ਮਰੇ ਵਿਅਕਤੀ ਨੂੰ ਉਮੀਦਵਾਰ ਬਣਾਉਣ ਕਾਰਨ ਚੋਣ ਰੱਦ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਪਿੰਡ ਮਾਨਸਾ ਖੁਰਦ ਵਿੱਚ ਸਰਪੰਚ ਦੀ ਚੋਣ ਲੜ ਰਹੇ ਦੋ ਉਮੀਦਵਾਰਾਂ ਦੇ ਚੋਣ ਨਿਸ਼ਾਨ ਅਦਲਾ-ਬਦਲੀ ਹੋਣ ਕਾਰਨ ਚੋਣ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੰਚ ਲਈ ਹੋ ਰਹੀਆਂ ਚੋਣਾਂ ਵਿੱਚ ਇੱਕ ਉਮੀਦਵਾਰ ਦੇ ਨਾਂ ਲਿਖਣ ਦੀ ਥਾਂ ਕਈ ਸਾਲ ਪਹਿਲਾਂ ਮਰੇ ਉਸ ਦੇ ਪਿਤਾ ਦਾ ਨਾਮ ਬੈਲਟ ਪੇਪਰ ’ਤੇ ਛਪਣ ਕਾਰਨ ਚੋਣ ਰੱਦ ਕਰ ਦਿੱਤੀ ਗਈ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਵੋਟਾਂ ਨਾ ਪੈਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਥੋਂ ਤਿੰਨ ਔਰਤ ਉਮੀਦਵਾਰਾਂ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੀ ਰਿਸ਼ਤੇਦਾਰ ਅਮਰਜੀਤ ਕੌਰ ਨਾਲ ਸਬੰਧਤ ਹੈ। ਉਮੀਦਵਾਰ ਅਮਨਦੀਪ ਕੌਰ ਪਤਨੀ ਅਵਤਾਰ ਸਿੰਘ ਦਾ ਚੋਣ ਨਿਸ਼ਾਨ ਟਰੈਕਟਰ ਹੈ, ਜਦੋਂ ਕਿ ਅਮਰਜੀਤ ਕੌਰ ਪਤਨੀ ਅਵਤਾਰ ਸਿੰਘ ਦਾ ਚੋਣ ਨਿਸ਼ਾਨ ਰੁੱਖ ਹੈ। ਇਨ੍ਹਾਂ ਦੋਨੋਂ ਉਮੀਦਵਾਰਾਂ ਦੇ ਬੈਲਟ ਪੇਪਰਾਂ ਵਿੱਚ ਚੋਣ ਨਿਸ਼ਾਨ ਅਦਲ-ਬਦਲ ਗਏ। ਇਸ ਤਰ੍ਹਾਂ ਪੰਚ ਦੀ ਚੋਣ ਵਾਸਤੇ ਨਵਜੋਤ ਸਿੰਘ ਪੁੱਤਰ ਹਰਚਰਨ ਸਿੰਘ ਉਮੀਦਵਾਰ ਵਜੋਂ ਮੈਦਾਨ ਵਿੱਚ ਸਨ ਪਰ ਬੈਲਟ ਪੇਪਰ ਵਿੱਚ ਉਸ ਦੇ ਕਈ ਸਾਲ ਪਹਿਲਾਂ ਮਰੇ ਪਿਤਾ ਹਰਚਰਨ ਸਿੰਘ ਨੂੰ ਉਮੀਦਵਾਰ ਦਿਖਾਇਆ ਗਿਆ ਹੈ, ਜਿਸ ਕਰਕੇ ਪੰਚ ਦੀਆਂ ਚੋਣਾਂ ਵੀ ਰੱਦ ਕਰਨੀਆਂ ਪਈਆਂ।
ਮਾਨਸਾ ਖੁਰਦ ਵਿੱਚ ਸਰਪੰਚ ਦੀ ਚੋਣ ਲਈ ਵੋਟਾਂ ਅੱਜ
ਪਿੰਡ ਮਾਨਸਾ ਖੁਰਦ ਵਿਚ ਅੱਜ ਸਰਪੰਚੀ-ਪੰਚੀ ਦੀਆਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ, ਉਥੇ ਹੁਣ ਭਲਕੇ 16 ਅਕਤੂਬਰ ਨੂੰ ਵੋਟਾਂ ਪਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਮਾਨਸਾ ਖੁਰਦ ਦੇ ਸਰਪੰਚ ਦੀ ਚੋਣ ਅਤੇ ਵਾਰਡ ਨੰਬਰ 1, 2, 5, 6 ਅਤੇ 7 (ਕੁੱਲ 5 ਪੰਚਾਇਤ ਮੈਂਬਰ) ਲਈ ਹੁਣ ਵੋਟਾਂ 16 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। 16 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਮਾਨਸਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਛੁੱਟੀ ਰਹੇਗੀ।
ਸਾਢੇ ਤਿੰਨ ਸੌ ਵੋਟਾਂ ਭੁਗਤਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ
ਪਿੰਡ ਮਾਨਸਾ ਖੁਰਦ ਵਾਸੀ ਹਰਜੀਤ ਸਿੰਘ ਮਾਨਸ਼ਾਹੀਆ ਅਤੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਕੌਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜਦੋਂ ਚੋਣ ਨਿਸ਼ਾਨ ਉਲਟੇ ਛਪਣ ਬਾਰੇ ਪਤਾ ਲੱਗਿਆ ਤਾਂ ਉਸ ਵੇਲੇ ਤੱਕ ਕਰੀਬ 350 ਵੋਟਾਂ ਪੈ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਵੋਟਾਂ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪੋਲਿੰਗ ਏਜੰਟਾਂ ਨੇ ਮੰਗ ਰੱਖੀ ਸੀ ਕਿ ਬੈਲਟ ਪੇਪਰ ਦਿਖਾਏ ਜਾਣ ਪਰ ਚੋਣ ਅਮਲੇ ਵੱਲੋਂ ਦਿਖਾਏ ਨਹੀਂ ਗਏ। ਇਸ ਲਈ ਕਸੂਰਵਾਰਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨੀ ਚਾਹੀਦੀ ਹੈ। ਪਿੰਡ ਵਾਸੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਮਾਨਸਾ ਦੇ ਉਪ ਮੰਡਲ ਮੈਜਿਸਟਰੇਟ ਕਾਲਾ ਰਾਮ ਕਾਂਸਲ ਵੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਤੁਰੰਤ ਮਾਮਲੇ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ। ਜ਼ਿਲ੍ਹਾ ਚੋਣ ਅਫਸਰ ਕੁਲਵੰਤ ਸਿੰਘ ਨੇ ਚੋਣਾਂ ਰੱਦ ਕਰਨ ਦਾ ਐਲਾਨ ਕਰਦਿਆਂ ਦੱਸਿਆ ਕਿ ਫਿਲਹਾਲ ਪਿੰਡ ਮਾਨਸਾ ਖੁਰਦ ਦੀ ਪੰਚਾਇਤੀ ਚੋਣ ਰੱਦ ਕਰ ਦਿੱਤੀ ਗਈ ਹੈ।