For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਧੂੰਆਂ-ਧਾਰ ਭਾਸ਼ਣਾਂ ਨਾਲ ਚੋਣ ਪ੍ਰਚਾਰ ਸਮਾਪਤ

08:58 AM May 31, 2024 IST
ਪੰਜਾਬ ਵਿੱਚ ਧੂੰਆਂ ਧਾਰ ਭਾਸ਼ਣਾਂ ਨਾਲ ਚੋਣ ਪ੍ਰਚਾਰ ਸਮਾਪਤ
ਪਟਿਆਲਾ ਵਿੱਚ ਚੋਣ ਰੈਲੀ ਦੌਰਾਨ ਭਾਜਪਾ ਉਮੀਦਵਾਰ ਪ੍ਰਨੀਤ ਕੌਰ।
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 30 ਮਈ
ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦਾ ਚੋਣ ਪ੍ਰਚਾਰ ਅੱਜ ਪੰਜਾਬ ਵਿੱਚ ਧੂੰਆਂਧਾਰ ਚੋਣ ਰੈਲੀਆਂ ਅਤੇ ਰੋਡ ਸ਼ੋਆਂ ਨਾਲ ਸਮਾਪਤ ਹੋ ਗਿਆ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਸਿਆਸੀ ਪਾਰਟੀਆਂ ਦੇ ਕੌਮੀ ਲੀਡਰਾਂ ਨੇ ਅੱਜ ਆਪੋ-ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਆਖ਼ਰੀ ਵਾਹ ਲਾਈ ਅਤੇ ਪੂਰਾ ਦਿਨ ਪੰਜਾਬ ਵਿੱਚ ਭਾਸ਼ਣਾਂ ਦੀ ਗੂੰਜ ਪੈਂਦੀ ਰਹੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਉਮੀਦਵਾਰਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ ’ਚ ਚੋਣ ਪ੍ਰਚਾਰ ਦਾ ਕੰਮ ਅੱਜ ਸ਼ਾਮ 6 ਵਜੇ ਅਮਨ-ਅਮਾਨ ਨਾਲ ਸਮਾਪਤ ਹੋ ਗਿਆ।
ਦੇਸ਼ ਭਰ ’ਚ 16 ਮਾਰਚ ਨੂੰ ਸ਼ੁਰੂ ਹੋਇਆ ਚੋਣ ਪ੍ਰਚਾਰ ਅੱਜ ਸਮਾਪਤ ਹੋ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਵਿੱਚ ਆਖ਼ਰੀ ਰੈਲੀ ਕੀਤੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਖ਼ਰੀ ਚੋਣ ਪ੍ਰੋਗਰਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾਂ ਦੀ ਧਰਤੀ ’ਤੇ ਕੀਤਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਅਤੇ ਪਟਿਆਲਾ ਵਿੱਚ ਆਖ਼ਰੀ ਰੋਡ ਸ਼ੋਅ ਕੀਤੇ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 13 ਸੀਟਾਂ ’ਤੇ ਕੁੱਲ 328 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਕਰੀਬ 13 ਦਿਨਾਂ ਤੋਂ ਪ੍ਰਚਾਰ ਭਖਾਇਆ ਹੋਇਆ ਸੀ। ਚੋਣ ਮੈਦਾਨ ਵਿੱਚ 26 ਔਰਤਾਂ ਵੀ ਹਨ। ਪੰਜਾਬ ਪੁਲੀਸ ਲਈ ਐਤਕੀਂ ਚੋਣ ਪ੍ਰਚਾਰ ਚੁਣੌਤੀ ਭਰਪੂਰ ਰਿਹਾ ਤੇ ਭਾਜਪਾ ਦੀ ਕੌਮੀ ਲੀਡਰਸ਼ਿਪ ਦੀਆਂ ਰੈਲੀਆਂ ਨੂੰ ਨਿਰਵਿਘਨ ਸਮਾਪਤ ਕਰਨ ’ਚ ਪੁਲੀਸ ਕਾਮਯਾਬ ਰਹੀ।
ਚੋਣ ਜ਼ਾਬਤੇ ਦੀ ਉਲੰਘਣਾ ਦੇ ਬਹੁਤੇ ਮਾਮਲੇ ਸਾਹਮਣੇ ਨਹੀਂ ਆਏ। ਚੋਣ ਕਮਿਸ਼ਨ ਨੇ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਨੂੰ ਚਿਤਾਵਨੀ ਜ਼ਰੂਰ ਜਾਰੀ ਕੀਤੀ। ਦੇਖਿਆ ਜਾਵੇ ਤਾਂ ਪੰਜਾਬ ਵਿੱਚ ਪਹਿਲੀ ਦਫ਼ਾ ਬਹੁਕੋਣੇ ਮੁਕਾਬਲੇ ਬਣੇ ਹਨ। ਸੰਸਦੀ ਹਲਕਾ ਬਠਿੰਡਾ ਦੀ ਸੀਟ ਬਾਦਲ ਪਰਿਵਾਰ ਲਈ ਅਹਿਮ ਹੈ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਲਈ ਸੰਗਰੂਰ ਹਲਕੇ ਦੀ ਸੀਟ ਵੱਕਾਰੀ ਹੈ। ਕੌਮੀ ਪੱਧਰ ’ਤੇ ਸਭ ਤੋਂ ਵੱਧ ਨਜ਼ਰਾਂ ਹਲਕਾ ਖਡੂਰ ਸਾਹਿਬ ਦੀ ਸੀਟ ’ਤੇ ਇਸ ਵਾਰ ਲੱਗੀਆਂ ਹਨ ਜਿੱਥੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਵੀ ਫ਼ਰੀਦਕੋਟ ਹਲਕੇ ਦੀ ਸੀਟ ਦਿਲਚਸਪ ਬਣਾ ਦਿੱਤੀ ਹੈ ਜਿਹੜੇ ਆਖ਼ਰੀ ਦਿਨਾਂ ਵਿੱਚ ਚਰਚਾ ’ਚ ਆਏ ਹਨ। ਪੰਜਾਬ ਦੇ ਚੋਣ ਪਿੜ ਵਿੱਚ ਇਸ ਵਾਰ ਪੰਜ ਕੈਬਨਿਟ ਮੰਤਰੀ ਅਤੇ ਪੰਜ ਵਿਧਾਇਕ ਵੀ ਚੋਣ ਪਿੜ ’ਚ ਉਤਰੇ ਹੋਏ ਹਨ। ਇਸੇ ਤਰ੍ਹਾਂ ਛੇ ਮੌਜੂਦਾ ਸੰਸਦ ਮੈਂਬਰ ਵੀ ਚੋਣ ਲੜ ਰਹੇ ਹਨ।

Advertisement

ਮੁੱਖ ਮੰਤਰੀ ਭਗਵੰਤ ਮਾਨ ਲਈ ਪ੍ਰੀਖਿਆ ਤੋਂ ਘੱਟ ਨਹੀਂ ਲੋਕ ਸਭਾ ਚੋਣਾਂ

ਮੁੱਖ ਮੰਤਰੀ ਭਗਵੰਤ ਮਾਨ ਲਈ ਲੋਕ ਸਭਾ ਚੋਣਾਂ ਪ੍ਰੀਖਿਆ ਤੋਂ ਘੱਟ ਨਹੀਂ ਅਤੇ ਮੁੱਖ ਮੰਤਰੀ ਨੇ ਇਕੱਲੇ ਤੌਰ ’ਤੇ ਹੀ ਸਮੁੱਚੇ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਮੋਰਚਾ ਸੰਭਾਲਿਆ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ 82 ਵਿਧਾਨ ਸਭਾ ਹਲਕੇ ਕਵਰ ਕੀਤੇ ਅਤੇ 68 ਰੋਡ ਸ਼ੋਅ ਅਤੇ ਚੋਣ ਰੈਲੀਆਂ ਕੀਤੀਆਂ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਆਨੰਦਪੁਰ ਸਾਹਿਬ, ਖਡੂਰ ਸਾਹਿਬ ਅਤੇ ਫ਼ਰੀਦਕੋਟ ਹਲਕੇ ਨੂੰ ਛੱਡ ਕੇ ਬਾਕੀ 10 ਹਲਕਿਆਂ ਦੇ ਸ਼ਹਿਰੀ ਖੇਤਰਾਂ ਵਿੱਚ ਚੋਣ ਪ੍ਰੋਗਰਾਮ ਕੀਤੇ। ‘ਆਪ’ ਦੇ ਸੰਜੇ ਸਿੰਘ ਅਤੇ ਰਾਘਵ ਚੱਢਾ ਨੇ ਵੀ ਚੋਣ ਪ੍ਰਚਾਰ ਵਿੱਚ ਹਿੱਸਾ ਪਾਇਆ ਹੈ।\

ਚੋਣ ਪ੍ਰਚਾਰ ’ਚੋਂ ਗ਼ਾਇਬ ਰਹੇ ਵੱਡੇ ਚਿਹਰੇ

ਚੋਣ ਪ੍ਰਚਾਰ ’ਚੋਂ ਐਤਕੀਂ ਵੱਡੇ ਚਿਹਰੇ ਗ਼ਾਇਬ ਰਹੇ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਘਾਟ ਪੰਜਾਬ ਦੇ ਚੋਣ ਪਿੜ ਵਿੱਚ ਅਕਾਲੀ ਦਲ ਨੂੰ ਰੜਕੀ ਹੈ। ਢੀਂਡਸਾ ਪਰਿਵਾਰ ਇਸ ਵਾਰ ਚੋਣ ਪ੍ਰਚਾਰ ਤੋਂ ਦੂਰ ਰਿਹਾ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਖ਼ਾਮੋਸ਼ੀ ਵੀ ਅੰਦਰੋਂ ਅੰਦਰੀਂ ਅਕਾਲੀ ਦਲ ਨੂੰ ਚੁਭਦੀ ਰਹੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਚੋਣ ਪ੍ਰਚਾਰ ਤੋਂ ਦੂਰ ਰਹੇ। ਕੈਪਟਨ ਅਮਰਿੰਦਰ ਸਿੰਘ ਤਾਂ ਪਟਿਆਲਾ ਵਿੱਚ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ। ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਵੀ ਕਿਸੇ ਪਾਸੇ ਪ੍ਰਚਾਰ ’ਚ ਦੇਖੇ ਨਹੀਂ ਗਏ। ਮਨਪ੍ਰੀਤ ਬਾਦਲ ਆਪਣੀ ਸਿਹਤ ਦੇ ਹਵਾਲੇ ਨਾਲ ਬਠਿੰਡਾ ਹਲਕੇ ਦੇ ਪ੍ਰਚਾਰ ਵਿੱਚ ਨਹੀਂ ਨਿਕਲੇ।

Advertisement
Author Image

sukhwinder singh

View all posts

Advertisement
Advertisement
×