For the best experience, open
https://m.punjabitribuneonline.com
on your mobile browser.
Advertisement

ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਵਿਰੁੱਧ ਪਿੰਡ ਵਾਸੀਆਂ ਵੱਲੋਂ ਚੋਣਾਂ ਦਾ ਬਾਈਕਾਟ

08:15 AM May 02, 2024 IST
ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਵਿਰੁੱਧ ਪਿੰਡ ਵਾਸੀਆਂ ਵੱਲੋਂ ਚੋਣਾਂ ਦਾ ਬਾਈਕਾਟ
ਪਿੰਡ ਭੂੰਦੜੀ ਵਿੱਚ ਗੈਸ ਫੈਕਟਰੀ ਅੱਗੇ ਜਾਰੀ ਧਰਨੇ ’ਚ ਨਾਅਰੇ ਬੁਲੰਦ ਕਰਦੇ ਹੋਏ ਲੋਕ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਮਈ
ਗੈਸ ਫੈਕਟਰੀ ਖ਼ਿਲਾਫ਼ ਜਾਰੀ ਸੰਘਰਸ਼ ਦੌਰਾਨ ਸੁਣਵਾਈ ਨਾ ਹੋਣ ’ਤੇ ਪਿੰਡ ਭੂੰਦੜੀ ਵਾਸੀਆਂ ਨੇ ਰੋਹ ’ਚ ਆ ਕੇ ਅੱਜ ਲੋਕ ਸਭਾ ਚੋਣਾਂ ਦੇ ਪੂਰਨ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਚੋਣਾਂ ਦੌਰਾਨ ਸਮੁੱਚੇ ਪਿੰਡ ’ਚ ਕਾਲੀਆਂ ਝੰਡੀਆਂ ਲਾਈਆਂ ਜਾਣਗੀਆਂ। ਚੌਕ ’ਚ ਬਾਈਕਾਟ ਦੇ ਵੱਡੇ ਬੋਰਡ ਲਾਏ ਜਾਣਗੇ। ਚੋਣਾਂ ਸਬੰਧੀ ਪਿੰਡ ’ਚ ਨਾ ਤਾਂ ਕੋਈ ਬੂਥ ਲੱਗੇਗਾ ਅਤੇ ਨਾ ਹੀ ਕਿਸੇ ਸਿਆਸੀ ਧਿਰ ਦੇ ਉਮੀਦਵਾਰ ਨੂੰ ਪਿੰਡ ’ਚ ਦਾਖ਼ਲ ਹੋਣ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਨੁਮਾਇੰਦੇ ਅੱਜ 35 ਦਿਨ ਤੋਂ ਚੱਲਦੇ ਪੱਕੇ ’ਚ ਇਕੱਤਰ ਹੋਏ। ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਉਨ੍ਹਾਂ ਮਜ਼ਬੂਰੀਵੱਸ ਇਹ ਕਦਮ ਚੁੱਕਣ ਦਾ ਐਲਾਨ ਕੀਤਾ। ਸੰਘਰਸ਼ ਕਮੇਟੀ ਦੇ ਆਗੂ ਡਾ. ਸੁਖਦੇਵ ਭੂੰਦੜੀ ਨੇ ਕਿਹਾ ਕਿ ਪੈਂਤੀ ਦਿਨ ਤੋਂ ਪਿੰਡ ਦੇ ਮਰਦ ਔਰਤਾਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਪਰ ਨਾ ਤਾਂ ਸਰਕਾਰ ਨੇ ਲੋਕਾਂ ਦੀ ਆਵਾਜ਼ ਸੁਣਨ ਅਤੇ ਇਨਸਾਫ਼ ਦੇਣ ਲਈ ਕੁਝ ਕੀਤਾ ਹੈ ਅਤੇ ਨਾ ਹੀ ਪ੍ਰਸ਼ਾਸਨ ਨੇ। ਅਜਿਹੇ ਰਵੱਈਏ ਤੋਂ ਅੱਕੇ ਪਿੰਡ ਵਾਸੀਆਂ ਨੇ ਆਮ ਸਹਿਮਤੀ ਨਾਲ ਆਪਣੀ ਗੱਲ ਸੂਬਾ ਤੇ ਕੇਂਦਰ ਸਰਕਾਰ ਸਣੇ ਉੱਚ ਅਧਿਕਾਰੀਆਂ ਤੱਕ ਪਹੁੰਚਦੀ ਕਰਨ ਲਈ ਲੋਕ ਸਭਾ ਚੋਣਾਂ ਦਾ ਪੂਰਨ ਬਾਈਕਾਟ ਕਰ ਦਿੱਤਾ ਹੈ।
ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੂਰਨ ਬਾਈਕਾਟ ਤੋਂ ਇਲਾਵਾ ਕੋਈ ਵੀ ਬੂਥ ਨਹੀਂ ਲੱਗੇਗਾ, ਸਾਰੇ ਪਿੰਡ ’ਚ ਕਾਲੀਆਂ ਝੰਡੀਆਂ ਲਾਈਆ ਜਾਣਗੀਆਂ, ਚੌਕਾਂ ’ਚ ਵੋਟ ਬਾਈਕਾਟ ਦੇ ਬੋਰਡ ਲਾਏ ਜਾਣਗੇ।
ਇਸ ਤੋਂ ਇਲਾਵਾ ਸਾਰੇ ਉਮੀਦਵਾਰਾਂ ਦਾ ਪਿੰਡ ’ਚ ਵੜਨਾ ਬੰਦ ਕੀਤਾ ਗਿਆ ਹੈ। ਧਰਨੇ ਨੂੰ ਗੁਰਜੀਤ ਸਿੰਘ ਮੰਤਰੀ, ਤੇਜਿੰਦਰ ਸਿੰਘ ਤੇਜਾ, ਕੋਮਲਪ੍ਰੀਤ ਸਿੰਘ, ਜਗਰਾਜ ਸਿੰਘ ਦਿਉਲ, ਸੂਬੇਦਾਰ ਕਾਲਾ ਸਿੰਘ, ਜਸਵਿੰਦਰ ਸਿੰਘ ਲਤਾਲਾ, ਜਸਵਿੰਦਰ ਸਿੰਘ ਕਾਕਾ, ਭਿੰਦਰ ਸਿੰਘ, ਬਾਬਾ ਸੁੱਚਾ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਮਨਜਿੰਦਰ ਸਿੰਘ ਖੇੜੀ, ਅਮਰੀਕ ਸਿੰਘ ਰਾਮਾ, ਰਣਜੀਤ ਸਿੰਘ ਕਾਕਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਤਾੜਨਾ ਕੀਤੀ ਕਿ ਵੋਟਾਂ ਦੇ ਬਾਈਕਾਟ ਨਾਲ ਵੀ ਜੇਕਰ ਗੱਲ ਨਾ ਬਣੀ ਤਾਂ ਗੈਸ ਫੈਕਟਰੀ ਬੰਦ ਕਰਵਾਉਣ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ।
ਇਸ ਲਈ ਜੇਕਰ ਮੁੱਖ ਮਾਰਗ ਜਾਮ ਕਰਨਾ ਪਿਆ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਅਬਾਦੀ ’ਚ ਲੱਗ ਰਹੀ ਗੈਸ ਫੈਕਟਰੀ ਕਾਰਨ ਪ੍ਰਦੂਸ਼ਣ ਫੈਲੇਗਾ।
ਇਸ ਨਾਲ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਇਸ ਤੋਂ ਇਲਾਵਾ ਹਮੇਸ਼ਾ ਕੋਈ ਵੱਡੀ ਘਟਨਾ ਵਾਪਰਨ ਦਾ ਖ਼ਤਰਾ ਬਣਿਆ ਰਹੇਗਾ। ਧਰਨੇ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਮਾੜਾ ਨੇ ਨਿਭਾਈ ਅਤੇ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×