For the best experience, open
https://m.punjabitribuneonline.com
on your mobile browser.
Advertisement

ਚੋਣ ਜ਼ਾਬਤਾ: ਸਿਆਸੀ ਇਸ਼ਤਿਹਾਰਬਾਜ਼ੀ ਖ਼ਿਲਾਫ਼ ਸਖ਼ਤ ਹੋਇਆ ਚੋਣ ਕਮਿਸ਼ਨ

08:02 AM Mar 18, 2024 IST
ਚੋਣ ਜ਼ਾਬਤਾ  ਸਿਆਸੀ ਇਸ਼ਤਿਹਾਰਬਾਜ਼ੀ ਖ਼ਿਲਾਫ਼ ਸਖ਼ਤ ਹੋਇਆ ਚੋਣ ਕਮਿਸ਼ਨ
ਬਠਿੰਡਾ ਸ਼ਹਿਰ ’ਚ ਉਤਾਰੇ ਗਏ ਇੱਕ ਫ਼ਲੈਕਸ ਦਾ ਦਿ੍ਰਸ਼।
Advertisement

ਸ਼ਗਨ ਕਟਾਰੀਆ
ਬਠਿੰਡਾ, 17 ਮਾਰਚ
ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਹਿੱਤ ਪ੍ਰਸ਼ਾਸਨ ਵੱਲੋਂ ਚੌਕਾਂ, ਸੜਕਾਂ, ਬਾਜ਼ਾਰਾਂ, ਸਰਕਾਰੀ ਇਮਾਰਤਾਂ ਅਤੇ ਹੋਰ ਜਨਤਕ ਥਾਵਾਂ ਤੋਂ ਸਿਆਸੀ ਪ੍ਰਚਾਰ ਵਾਲੇ ਹੋਰਡਿੰਗ ਤੇਜ਼ੀ ਨਾਲ ਹਟਾਏ ਜਾ ਰਹੇ ਹਨ। ਹੋਰਡਿੰਗ ਉਤਾਰੇ ਜਾਣ ਤੋਂ ਬਾਅਦ ਜਨਤਕ ਥਾਵਾਂ ਬੇ-ਰੌਣਕ ਮਹਿਸੂਸ ਹੋਣ ਲੱਗੀਆਂ ਹਨ। ਕਈ ਫ਼ਲੈਕਸ ਤਾਂ ਇੰਨੇ ਪੁਰਾਣੇ ਸਨ, ਜੋ ਦਸਹਿਰੇ, ਦੀਵਾਲੀ ਦੀਆਂ ਵਧਾਈਆਂ ਦੇਣ ਵਾਲਿਆਂ ਨੇ ਲਾਏ ਸਨ। ਇਹ ਅਕਤੂਬਰ-ਨਵੰਬਰ ਮਹੀਨੇ ਦੇ ਲੱਗੇ ਹੋਏ ਸਨ। ਕੁਝ ਨਵੇਂ ਸਾਲ, ਲੋਹੜੀ ਅਤੇ ਮਾਘੀ ਦੀ ਮੁਬਾਰਕਬਾਦ ਦੇ ਸਨ। ਕਾਫੀ ਗਿਣਤੀ ’ਚ ਤਾਜ਼ਾ ਫ਼ਲੈਕਸ ਲੋਕ ਸਭਾ ਚੋਣ ਉਤਸਵ ਨਾਲ ਸਬੰਧਤ ਸਨ। ਇਹ ਟਿਕਟ ਦੇ ਦਾਅਵੇਦਾਰਾਂ ਵੱਲੋਂ ਪ੍ਰਦਰਸ਼ਿਤ ਕੀਤੇ ਗਏ ਸਨ। ਅਜਿਹੇ ਫ਼ਲੈਕਸਾਂ ਦੀ ਗਿਣਤੀ ਦਾ ਅਨੁਪਾਤ ਵੱਧ-ਘੱਟ ਹੋ ਸਕਦਾ ਹੈ ਪਰ ਹਰ ਪ੍ਰਮੁੱਖ ਸਿਆਸੀ ਪਾਰਟੀ ਦੇ ਨੇਤਾਵਾਂ ਵੱਲੋਂ ਇਹ ਲੁਆਏ ਹੋਏ ਸਨ। ਅਨੇਕਾਂ ਹੋਰਡਿੰਗ ਸਰਕਾਰਾਂ ਦੀਆਂ ਪ੍ਰਾਪਤੀਆਂ ਦੇ ਲੱਗੇ ਹੋਏ ਸਨ ਜੋ ਫਟਾਫਟ ਉਤਾਰ ਦਿੱਤੇ ਗਏ। ਸਰਕਾਰੀ ਇਮਾਰਤਾਂ ’ਚੋਂ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ ਅਤੇ ਸਿਆਸੀ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੀ ਲਾਹੇ ਜਾਣ ਦੀ ਸੂਚਨਾ ਹੈ। ਦਿਲਚਸਪ ਪੱਖ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣਾ ਉਮੀਦਵਾਰ ਐਲਾਨਣ ਕਰਕੇ ਇਸ ਪਾਰਟੀ ਦੇ ਹੋਰਨਾਂ ਦਾਅਵੇਦਾਰਾਂ ਨੂੰ ਬੋਰਡ ਲਾਹੇ ਜਾਣ ਦਾ ਸ਼ਾਇਦ ਓਨਾ ਰੰਜ਼ ਨਾ ਹੋਵੇ, ਜਿੰਨਾ ਬਾਕੀ ਪਾਰਟੀਆਂ ਦੇ ਲਾਈਨ ’ਚ ਲੱਗੇ ਚਾਹਵਾਨਾਂ ਨੂੰ ਹੋਇਆ ਹੈ। ਉਨ੍ਹਾਂ ਦੀ ਪ੍ਰੇਸ਼ਾਨੀ ਹੈ ਕਿ ਪੰਜਾਬ ’ਚ ਸਭ ਤੋਂ ਅਖੀਰਲੇ ਸੱਤਵੇਂ ਗੇੜ ’ਚ 1 ਜੂਨ ਨੂੰ ਚੋਣਾਂ ਹੋਣਾਂ ਹੋਣੀਆਂ ਹਨ। ਇਸ ਅਰਸੇ ’ਚ ਢਾਈ ਮਹੀਨੇ ਬਕਾਇਆ ਹਨ। ਸਮਾਂ ਦੂਰ ਹੋਣ ਕਰਕੇ ਪੰਜਾਬ ਦੇ ਸਿਆਸੀ ਦਲਾਂ ਨੂੰ ਆਪਣੇ ਉਮੀਦਵਾਰ ਐਲਾਨਣ ਦੀ ਕੋਈ ਕਾਹਲ ਨਹੀਂ ਪਰ ਚੌਕਾਂ ’ਚ ਆਪਣੇ ਚਿਹਰਿਆਂ ਨੂੰ ਹੋਰਡਿੰਗਾਂ ’ਤੇ ਪ੍ਰਦਰਸ਼ਿਤ ਕਰਨ ਵਾਲੇ ਆਗੂਆਂ ਦੀ ਲਾਲਸਾ ਅਤੇ ਲੰਮੇਰੀ ਚੋਣਾਵੀ ਉਡੀਕ, ਇਕ-ਦੂਜੇ ਦੀਆਂ ਵਿਪਰੀਤ ਹੋ ਨਿੱਬੜੀਆਂ ਹਨ। ਉੱਧਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਚੋਣ ਜ਼ਾਬਤੇ ਦੀਆਂ ਮਦਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਆਪਣੇ ਮਾਤਹਿਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਜ਼ਾਬਤੇ ਦੀ ਉਲੰਘਣਾ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

sanam grng

View all posts

Advertisement
Advertisement
×