੱਸਪੀ ਦੇ ਤਬਾਦਲੇ ਦੇ ਹੁਕਮਾਂ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੰਜ ਛੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਚੋਂ ਸ਼ਿਕਾਇਤਾਂ ਵੱਧ ਆ ਰਹੀਆਂ ਹਨ।

Advertisement
Author Image

joginder kumar

View all posts

Advertisement