For the best experience, open
https://m.punjabitribuneonline.com
on your mobile browser.
Advertisement

ਚੋਣ ਜ਼ਾਬਤਾ: ਪੰਜਾਬ ਭਰ ’ਚੋਂ 19 ਹਜ਼ਾਰ ਬੈਨਰ ਤੇ ਪੋਸਟਰ ਹਟਾਏ

06:57 AM Mar 18, 2024 IST
ਚੋਣ ਜ਼ਾਬਤਾ  ਪੰਜਾਬ ਭਰ ’ਚੋਂ 19 ਹਜ਼ਾਰ ਬੈਨਰ ਤੇ ਪੋਸਟਰ ਹਟਾਏ
ਅੰਮ੍ਰਿਤਸਰ ਵਿੱਚ ਫਲੈਕਸ ਉਤਾਰ ਕੇ ਲਿਜਾਂਦਾ ਹੋਇਆ ਨਗਰ ਨਿਗਮ ਦਾ ਇਕ ਮੁਲਾਜ਼ਮ। -ਫੋਟੋ: ਵਿਸ਼ਾਲ ਕੁਮਾਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 17 ਮਾਰਚ
ਚੋਣ ਜ਼ਾਬਤਾ ਲਾਗੂ ਹੁੰਦੇ ਹੀ ਅੱਜ ਪੰਜਾਬ ਭਰ ’ਚੋਂ ਸਰਕਾਰੀ ਤੇ ਜਨਤਕ ਥਾਵਾਂ ’ਤੇ ਲੱਗੇ ਕਰੀਬ 19 ਹਜ਼ਾਰ ਫਲੈਕਸ, ਬੈਨਰ ਅਤੇ ਪੋਸਟਰ ਉਤਾਰ ਦਿੱਤੇ ਗਏ ਹਨ ਜਿਨ੍ਹਾਂ ’ਤੇ ਮੁੱਖ ਮੰਤਰੀ, ਵਜ਼ੀਰਾਂ ਅਤੇ ਸਿਆਸੀ ਆਗੂਆਂ ਦੀਆਂ ਤਸਵੀਰਾਂ ਸਨ। ਚੋਣ ਕਮਿਸ਼ਨ ਦੇ ਹੁਕਮਾਂ ’ਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ 24 ਘੰਟੇ ਦੇ ਅੰਦਰ-ਅੰਦਰ ਸਰਕਾਰੀ ਦਫ਼ਤਰਾਂ ਆਦਿ ਤੋਂ ਸਿਆਸੀ ਨਾਅਰੇ ਤੇ ਪੋਸਟਰਾਂ ਆਦਿ ਨੂੰ ਉਤਾਰਿਆ ਜਾਣਾ ਹੁੰਦਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਫ਼ਤਰ ਕੋਲ ਸੂਬੇ ਭਰ ’ਚੋਂ ਚੋਣ ਜ਼ਾਬਤੇ ਦੀ ਪਾਲਣਾ ਦੀ ਪਹਿਲੀ ਰਿਪੋਰਟ ਪੁੱਜੀ ਹੈ।
ਮਿਲੇ ਵੇਰਵਿਆਂ ਅਨੁਸਾਰ ਚੋਣ ਪ੍ਰਸ਼ਾਸਨ ਨੇ ਪੰਜਾਬ ਭਰ ਵਿੱਚ ਸਰਕਾਰੀ ਤੇ ਜਨਤਕ ਸੰਪਤੀ ’ਤੇ 21,878 ਫਲੈਕਸਾਂ, ਪੋਸਟਰਾਂ, ਬੈਨਰਾਂ ਅਤੇ ਨਾਅਰਿਆਂ ਆਦਿ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ’ਚੋਂ 18,645 ਫਲੈਕਸਾਂ ਆਦਿ ਨੂੰ ਉਤਾਰ ਦਿੱਤਾ ਗਿਆ ਹੈ। ਸ਼ਹਿਰਾਂ ਵਿੱਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਤਹਬਿਾਜ਼ਾਰੀ ਵਿੰਗ ਨੇ ਅੱਜ ਪੂਰਾ ਦਿਨ ਚੋਣ ਅਫਸਰਾਂ ਦੀ ਅਗਵਾਈ ਵਿੱਚ ਮੁਹਿੰਮ ਚਲਾਈ ਹੈ। ਲੁਧਿਆਣਾ ਸ਼ਹਿਰ ਵਿੱਚ ਇੱਕ ਸਾਬਕਾ ਕੌਂਸਲਰ ਅਤੇ ਉਸ ਦੇ ਪਰਿਵਾਰ ਨੇ ਇਸ ਮੁਹਿੰਮ ’ਤੇ ਇਤਰਾਜ਼ ਵੀ ਖੜ੍ਹੇ ਕੀਤੇ ਹਨ। ਇਸੇ ਤਰ੍ਹਾਂ ਪ੍ਰਾਈਵੇਟ ਸੰਪਤੀਆਂ ’ਤੇ 4026 ਪੋਸਟਰਾਂ, ਬੈਨਰਾਂ ਅਤੇ ਫਲੈਕਸਾਂ ਆਦਿ ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ’ਚੋਂ 3541 ਫਲੈਕਸਾਂ ਆਦਿ ਨੂੰ ਉਤਾਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕਈ ਸ਼ਹਿਰਾਂ ਵਿੱਚ ਕੀਤੀ ਗਈ ਸਰਕਾਰ-ਵਪਾਰ ਮਿਲਣੀ ਦੇ ਫਲੈਕਸ ਕਈ ਸ਼ਹਿਰਾਂ ਵਿੱਚ ਮੌਜੂਦ ਸਨ ਜਿਨ੍ਹਾਂ ਨੂੰ ਅੱਜ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਜ਼ੀਰਾਂ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਤੋਂ ਵੀ ਸਿਆਸੀ ਆਗੂਆਂ ਦੀਆਂ ਤਸਵੀਰਾਂ ਨੂੰ ਹਟਾਇਆ ਗਿਆ ਹੈ।
ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਚੋਣ ਜ਼ਾਬਤੇ ਦੇ ਪਹਿਲੇ 24 ਘੰਟਿਆਂ ਦੇ ਅੰਦਰ-ਅੰਦਰ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ’ਚੋਂ ਸਿਆਸੀ ਬੈਨਰ ਅਤੇ ਪੋਸਟਰ ਆਦਿ ਉਤਾਰ ਦਿੱਤੇ ਗਏ ਹਨ ਅਤੇ ਹੁਣ ਜਨਤਕ ਸੰਪਤੀ ਤੋਂ ਸਿਆਸੀ ਪੋਸਟਰ ਆਦਿ ਹਟਾਉਣ ਦਾ ਕੰਮ 48 ਘੰਟਿਆਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੋਡਲ ਅਫਸਰਾਂ ਦੀਆਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਕੰਟਰੋਲ ਰੂਮ ਤੇ ਸ਼ਿਕਾਇਤ ਸੈੱਲ ਸਥਾਪਤ ਕਰ ਦਿੱਤੇ ਗਏ ਹਨ। ਮੋਗਾ ਜ਼ਿਲ੍ਹੇ ਵਿੱਚ ਕਰੀਬ 700 ਬੈਨਰਾਂ ਤੇ ਫਲੈਕਸਾਂ ਆਦਿ ਦੀ ਸ਼ਨਾਖਤ ਕਰ ਕੇ ਕਾਰਵਾਈ ਕੀਤੀ ਗਈ ਹੈ। ਵੇਰਵਿਆਂ ਅਨੁਸਾਰ ਸਰਕਾਰੀ ਕੈਲੰਡਰਾਂ ’ਤੇ ਛਪੀਆਂ ਮੁੱਖ ਮੰਤਰੀ ਦੀਆਂ ਤਸਵੀਰਾਂ ’ਤੇ ਪਰਦਾ ਪਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਿੱਥੇ ਕਿਤੇ ਖਾਸ ਕਰ ਕੇ ਜਨਤਕ ਤੇਲ ਕੰਪਨੀਆਂ ਦੇ ਤੇਲ ਪੰਪਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ ਵੱਡੇ ਫਲੈਕਸ ਲੱਗੇ ਹੋਏ ਸਨ, ਉਹ ਉਤਾਰ ਦਿੱਤੇ ਗਏ ਹਨ। ਚੋਣ ਪ੍ਰਸ਼ਾਸਨ ਨੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਵੀ ਪੋਸਟਰ ਤੇ ਬੈਨਰ ਹਟਾ ਦਿੱਤੇ ਹਨ। ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਤੋਂ ਅੱਜ ਮੁੱਖ ਮੰਤਰੀ ਅਤੇ ਵਜ਼ੀਰਾਂ ਦੀਆਂ ਤਸਵੀਰਾਂ ਗਾਇਬ ਸਨ। ਮੁੱਖ ਚੋਣ ਅਧਿਕਾਰੀ ਸਬਿਿਨ ਸੀ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਐਲਾਨੇ ਜਾਣ ਤੋਂ ਬਾਅਦ ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤਾ ਗਿਆ ਹੈ। ਇਹ ਆਦਰਸ਼ ਚੋਣ ਜ਼ਾਬਤਾ ਸਾਰੇ ਉਮੀਦਵਾਰਾਂ, ਸਿਆਸੀ ਪਾਰਟੀਆਂ, ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ’ਤੇ ਵੀ ਲਾਗੂ ਹੋਵੇਗਾ।

Advertisement

ਪੰਜਾਬ ਲਈ ਚੋਣ ਪ੍ਰੋਗਰਾਮ ਜਾਰੀ

ਮੁੱਖ ਚੋਣ ਅਧਿਕਾਰੀ ਸਬਿਿਨ ਸੀ ਨੇ ਪੰਜਾਬ ਲਈ ਲੋਕ ਸਭਾ ਚੋਣਾਂ 2024 ਦਾ ਚੋਣ ਪ੍ਰੋਗਰਾਮ ਜਾਰੀ ਕੀਤਾ ਹੈ ਜਿਸ ਤਹਿਤ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਲਈ ਅੰਤਿਮ ਤਰੀਕ 14 ਮਈ ਨਿਰਧਾਰਤ ਕੀਤੀ ਗਈ ਹੈ ਜਦਕਿ ਨਾਮਜ਼ਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ। ਉਮੀਦਵਾਰ 17 ਮਈ 2024 ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਪੰਜਾਬ ਵਿੱਚ ਪਹਿਲੀ ਜੂਨ 2024 ਨੂੰ ਵੋਟਾਂ ਪੈਣਗੀਆਂ ਜਦਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ 4 ਜੂਨ 2024 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

Advertisement
Author Image

Advertisement
Advertisement
×