For the best experience, open
https://m.punjabitribuneonline.com
on your mobile browser.
Advertisement

ਭਗਵੰਤ ਮਾਨ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਪ੍ਰਚਾਰ ਸ਼ੁਰੂ

08:50 AM Oct 28, 2024 IST
ਭਗਵੰਤ ਮਾਨ ਵੱਲੋਂ ਡੇਰਾ ਬਾਬਾ ਨਾਨਕ ਤੋਂ ਚੋਣ ਪ੍ਰਚਾਰ ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਦਾ ਸਨਮਾਨ ਕਰਦੇ ਹੋਏ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਤੇ ਹੋਰ।
Advertisement

ਦਲਬੀਰ ਸੱਖੋਵਾਲੀਆ/ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 27 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਤੋਂ ਜ਼ਿਮਨੀ ਚੋਣਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਭਗਵੰਤ ਮਾਨ ਨੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਕਲਾਨੌਰ ਦੇ ਪਿੰਡ ਮਸਤਕੋਟ ’ਚ ਚੋਣ ਮੀਟਿੰਗ ਕੀਤੀ| ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਆਪਣੇ ਅੰਦਾਜ਼ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ’ਤੇ ਨਿਸ਼ਾਨੇ ਲਾਏ। ਇਸ ਦੌਰਾਨ ਉਨ੍ਹਾਂ ਪੰਜਾਬ ਦੀਆਂ ਚਾਰੋਂ ਜ਼ਿਮਨੀ ਚੋਣਾਂ ਵਿੱਚ ‘ਆਪ’ ਦੀ ਜਿੱਤ ਦਾ ਦਾਅਵਾ ਕੀਤਾ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲਿਆਂ ਕੋਲ ਅੱਜ ਚਾਰ ਜ਼ਿਮਨੀ ਚੋਣਾਂ ਲੜਨ ਲਈ ਉਮੀਦਵਾਰ ਨਹੀਂ ਹਨ| ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਸੁਖਬੀਰ ਬਾਦਲ ਨੂੰ ਲਾਂਭੇ ਕਰ ਦੇਵੇ ਤਾਂ ਸ਼ਾਇਦ ਅਕਾਲੀ ਦਲ ਨੂੰ ਵੱਧ ਵੋਟਾਂ ਪੈ ਜਾਣ| ਉਨ੍ਹਾਂ ਆਖਿਆ ਕਿ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਭ੍ਰਿਸ਼ਟਚਾਰ, ਨਸ਼ੇ ਅਤੇ ਹੋਰ ਅਲਾਮਤਾਂ ਵਧਣ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ ਹੈ। ਅਕਾਲੀ ਦਲ ਨੂੰ ਹੁਣ ਪੰਜਾਬ ਦੇ ਲੋਕਾਂ ਨੇ ਦਿਲੋਂ ਵਿਸਾਰ ਦਿੱਤਾ ਹੈ, ਇਸ ਲਈ ਪਾਰਟੀ ਦੀ ਲੀਡਰਸ਼ਿਪ ਨੇ ਜ਼ਿਮਨੀ ਚੋਣਾਂ ਦਾ ਬਾਈਕਾਟ ਕੀਤਾ ਹੈ।
ਭਗਵੰਤ ਮਾਨ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਲਏ ਬਗੈਰ ਕਿਹਾ ਕਿ ਇਹ ਪਰਿਵਾਰਵਾਦ ਦੀ ਅਨੌਖੀ ਮਿਸਾਲ ਹੈ। ਸਮੂਹ ਰੰਧਾਵਾ ਪਰਿਵਾਰ ਚੋਣ ਮੈਦਾਨ ਕੁੱਦਿਆ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੀਪ ਸਿੰਘ ਰੰਧਾਵਾ ਨੂੰ ਵੱਡੇ ਫਰਕ ਨਾਲ ਜਿਤਾਉਣ। ਡੇਰਾ ਬਾਬਾ ਨਾਨਕ ਤੋਂ ‘ਆਪ’ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ|
ਇਸ ਤੋਂ ਪਹਿਲਾਂ ਪਾਰਟੀ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਕੈਬਨਿਟ ਮੰਤਰੀ ਅਤੇ ਚੋਣ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਮੰਤਰੀ ਲਾਲਜੀਤ ਸਿੰਘ ਭੁੱਲਰ, ਬਟਾਲਾ ਦੇ ਵਿਧਾਇਕ ਅਤੇ ਉਪ ਚੋਣ ਇੰਚਾਰਜ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ।

Advertisement

‘ਜੋਗੀ ਉਤਰ ਪਹਾੜੋਂ ਆਇਆ ਵੋਟਾਂ ਵਾਲੀ ਗੂੰਜ ਸੁਣ ਕੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਨਜ਼ ਕੱਸਿਆ, ‘‘ਤੁਹਾਨੂੰ ਵਧਾਈਆਂ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੀ ਧਰਤੀ ’ਤੇ ਵੇਖੇ ਗਏ|’’ ਉਨ੍ਹਾਂ ਕਿਹਾ, ‘‘ਜੋਗੀ ਉਤਰ ਪਹਾੜੋਂ ਆਇਆ ਵੋਟਾਂ ਵਾਲੀ ਗੂੰਜ ਸੁਣ ਕੇ|’’

Advertisement

‘ਆਪ’ ਜਿੱਤੇਗੀ ਜ਼ਿਮਨੀ ਚੋਣਾਂ: ਭਗਵੰਤ ਮਾਨ

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਹਲਕੇ ਦੇ ਪਿੰਡ ਮੇਹਟੀਆਣਾ ਵਿੱਚ ਚੱਬੇਵਾਲ ਤੋਂ ਪਾਰਟੀ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ। ਇਸ ਦੌਰਾਨ ਇਸ਼ਾਂਕ ਕੁਮਾਰ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, ‘‘ਇਸ਼ਾਂਕ ਜਿਹੜਾ ਵੀ ਕੰਮ ਮੇਰੇ ਧਿਆਨ ’ਚ ਲਿਆਵੇਗਾ, ਮੈਂ ਉਸ ਨੂੰ ਪੂਰਾ ਕਰਾਂਗਾ।’’ ਮੁੱਖ ਮੰਤਰੀ ਨੇ ਔਰਤਾਂ ਨੂੰ ਹਰ ਮਹੀਨੇ 11 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੇ ਵਾਅਦੇ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਲੋੜੀਂਦੇ ਫੰਡਾਂ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ। ਮਾਨ ਨੇ ਦਾਅਵਾ ਕੀਤਾ ਕਿ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ ਹੀ ਜਿੱਤੇਗੀ। ਇਸ਼ਾਂਕ ਕੁਮਾਰ ਨੇ ਪਾਰਟੀ ਵਲੋਂ ਉਮੀਦਵਾਰ ਬਣਾਉਣ ਲਈ ‘ਆਪ’ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਪਿਤਾ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦਾਅਵਾ ਕੀਤਾ ਕਿ ਪਾਰਟੀ ਚੱਬੇਵਾਲ ਤੋਂ ਸਭ ਤੋਂ ਵੱਡੀ ਲੀਡ ਲੈ ਕੇ ਜਿੱਤੇਗੀ।

Advertisement
Author Image

sukhwinder singh

View all posts

Advertisement