For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਵੱਲੋਂ ਜਲੰਧਰ ਤੇ ਲੁਧਿਆਣਾ ਦੇ ਨਵੇਂ ਪੁਲੀਸ ਕਮਿਸ਼ਨਰ ਨਿਯੁਕਤ

06:37 AM May 23, 2024 IST
ਚੋਣ ਕਮਿਸ਼ਨ ਵੱਲੋਂ ਜਲੰਧਰ ਤੇ ਲੁਧਿਆਣਾ ਦੇ ਨਵੇਂ ਪੁਲੀਸ ਕਮਿਸ਼ਨਰ ਨਿਯੁਕਤ
ਨਿਲਾਭ ਕਿਸ਼ੋਰ
Advertisement

* ਉੱਚ ਪੱਧਰੀ ਸ਼ਿਕਾਇਤ ਦੇ ਆਧਾਰ ’ਤੇ ਹੋਈ ਕਾਰਵਾਈ
* ਨਿਲਾਭ ਕਿਸ਼ੋਰ ਨੂੰ ਲੁਧਿਆਣਾ ਅਤੇ ਰਾਹੁਲ ਐੱਸ ਨੂੰ ਜਲੰਧਰ ਕੀਤਾ ਤਾਇਨਾਤ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 22 ਮਈ
ਭਾਰਤੀ ਚੋਣ ਕਮਿਸ਼ਨ ਨੇ ਅੱਜ ਉੱਚ ਪੱਧਰੀ ਸ਼ਿਕਾਇਤ ਦੇ ਅਧਾਰ ’ਤੇ ਲੁਧਿਆਣਾ ਅਤੇ ਜਲੰਧਰ ਦੇ ਪੁਲੀਸ ਕਮਿਸ਼ਨਰਾਂ ਨੂੰ ਮੌਜੂਦਾ ਅਹੁਦਿਆਂ ਤੋਂ ਹਟਾ ਦਿੱਤਾ ਹੈ। ਇਨ੍ਹਾਂ ਦੋਵੇਂ ਪੁਲੀਸ ਅਧਿਕਾਰੀਆਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ-ਚੋਣ ਡਿਊਟੀ ’ਤੇ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਗਰੋਂ ਉਨ੍ਹਾਂ ਦੀ ਜਗ੍ਹਾ ’ਤੇ ਨਿਲਾਭ ਕਿਸ਼ੋਰ ਨੂੰ ਲੁਧਿਆਣਾ ਅਤੇ ਰਾਹੁਲ ਐੱਸ ਨੂੰ ਜਲੰਧਰ ਦਾ ਪੁਲੀਸ ਕਮਿਸ਼ਨਰ ਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਨੇ ਜਲੰਧਰ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਆਈਪੀਐੱਸ ਅਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਆਈਪੀਐੱਸ ਨੂੰ ਮੌਜੂਦਾ ਅਹੁਦਿਆਂ ਤੋਂ ਟਰਾਂਸਫ਼ਰ ਕਰ ਕੇ ਗੈਰ ਚੋਣ ਡਿਊਟੀ ’ਤੇ ਤਾਇਨਾਤ ਕੀਤਾ ਹੈ। ਚੋਣ ਕਮਿਸ਼ਨ ਨੇ ਮੁੱਖ ਸਕੱਤਰ ਪੰਜਾਬ ਨੂੰ ਇਹ ਕਾਰਵਾਈ ਅਮਲ ਵਿਚ ਲਿਆਉਣ ਲਈ ਕਿਹਾ ਹੈ। ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਪੁਲੀਸ ਅਧਿਕਾਰੀਆਂ ਦੀ ਥਾਂ ਨਵੇਂ ਅਧਿਕਾਰੀ ਤਾਇਨਾਤ ਕਰਨ ਬਾਰੇ ਮੁੱਖ ਸਕੱਤਰ ਪੰਜਾਬ ਤੋਂ ਅਫ਼ਸਰਾਂ ਦੇ ਪੈੱਨਲ ਮੰਗੇ ਗਏ ਸਨ। ਪਤਾ ਲੱਗਾ ਹੈ ਕਿ ਪੰਜਾਬ ਗ੍ਰਹਿ ਵਿਭਾਗ ਨੇ ਛੇ ਆਈਪੀਐੱਸ ਅਫਸਰਾਂ ਦੇ ਦੋ ਪੈੱਨਲ ਚੋਣ ਕਮਿਸ਼ਨ ਨੂੰ ਭੇਜ ਦਿੱਤੇ ਸਨ। ਚੋਣ ਪ੍ਰਕਿਰਿਆ ਇਸ ਵੇਲੇ ਸਿਖਰ ਵੱਲ ਵਧ ਰਹੀ ਹੈ ਅਤੇ ਪੰਜਾਬ ਵਿੱਚ ਕੌਮੀ ਆਗੂਆਂ ਦੀ ਆਮਦ ਹੋਣ ਲੱਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਮਈ ਨੂੰ ਜਲੰਧਰ ਸੰਸਦੀ ਹਲਕੇ ਵਿੱਚ ਚੋਣ ਰੈਲੀ ਵੀ ਹੈ। ਅਹਿਮ ਸੂਤਰ ਦੱਸਦੇ ਹਨ ਕਿ ਉਪਰੋਕਤ ਦੋਵੇਂ ਪੁਲੀਸ ਅਧਿਕਾਰੀਆਂ ਦੀ ਉੱਚ ਪੱਧਰ ’ਤੇ ਹੀ ਕੋਈ ਸ਼ਿਕਾਇਤ ਹੋਈ ਹੈ ਜਿਸ ਬਾਰੇ ਹੇਠਲੇ ਚੋਣ ਅਧਿਕਾਰੀ ਵੀ ਅਣਜਾਣ ਹਨ। ਇਹ ਸ਼ਿਕਾਇਤ ਸਿੱਧੀ ਭਾਰਤੀ ਚੋਣ ਕਮਿਸ਼ਨ ਕੋਲ ਹੀ ਹੋਈ ਹੈ। ਬਿਨਾਂ ਕਿਸੇ ਸ਼ਿਕਾਇਤ ਦਾ ਹਵਾਲਾ ਦਿੱਤੇ ਚੋਣ ਕਮਿਸ਼ਨ ਨੇ ਇਨ੍ਹਾਂ ਅਧਿਕਾਰੀਆਂ ਨੂੰ ਟਰਾਂਸਫ਼ਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਇਹ ਦੋਵੇਂ ਪੁਲੀਸ ਅਧਿਕਾਰੀ ‘ਆਪ’ ਸਰਕਾਰ ਦੇ ਖ਼ਾਸ ਮੰਨੇ ਜਾਂਦੇ ਸਨ।

Advertisement
Author Image

joginder kumar

View all posts

Advertisement
Advertisement
×