ਯਮੁਨਾ ’ਚ ਜ਼ਹਿਰ ਦੇ ਦੋਸ਼ਾਂ ’ਤੇ ਚੋਣ ਕਮਿਸ਼ਨ ਨੇ ਕੇਜਰੀਵਾਲ ਤੋਂ ਮੁੜ ਸਫ਼ਾਈ ਮੰਗੀ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀਰਵਾਰ ਨੂੰ ਕਿਹਾ ਕਿ ਉਹ ਯਮੁਨਾ ’ਚ ਅਮੋਨੀਆ ਦੀ ਮਾਤਰਾ ਵਧਣ ਦੇ ਮੁੱਦੇ ਨੂੰ ਦਰਿਆ ਨੂੰ ਜ਼ਹਿਰੀਲਾ ਬਣਾਉਣ ਸਬੰਧੀ ਆਪਣੇ ਦੋਸ਼ਾਂ ਨਾਲ ਨਾ ਜੋੜਨ। ਉਨ੍ਹਾਂ ਹਰਿਆਣਾ ਸਰਕਾਰ ਖ਼ਿਲਾਫ਼ ਲਾਏ ਗਏ ਦੋਸ਼ਾਂ ’ਤੇ ਕੇਜਰੀਵਾਲ ਨੂੰ ਸਫ਼ਾਈ ਦੇਣ ਦਾ ਇਕ ਹੋਰ ਮੌਕਾ ਦਿੱਤਾ ਹੈ। ਕੇਜਰੀਵਾਲ ਦੇ ਬੁੱਧਵਾਰ ਦੇ ਜਵਾਬ ਤੋਂ ਅਸੰਤੁਸ਼ਟ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਯਮੁਨਾ ’ਚ ਜ਼ਹਿਰ ਦੀ ਕਿਸਮ, ਮਾਤਰਾ ਅਤੇ ਢੰਗ-ਤਰੀਕੇ ਬਾਰੇ ਸਪੱਸ਼ਟ ਜਵਾਬ ਦੇਣ ਅਤੇ ਤੱਥਾਂ ਦੇ ਆਧਾਰ ’ਤੇ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਦਿੱਲੀ ਜਲ ਬੋਰਡ ਦੇ ਮੁਲਾਜ਼ਮਾਂ ਵੱਲੋਂ ਜ਼ਹਿਰ ਦਾ ਪਤਾ ਲਾਏ ਜਾਣ ਦੇ ਮਾਮਲੇ ’ਚ ਇੰਜਨੀਅਰਾਂ, ਸਥਾਨ ਅਤੇ ਕਾਰਜ ਪ੍ਰਣਾਲੀ ਦਾ ਵੇਰਵਾ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਸਾਂਝਾ ਕਰਨ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਚੋਣ ਕਮਿਸ਼ਨ ਨੂੰ ਮਾਮਲੇ ’ਚ ਢੁੱਕਵਾਂ ਫ਼ੈਸਲਾ ਲੈਣ ਦੀ ਖੁੱਲ੍ਹ ਹੋਵੇਗੀ। ‘ਆਪ’ ਆਗੂ ਨੂੰ ਲਿਖੇ ਹਾਲੀਆ ਪੱਤਰ ’ਚ ਚੋਣ ਕਮਿਸ਼ਨ ਨੇ ਕਿਹਾ ਕਿ ਢੁੱਕਵਾਂ ਅਤੇ ਸਾਫ਼ ਪਾਣੀ ਮੁਹੱਈਆ ਕਰਾਉਣਾ ਸਰਕਾਰ ਦਾ ਫਰਜ਼ ਹੈ ਅਤੇ ਸਾਰੀਆਂ ਸਬੰਧਤ ਸਰਕਾਰਾਂ ਨੂੰ ਲੋਕਾਂ ਲਈ ਪਾਣੀ ਹਮੇਸ਼ਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਅਹਿਮ ਮੁੱਦੇ ਨੂੰ ਸਰਕਾਰਾਂ ਅਤੇ ਏਜੰਸੀਆਂ ’ਤੇ ਛੱਡਦੇ ਹਨ ਅਤੇ ਲੰਬੇ ਸਮੇਂ ਤੋਂ ਜਾਰੀ ਪਾਣੀਆਂ ਦੀ ਵੰਡ ਤੇ ਪ੍ਰਦੂਸ਼ਣ ਦੇ ਮੁੱਦਿਆਂ ’ਤੇ ਚੋਣਾਂ ਦੌਰਾਨ ਵਿਚਲੋਗੀ ਤੋਂ ਉਹ ਪਰਹੇਜ਼ ਕਰੇਗਾ। -ਪੀਟੀਆਈ