ਚੋਣ ਕਮਿਸ਼ਨ ‘ਪਿੰਜਰੇ ਵਿੱਚ ਬੰਦ ਤੋਤਾ’: ਰਾਊਤ
ਮੁੰਬਈ, 19 ਨਵੰਬਰ
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ ਭਾਰਤੀ ਚੋਣ ਕਮਿਸ਼ਨ ‘ਪਿੰਜਰੇ ’ਚ ਬੰਦ ਤੋਤਾ’ ਤੇ ਇੱਕ ਦਿਖਾਵਾ ਬਣ ਕੇ ਰਹਿ ਗਿਆ ਹੈ ਅਤੇ ਉਨ੍ਹਾਂ ਉਸ ’ਤੇ ਭਾਜਪਾ ਦੇ ਕੰਮਾਂ ਪ੍ਰਤੀ ਅੱਖਾਂ ਬੰਦ ਕਰਨ ਦਾ ਦੋਸ਼ ਲਾਇਆ। ਸ਼ਿਵ ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਆਪਣੇ ਹਫ਼ਤਾਵਾਰੀ ਕਾਲਮ ‘ਰੋਖਠੋਕ’ ਵਿੱਚ ਰਾਊਤ ਨੇ ਭਾਜਪਾ ’ਤੇ ਪੰਜ ਰਾਜਾਂ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਉੱਥੇ ਆਧਾਰ ਗੁਆਉਣ ਦੇ ਬਾਵਜੂਦ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਧਾਰਮਿਕ ਪ੍ਰਚਾਰ ਦਾ ਸਹਾਰਾ ਲੈਣ ਦਾ ਵੀ ਦੋਸ਼ ਲਾਇਆ। ਰਾਊਤ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿਛਲੇ ਹਫ਼ਤੇ ਮੱਧ ਪ੍ਰਦੇਸ਼ ’ਚ ਦਿੱਤੇ ਗਏ ਉਸ ਬਿਆਨ ਦੀ ਵੀ ਆਲੋਚਨਾ ਕੀਤੀ ਜਿਸ ’ਚ ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਭਾਜਪਾ ਸੱਤਾ ’ਚ ਬਣੀ ਰਹਿੰਦੀ ਹੈ ਤਾਂ ਉਹ ਅਯੁੱਧਿਆ ’ਚ ਰਾਮ ਮੰਦਰ ਲਈ ਸਰਕਾਰ ਵੱਲੋਂ ਯਾਤਰਾਵਾਂ ਕਰਵਾਏਗੀ। ਰਾਜ ਸਭਾ ਮੈਂਬਰ ਨੇ ਦੋਸ਼ ਲਾਇਆ ਕਿ ਜੇਕਰ ਅਜਿਹਾ ਬਿਆਨ ਕਿਸੇ ਕਾਂਗਰਸ ਆਗੂ ਨੇ ਦਿੱਤਾ ਹੁੰਦਾ ਤਾਂ ਈਡੀ ਦੀ ਤਰ੍ਹਾਂ ਚੋਣ ਕਮਿਸ਼ਨ ਵੀ ਵਾਰੰਟ ਨਾਲ ਦਰਵਾਜ਼ੇ ’ਤੇ ਖੜ੍ਹਾ ਹੁੰਦਾ। ਰਾਊਤ ਨੇ ਕਿਹਾ, ‘(ਸਾਬਕਾ ਮੁੱਖ ਚੋਣ ਕਮਿਸ਼ਨਰ) ਟੀਐੱਨ ਸ਼ੇਸ਼ਨ ਨੇ ਆਪਣੇ ਕਾਰਜਕਾਲ ਦੌਰਾਨ ਦਿਖਾਇਆ ਕਿ ਚੋਣ ਕਮਿਸ਼ਨ ਨੂੰ ਦਹਾੜਨ ਦੀ ਵੀ ਲੋੜ ਨਹੀਂ, ਉਸ ਨੇ ਬੱਸ ਪੂਛ ਹਿਲਾਉਣੀ ਹੈ ਤੇ ਇਸ ਨਾਲ ਸਾਰੀਆਂ ਸਿਆਸੀ ਪਾਰਟੀਆਂ ’ਚ ਡਰ ਪੈਦਾ ਹੋਵੇਗਾ। ਚੋਣ ਕਮਿਸ਼ਨ ਦਿਖਾਵਾ ਬਣ ਗਿਆ ਹੈ।’ ਉਨ੍ਹਾਂ ਕਿਹਾ, ‘ਜੋ ਕੁਝ ਵੀ ਹੋਇਆ (ਪੰਜ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤਿਲੰਗਾਨਾ ਤੇ ਮਿਜ਼ੋਰਮ ’ਚ ਚੋਣ ਪ੍ਰਚਾਰ ਦੌਰਾਨ), ਨੇ ਸਾਬਤ ਕਰ ਦਿੱਤਾ ਹੈ ਕਿ ਚੋਣ ਕਮਿਸ਼ਨ ਪਿੰਜਰੇ ’ਚ ਬੰਦ ਤੋਤਾ ਬਣ ਗਿਆ ਹੈ।’ -ਪੀਟੀਆਈ