For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਨੂੰ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਵੋਟ’ ਉੱਤੇ ਇਤਰਾਜ਼

06:40 AM Apr 29, 2024 IST
ਚੋਣ ਕਮਿਸ਼ਨ ਨੂੰ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਵੋਟ’ ਉੱਤੇ ਇਤਰਾਜ਼
ਨਵੀਂ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੀ ਹੋਈ ‘ਆਪ’ ਨੇਤਾ ਆਤਿਸ਼ੀ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਅਪਰੈਲ
ਦਿੱਲੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਝਟਕਾ ਦਿੰਦਿਆਂ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਆਪਣੇ ਪ੍ਰਚਾਰ ਗੀਤ ਨੂੰ ਸੋਧਣ ਲਈ ਕਿਹਾ। ਚੋਣ ਪੈਨਲ ਨੇ ਕਿਹਾ ਕਿ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ਨਿਆਂਪਾਲਿਕਾ ’ਤੇ ਦੋਸ਼ ਲਗਾਉਂਦਾ ਹੈ ਤੇ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ।
ਚੋਣ ਪੈਨਲ ਨੇ ਕਿਹਾ ਕਿ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ” ਵਾਕੰਸ਼ ਇੱਕ ਹਮਲਾਵਰ ਭੀੜ ਨੂੰ ਦਰਸਾਉਂਦਾ ਹੈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਪਿੱਛੇ ਖੜ੍ਹੇ ਹੋਣ ਦੀ ਫੋਟੋ ਨੂੰ ਦਿਖਾਇਆ ਗਿਆ ਹੈ ਅਤੇ ਇਹ ਨਿਆਂਪਾਲਿਕਾ ’ਤੇ ਨੁਕਤਾਚੀਨੀ ਕਰਦਾ ਹੈ। ਇਸ ਤੋਂ ਇਲਾਵਾ ਇਹ ਵਾਕ ਇਸ਼ਤਿਹਾਰ ਵਿੱਚ ਕਈ ਵਾਰ ਪ੍ਰਗਟ ਹੁੰਦਾ ਹੈ, ਜੋ ਕੇਬਲ ਟੈਲੀਵਿਜ਼ਨ ਨੈਟਵਰਕ ਨਿਯਮ, 1994 ਤਹਿਤ ਨਿਰਧਾਰਤ ਪ੍ਰੋਗਰਾਮ ਅਤੇ ਵਿਗਿਆਪਨ ਕੋਡ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮ 6(1(ਜੀ) ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ। ਪੈਨਲ ਨੇ ‘ਆਪ’ ਨੂੰ ਕਿਹਾ ਕਿ ਉਹ ਲੋੜੀਂਦੀਆਂ ਤਬਦੀਲੀਆਂ ਕਰਨ ਮਗਰੋਂ ਗੀਤ ਨੂੰ ਪ੍ਰਮਾਣੀਕਰਨ ਲਈ ਜਮ੍ਹਾਂ ਕਰਾਉਣ। ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਭਾਜਪਾ ਦਾ ਸਿਆਸੀ ਹਥਿਆਰ ਬਣ ਚੁੱਕੇ ਚੋਣ ਕਮਿਸ਼ਨ ਨੇ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ’ਤੇ ਪਾਬੰਦੀ ਲਾ ਦਿੱਤੀ ਹੈ। ਆਤਿਸ਼ੀ ਨੇ ਕਿਹਾ ਕਿ ਇਹ ਤਾਨਾਸ਼ਾਹੀ ਸਰਕਾਰ ’ਚ ਹੀ ਹੁੰਦਾ ਹੈ ਕਿ ਵਿਰੋਧੀ ਧਿਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਪ੍ਰਚਾਰ ਗੀਤਾਂ ’ਤੇ ਪਾਬੰਦੀ ਨਾਲ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਤਾਨਾਸ਼ਾਹੀ ਹੋਣ ਦਾ ਇੱਕ ਹੋਰ ਸਬੂਤ ਦੇਸ਼ ਦੇ ਸਾਹਮਣੇ ਆ ਗਿਆ ਹੈ।’’
ਆਤਿਸ਼ੀ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਤੋਂ ਡਰਦੇ ਹਨ। ਸਭ ਤੋਂ ਪਹਿਲਾਂ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਕਿ ਉਹ ਲੋਕ ਸਭਾ ਚੋਣਾਂ ’ਚ ਪ੍ਰਚਾਰ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਤਾਨਾਸ਼ਾਹੀ ਸਰਕਾਰ ’ਚ ਹੀ ਹੁੰਦਾ ਹੈ ਜਿੱਥੇ ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ’ਚ ਡੱਕ ਦਿੱਤਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਂਦਾ ਹੈ। ਆਤਿਸ਼ੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਇੱਕ ਪੱਤਰ ਰਾਹੀਂ ‘ਆਪ’ ਦੇ ਪ੍ਰਚਾਰ ਗੀਤ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ ਕਿ ਚੋਣ ਕਮਿਸ਼ਨ ਨੇ ਕਿਸੇ ਵੀ ਪਾਰਟੀ ਦੇ ਪ੍ਰਚਾਰ ਗੀਤ ’ਤੇ ਪਾਬੰਦੀ ਲਗਾ ਦਿੱਤੀ ਹੋਵੇਗੀ, ਇਹ ਉਹੀ ਚੋਣ ਕਮਿਸ਼ਨ ਹੈ, ਜੋ ਇਹ ਨਹੀਂ ਦੇਖਦਾ ਕਿ ਭਾਜਪਾ ਹਰ ਰੋਜ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਉਨ੍ਹਾਂ ਕਿਹਾ, ‘‘ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ਗੀਤ ਵਿੱਚ ਕਿਤੇ ਵੀ ਭਾਜਪਾ ਦਾ ਨਾਮ ਨਹੀਂ ਹੈ ਪਰ ਭਾਰਤ ਦਾ ਚੋਣ ਕਮਿਸ਼ਨ ਕਹਿੰਦਾ ਹੈ ਕਿ ਜੇ ਤੁਸੀਂ ਤਾਨਾਸ਼ਾਹ ਦੀ ਗੱਲ ਕਰਦੇ ਹੋ ਤਾਂ ਇਹ ਸੱਤਾਧਾਰੀ ਪਾਰਟੀ ਦੀ ਆਲੋਚਨਾ ਹੈ। ਇਸ ਦਾ ਮਤਲਬ ਭਾਰਤ ਦਾ ਚੋਣ ਕਮਿਸ਼ਨ ਖੁਦ ਮੰਨਦਾ ਹੈ ਕਿ ਭਾਜਪਾ ਇਸ ਦੇਸ਼ ਵਿੱਚ ਤਾਨਾਸ਼ਾਹੀ ਚਲਾ ਰਹੀ ਹੈ।’’

Advertisement

ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ ਅੱਜ

ਨਵੀਂ ਦਿੱਲੀ: ਸੁਪਰੀਮ ਕੋਰਟ ਕਥਿਤ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ’ਤੇ ਭਲਕੇ 29 ਅਪਰੈਲ ਨੂੰ ਸੁਣਵਾਈ ਕਰੇਗਾ ਜਿਸ ਵਿੱਚ ਉਨ੍ਹਾਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦਾ ਬੈਂਚ ਇਸ ਮਾਮਲੇ ’ਤੇ ਸੁਣਵਾਈ ਕਰ ਸਕਦਾ ਹੈ। ਕੇਜਰੀਵਾਲ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਇਸ ਕੇਸ ’ਚ ਉਨ੍ਹਾਂ ਦੀ ‘ਗੈਰਕਾਨੂੰਨੀ ਗ੍ਰਿਫ਼ਤਾਰੀ’ ਆਜ਼ਾਦ ਤੇ ਨਿਰਪੱਖ ਚੋਣਾਂ ਅਤੇ ਲੋਕਤੰਤਰ ਦੇ ਸਿਧਾਤਾਂ ’ਤੇ ਵੱਡਾ ਹਮਲਾ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਦਾਇਰ ਈਡੀ ਦੇ ਜਵਾਬੀ ਹਲਫ਼ਨਾਮੇ ਦੇ ਜਵਾਬ ’ਚ ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਤਰੀਕੇ ਤੇ ਸਮੇਂ ਤੋਂ ਏਜੰਸੀ ਦੀ ‘ਮਨਮਰਜ਼ੀ’ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×