ਮੋਦੀ ਖ਼ਿਲਾਫ਼ ਸਖਤ ਕਾਰਵਾਈ ਕਰੇ ਚੋਣ ਕਮਿਸ਼ਨ: ਸੀਪੀਐੱਮ
ਨਵੀਂ ਦਿੱਲੀ, 16 ਨਵੰਬਰ
ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦ) ਨੇ ਅੱਜ ਇੱਥੇ ਕਿਹਾ ਕਿ ਚੋਣ ਕਮਿਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਵੋਟਰਾਂ ਨੂੰ ਕਿਹਾ ਕਿ ‘ਕਮਲ’ ਦਾ ਬਟਨ ਇਉਂ ਦਬਾਉਣਾ ਜਿਵੇਂ ਉਹ ਕਾਂਗਰਸ ਨੂੰ ‘ਮੌਤ ਦੀ ਸਜ਼ਾ’ ਦੇ ਰਹੇ ਹੋਣ। ਬਾੜਮੇਰ ਜ਼ਿਲ੍ਹੇ ਦੇ ਬੇਟੂ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐੱਮ) ਨੇ ਭ੍ਰਿਸ਼ਟਾਚਾਰ ਅਤੇ ਗੁਮਰਾਹਕੁਨ ਨੀਤੀਆਂ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜਸਥਾਨ ਵਿੱਚ ਸੱਤਾਧਾਰੀ ਕਾਂਗਰਸੀ ’ਤੇ ਨਿਸ਼ਾਨਾ ਸੇਧਿਆ। ਸੀਪੀਆਈ (ਐੱਮ) ਨੇ ਮੋਦੀ ਦੇ ਭਾਸ਼ਨ ਦੀ ਵੀਡੀਓ ‘ਐਕਸ’ ਉੱਤੇ ਸਾਂਝੀ ਕਰਦਿਆਂ ਕਿਹਾ, ‘‘ਚੋਣ ਕਮਿਸ਼ਨ ਨੂੰ ਖ਼ੁਦ ਨੋਟਿਸ ਲੈਣਾ ਚਾਹੀਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਇਸ ਘਿਣਾਉਣੇ ਬਿਆਨ ਲਈ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।’’ ਵੀਡੀਓ ਵਿੱਚ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਸੂਬਾਈ ਚੋਣਾਂ ਵਿੱਚ ਕਾਂਗਰਸ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਹੈ। ਮੋਦੀ ਨੇ ਕਿਹਾ, ‘‘ਤੁਹਾਨੂੰ ਉਨ੍ਹਾਂ ਨੂੰ ਸਜ਼ਾ ਦੇਣ ਦਾ ਮੌਕਾ ਮਿਲਿਆ ਹੈ। ਕਮਲ ਦੇ ਚਿੰਨ੍ਹ ਵਾਲਾ ਬਟਨ ਦਬਾਓ, ਤਾਂ ਕਿ ਉਨ੍ਹਾਂ ਦੀ ਸਜ਼ਾ ਯਕੀਨੀ ਹੋ ਸਕੇ। ਕਮਲ ਦੇ ਨਿਸ਼ਾਨ ਵਾਲੇ ਬਟਨ ਨੂੰ ਇਉਂ ਦਬਾਓ, ਜਿਵੇਂ ਤੁਸੀਂ ਉਨ੍ਹਾਂ ਨੂੰ ਫਾਂਸੀ ਦੇ ਰਹੇ ਹੋ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਕੋਈ ਵੀ ਤਿਉਹਾਰ ਸ਼ਾਂਤੀ ਨਾਲ ਨਹੀਂ ਮਨਾ ਕੇ ਦੇਖਿਆ। ਉਨ੍ਹਾਂ ਕਿਹਾ ਕਿ ਕਈ ਵਾਰ ਇਥੇ ਦੰਗੇ ਹੁੰਦੇ ਹਨ, ਕਈ ਵਾਰ ਪਥਰਾਅ ਹੁੰਦਾ ਹੈ ਤੇ ਕਈ ਵਾਰ ਕਰਫਿਊ ਲੱਗਦਾ ਹੈ। ਇਸ ਲਈ ਕਾਂਗਰਸ ਨੂੰ ਇਥੋਂ ਹਟਾਉਣਾ ਜ਼ਰੂਰੀ ਹੈ। -ਪੀਟੀਆਈ