For the best experience, open
https://m.punjabitribuneonline.com
on your mobile browser.
Advertisement

ਚੋਣ ਜ਼ਾਬਤਾ: ਪੰਜਾਬ ਬਣਿਆ ਪੋਸਟਰ ਤੇ ਬੈਨਰ ਮੁਕਤ

07:10 AM Mar 20, 2024 IST
ਚੋਣ ਜ਼ਾਬਤਾ  ਪੰਜਾਬ ਬਣਿਆ ਪੋਸਟਰ ਤੇ ਬੈਨਰ ਮੁਕਤ
ਲੁਧਿਆਣਾ ਵਿੱਚ ਬੈਨਰ ਉਤਾਰਦੇ ਹੋਏ ਐੱਨਫੋਰਸਮੈਂਟ ਵਿਭਾਗ ਦੇ ਕਾਮੇ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਾਰਚ
ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਤਹਿਤ ਪੰਜਾਬ ਨੂੰ ਬੈਨਰ ਤੇ ਪੋਸਟਰ ਮੁਕਤ ਬਣਾ ਦਿੱਤਾ ਹੈ। ਦੋ ਦਿਨਾਂ ’ਚ 15653 ਪੋਸਟਰ ਅਤੇ 7511 ਬੈਨਰ ਹਟਾਏ ਗਏ ਹਨ। ਸੂਬੇ ਵਿਚੋਂ 24,433 ਕੰਧ ਲਿਖਤਾਂ ਅਤੇ ਇਸੇ ਤਰ੍ਹਾਂ 23,916 ਹੋਰ ਜਾਇਦਾਦਾਂ ’ਤੇ ਲਿਖੇ ਨਾਅਰੇ ਆਦਿ ਵੀ ਮਿਟਾਏ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਬਿਿਨ ਸੀ ਨੇ ਅੱਜ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਉਪਰੋਕਤ ਵੇਰਵੇ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਦਸ ਜ਼ਿਲ੍ਹਿਆਂ ਵਿਚ ਅੰਤਰਰਾਜੀ ਨਾਕੇਬੰਦੀ ਕੀਤੀ ਗਈ ਹੈ। ਨਾਕਿਆਂ ’ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਲੋੜੀਂਦੇ ਉਪਕਰਨਾਂ ਨਾਲ ਲੈਸ ਫਲਾਇੰਗ ਸਕੁਐਡ ਅੰਤਰ-ਜ਼ਿਲ੍ਹਾ ਚੌਕੀਆਂ ’ਤੇ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੀ-ਵਿਜਿਲ ਐਪ ਰਾਹੀਂ 119 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 86 ਜਾਇਜ਼ ਪਾਈਆਂ ਗਈਆਂ ਹਨ। ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਸੂਬੇ ਦੇ 24,433 ਪੋਲਿੰਗ ਸਟੇਸ਼ਨਾਂ ਵਿੱਚੋਂ 2,416 ਨੂੰ ਹੁਣ ਤੱਕ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ। ਸਾਰੇ ਪੋਲਿੰਗ ਸਟੇਸ਼ਨਾਂ ਦੀ ਕੇਂਦਰੀਕ੍ਰਿਤ ਨਿਗਰਾਨੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 12,000 ਪੋਲਿੰਗ ਸਟੇਸ਼ਨਾਂ ਉੱਤੇ ਖ਼ਾਸ ਫੋਕਸ ਕੀਤਾ ਜਾ ਰਿਹਾ ਹੈ, ਜਿੱਥੇ ਮਤਦਾਨ ਰਾਸ਼ਟਰੀ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਨਾਲੋਂ 2019 ਵਿੱਚ ਔਸਤ ਨਾਲੋਂ ਘੱਟ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੋਲਿੰਗ ਸਟੇਸ਼ਨਾਂ ’ਤੇ ਪੀਣ ਵਾਲੇ ਪਾਣੀ, ਪਖਾਨੇ, ਦਿਸ਼ਾ ਸੂਚਕ, ਰੈਂਪ/ਵ੍ਹੀਲ ਚੇਅਰ, ਹੈਲਪ ਡੈਸਕ, ਵੋਟਰ ਸੁਵਿਧਾ ਕੇਂਦਰ, ਲੋੜੀਂਦੀ ਰੌਸ਼ਨੀ ਅਤੇ ਸ਼ੈੱਡ ਦੀ ਸਹੂਲਤ ਨੂੰ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ 1 ਮਾਰਚ, 2024 ਤੱਕ ਪੰਜਾਬ ਵਿੱਚ ਕੁੱਲ 2,12,71,246 ਵੋਟਰ ਹਨ ਅਤੇ ਡੁਪਲੀਕੇਟ ਵੋਟ ਨੂੰ ਰੋਕਣ ਲਈ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੁਧਾਈ ਦੌਰਾਨ ਵਿਸ਼ੇਸ਼ ਯਤਨ ਕੀਤੇ ਗਏ ਹਨ। ਵੋਟਰ ਸੂਚੀ ਸੁਧਾਈ ਦੇ ਹਰ ਪੜਾਅ ’ਤੇ ਰਾਜਨੀਤਕ ਪਾਰਟੀਆਂ ਨਾਲ ਨਿਯਮਤ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਇਤਰਾਜ਼ ਦੇਣ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਸਬਿਿਨ ਸੀ ਨੇ ਕਿਹਾ ਕਿ ਮੀਡੀਆ ਦੇ ਸਹਿਯੋਗ ਨਾਲ ਹੀ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹੀਆਂ ਜਾ ਸਕਣਗੀਆਂ।

Advertisement

Advertisement
Author Image

joginder kumar

View all posts

Advertisement
Advertisement
×