For the best experience, open
https://m.punjabitribuneonline.com
on your mobile browser.
Advertisement

ਯਮੁਨਾ ’ਤੇ ਪੁਲ ਨਾ ਬਣਾਉਣ ਕਾਰਨ ਦੋ ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ

08:57 AM Aug 28, 2024 IST
ਯਮੁਨਾ ’ਤੇ ਪੁਲ ਨਾ ਬਣਾਉਣ ਕਾਰਨ ਦੋ ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ
ਯਮੁਨਾਨਗਰ ਦੇ ਡੀਸੀ ਨਾਲ ਮੁਲਾਕਾਤ ਕਰਦੇ ਹੋਏ ਟਾਪੂ ਮਾਜਰੀ ਅਤੇ ਘੋੜੋ ਪੀਪਲੀ ਦੇ ਵਸਨੀਕ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 27 ਅਗਸਤ
ਯਮੁਨਾ ਨਦੀ ’ਤੇ ਪੁਲ ਨਾ ਬਣਾਉਣ ਕਾਰਨ ਗੁੱਸੇ ਵਿੱਚ ਆਏ ਟਾਪੂ ਮਾਜਰੀ ਅਤੇ ਘੋੜੋ ਪੀਪਲੀ ਦੇ ਵਸਨੀਕਾਂ ਨੇ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਯਮੁਨਾ ਨਦੀ ਤੇ ਪੁਲ ਬਣਾਉਣ ਦੀ ਮੰਗ ਕਰ ਰਹੇ ਹਨ ਪਰ ਵੱਖ-ਵੱਖ ਪਾਰਟੀਆਂ ਦੇ ਆਗੂ ਚੋਣਾਂ ਦੌਰਾਨ ਉਨ੍ਹਾਂ ਨਾਲ ਝੂਠੇ ਵਾਅਦੇ ਤਾਂ ਕਰ ਜਾਂਦੇ ਹਨ ਪਰ ਮਤਲਬ ਨਿਕਲ ਜਾਣ ਤੋਂ ਬਾਅਦ ਕਦੀ ਇਨ੍ਹਾਂ ਪਿੰਡਾਂ ਵਿੱਚ ਫੇਰੀ ਵੀ ਨਹੀਂ ਪਾਉਂਦੇ। ਰੋਹ ਵਿੱਚ ਆਏ ਲੋਕ ਅੱਜ ਦੋਬਾਰਾ ਅੱਜ ਯਮੁਨਾਨਗਰ ਸਕੱਤਰੇਤ ਦੇ ਪਹੁੰਚ ਗਏ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੇ ਸਮੂਹਿਕ ਤੌਰ ’ਤੇ ਬਾਈਕਾਟ ਕਰਨ ਦੇ ਫੈਸਲੇ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਯਮੁਨਾਨਗਰ ਵਿੱਚ ਯੂਪੀ ਦੇ ਰਸਤੇ ਲਗਪਗ 40 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਆਉਣਾ ਪੈਂਦਾ ਹੈ। ਬਰਸਾਤ ਦੇ ਦਿਨਾਂ ਵਿੱਚ ਉਨ੍ਹਾਂ ਦਾ ਸੰਪਰਕ ਯਮੁਨਾ ਨਗਰ ਨਾਲ ਟੁੱਟ ਜਾਂਦਾ ਹੈ ਅਤੇ ਬੱਚਿਆਂ ਨੂੰ ਸਕੂਲ ਜਾਣ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ। ਪਿੰਡ ਦੀਆਂ ਲੜਕੀਆਂ ਸਕੂਲ ਜਾ ਹੀ ਨਹੀਂ ਸਕਦੀਆਂ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਆਵਾਜ਼ ਕਈ ਵਾਰੀ ਮੰਤਰੀਆਂ, ਖੇਤਰ ਦੇ ਪ੍ਰਬੰਧਕੀ ਅਧਿਕਾਰੀਆਂ ਅਤੇ ਵਿਧਾਇਕਾਂ ਅੱਗੇ ਰੱਖੀ ਪਰ ਉਨ੍ਹਾਂ ਨੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ, ਹੁਣ ਉਨ੍ਹਾਂ ਦੀ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੇ ਸਰਬਸੰਮਤੀ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਰਜਨ ਭਰ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਵੀ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਾਰ ਵਾਰ ਸਮਝਾਉਣ ਦੇ ਬਾਵਜੂਦ ਇੱਕ ਵੀ ਵਿਅਕਤੀ ਵੋਟ ਪਾਉਣ ਲਈ ਨਹੀਂ ਆਇਆ ਸੀ।
ਹੁਣ ਡਿਪਟੀ ਕਮਿਸ਼ਨਰ ਮਨੋਜ ਕੁਮਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਹਲ ਕਰਵਾਉਣਗੇ।

Advertisement
Advertisement
Author Image

joginder kumar

View all posts

Advertisement