ਚੋਣ ਬਾਂਡ ਦੁਨੀਆ ਦਾ ਸਭ ਤੋਂ ਵੱਡਾ ‘ਜਬਰੀ ਵਸੂਲੀ ਗਰੋਹ’: ਰਾਹੁਲ
ਠਾਣੇ, 15 ਮਾਰਚ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤਰਫ਼ੋਂ ਲਿਆਂਦੀ ਗਈ ਚੋਣ ਬਾਂਡ ਯੋਜਨਾ ਨੂੰ ‘ਦੁਨੀਆ ਦਾ ਸਭ ਤੋਂ ਵੱਡਾ ਐਕਸਟੋਰਸ਼ਨ ਰੈਕੇਟ (ਜਬਰੀ ਵਸੂਲੀ ਗਰੋਹ)’ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਦਿਮਾਗ ਦੀ ਕਾਢ’ ਕਰਾਰ ਦਿੱਤਾ। ਇਸ ਯੋਜਨਾ ਨੂੰ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਰਾਹੁਲ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਯੋਜਨਾ ਰਾਹੀਂ ਇਕੱਠੀ ਕੀਤੀ ਗਈ ਰਕਮ ਦੀ ਵਰਤੋਂ ਸ਼ਿਵ ਸੈਨਾ ਅਤੇ ਐੱਨਸੀਪੀ ਵਰਗੀਆਂ ਸਿਆਸੀ ਧਿਰਾਂ ਨੂੰ ਤੋੜਨ ਅਤੇ ਸਰਕਾਰਾਂ ਨੂੰ ਡੇਗਣ ਲਈ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮ ’ਤੇ ਇੱਕ ਦਿਨ ਪਹਿਲਾਂ ਹੀ ਇਸ ਯੋਜਨਾ ਨਾਲ ਜੁੜੇ ਅੰਕੜੇ ਜਨਤਕ ਕੀਤੇ ਗਏ ਹਨ।
ਰਾਹੁਲ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੇਂਦਰੀ ਚੋਣ ਕਮੇਟੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੈਅ ਕਰਨਗੇ ਕਿ ਉਨ੍ਹਾਂ ਨੂੰ ਅਮੇਠੀ ਤੋਂ ਲੋਕ ਸਭਾ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘‘ਕੁੱਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਸਿਆਸੀ ਵਿੱਤ ਪ੍ਰਣਾਲੀ ਨੂੰ ਸਾਫ਼ ਕਰਨ ਲਈ ਚੋਣ ਬਾਂਡ (ਯੋਜਨਾ) ਤਿਆਰ ਕਰਨ ਦਾ ਦਾਅਵਾ ਕੀਤਾ ਸੀ। ਪਤਾ ਲੱਗਿਆ ਹੈ ਕਿ ਇਹ ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਤੋਂ ਪੈਸੇ ਵਸੂਲਣ ਦਾ ਤਰੀਕਾ ਸੀ। ਇਸ ਦਾ ਉਦੇਸ਼ ਪੂੰਜੀਪਤੀਆਂ ਨੂੰ ਭਾਜਪਾ ਨੂੰ ਪੈਸੇ ਦੇਣ ਲਈ ਡਰਾਉਣਾ ਸੀ... ਇਹ ਦੁਨੀਆ ਦਾ ਸਭ ਤੋਂ ਵੱਡਾ ਜਬਰੀ ਵਸੂਲੀ ਗਰੋਹ ਹੈ... ਮੈਨੂੰ ਉਮੀਦ ਹੈ ਕਿ ਇਸ ਦੀ ਜਾਂਚ ਹੋਵੇਗੀ।’’ ਕੁਝ ਕੰਪਨੀਆਂ ਵੱਲੋਂ ਕਾਂਗਰਸ ਨੂੰ ਚੋਣ ਬਾਂਡ ਦਾਨ ਕਰਨ ਅਤੇ ਪਾਰਟੀ ਦੇ ਸ਼ਾਸਨ ਵਾਲੇ ਰਾਜਾਂ ਵਿੱਚ ਠੇਕੇ ਲੈਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਹੁਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਚਲਾਈ ਜਾ ਰਹੀ ਕਿਸੇ ਵੀ ਸਰਕਾਰ ਨੇ ਰਾਜਮਾਰਗਾਂ ਅਤੇ ਰੱਖਿਆ ਸਬੰਧੀ ਠੇਕਿਆਂ ਨੂੰ ਕੰਟਰੋਲ ਨਹੀਂ ਕੀਤਾ, ਨਾ ਹੀ ਉਨ੍ਹਾਂ ਨੇ ਕੇਂਦਰੀ ਜਾਂਚ ਨੂੰ ਕੰਟਰੋਲ ਕੀਤਾ। ‘‘ਇਨਕਮ ਟੈਕਸ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਕੰਟਰੋਲ ਕੀਤਾ ਗਿਆ ਜਾਂ ਲੋਕਾਂ ਦੇ ਫੋਨਾਂ ਵਿੱਚ ‘ਪੈਗਾਸਸ’ (ਨਿਗਰਾਨੀ ਸਾਫਟਵੇਅਰ) ਪਾਇਆ।’’ ਉਨ੍ਹਾਂ ਦੋਸ਼ ਲਾਇਆ, ‘‘ਕਾਂਗਰਸ ਵੱਲੋਂ ਸ਼ਾਸਿਤ ਸੂਬਿਆਂ ਵਿੱਚ ਦਿੱਤੇ ਗਏ ਠੇਕਿਆਂ ਤੇ ਸਾਨੂੰ ਦਿੱਤੇ ਗਏ ਫੰਡਾਂ ਦਰਮਿਆਨ ਕੋਈ ਸਬੰਧ ਨਹੀਂ ਹੈ। ਠੇਕਾ ਦਿੱਤੇ ਜਾਣ ਮਗਰੋਂ ਕੰਪਨੀਆਂ ਨੇ ਭਾਜਪਾ ਨੂੰ ਚੋਣ ਬਾਂਡ ਦਾਨ ਕੀਤੇ ਹਨ। ਸੀਬੀਆਈ, ਈਡੀ ਮਾਮਲੇ ਦਰਜ ਕਰਦੀ ਹੈ ਅਤੇ ਫਿਰ ਪੂੰਜੀਪਤੀ ਭਾਜਪਾ ਨੂੰ ਪੈਸੇ ਦਿੰਦੇ ਹਨ।’’ ‘ਭਾਰਤ ਜੋੜੇ ਨਿਆਏ ਯਾਤਰਾ’ ਦੇ ਆਖ਼ਰੀ ਪੜਾਅ ਦੌਰਾਨ ਮਹਾਰਾਸ਼ਟਰ ਵਿੱਚ ਮੌਜੂਦ ਰਾਹੁਲ ਗਾਂਧੀ ਨੇ ਕਿਹਾ, ‘‘ਕੁੱਝ ਕੰਪਨੀਆਂ ਨੇ ਪਹਿਲਾਂ ਕਦੇ ਭਾਜਪਾ ਨੂੰ ਪੈਸਾ ਨਹੀਂ ਦਿੱਤਾ ਪਰ ਉਨ੍ਹਾਂ ਖ਼ਿਲਾਫ਼ ਸੀਬੀਆਈ, ਈਡੀ ਦੇ ਮਾਮਲੇ ਦਰਜ ਹੋਣ ਮਗਰੋਂ ਉਨ੍ਹਾਂ ਅਜਿਹਾ ਕੀਤਾ।’’ ਉਨ੍ਹਾਂ ਦੋਸ਼ ਲਾਇਆ, ‘‘ਇਹ ਪ੍ਰਧਾਨ ਮੰਤਰੀ ਦੀ ਸ਼ਹਿ ’ਤੇ ਕੀਤੀ ਗਈ ਇੱਕ ਵੱਡੀ ਚੋਰੀ ਹੈ। ਚੋਣ ਬਾਂਡ ਯੋਜਨਾ ਪ੍ਰਧਾਨ ਮੰਤਰੀ ਦੇ ਦਿਮਾਗ ਦੀ ਕਾਢ ਸੀ।’’ ਈਡੀ ਅਤੇ ਸੀਬੀਆਈ ਦੇ ਭਾਜਪਾ, ਆਰਐੱਸਐੱਸ ਦੀਆਂ ਸੰਸਥਾਵਾਂ ਬਣ ਜਾਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਦਿਨ ਭਾਜਪਾ ਨੂੰ ਹਟਾਇਆ ਜਾਵੇਗਾ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਹ ਮੇਰੀ ਗਾਰੰਟੀ ਹੈ ਕਿ ਅਜਿਹੀਆਂ ਚੀਜ਼ਾਂ ਫਿਰ ਕਦੇ ਨਹੀਂ ਹੋਣਗੀਆਂ।’’ -ਪੀਟੀਆਈ
ਬਾਂਡ ਆਈਡੀ ਨੰਬਰ ਵੀ ਜਾਰੀ ਕੀਤੇ ਜਾਣ: ਜੈਰਾਮ ਰਮੇਸ਼
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘ਜਲਦੀ ਹੀ ਇਸ ਸੂਟ-ਬੂਟ-ਲੂਟ-ਝੂਠ ਸਰਕਾਰ ਕੋਲ ਲੁਕਣ ਲਈ ਕੋਈ ਥਾਂ ਨਹੀਂ ਹੋਵੇਗੀ।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ‘ਹਫ਼ਤਾ ਵਸੂਲੀ ਰਣਨੀਤੀ’ ਬਿਲਕੁਲ ਆਸਾਨ ਹੈ ਅਤੇ ਉਹ ਇਹ ਹੈ ਕਿ ਈਡੀ, ਸੀਬੀਆਈ ਅਤੇ ਆਮਦਨ ਕਰ ਵਿਭਾਗ ਜ਼ਰੀਏ ਕਿਸੇ ਕੰਪਨੀ ’ਤੇ ਛਾਪਾ ਮਾਰੋ ਅਤੇ ਫਿਰ ਉਸ ਤੋਂ ‘ਹਫ਼ਤਾ’ (ਚੰਦਾ) ਮੰਗੋ। ਉਨ੍ਹਾਂ ਕਿਹਾ ਕਿ ਚੰਦਾ ਦੇਣ ਵਾਲੇ 30 ਵਿੱਚੋਂ ਘੱਟੋ-ਘੱਟ 14 ਖ਼ਿਲਾਫ਼ ਪਹਿਲਾਂ ਛਾਪੇ ਮਾਰੇ ਗਏ ਸਨ। ਜੈਰਾਮ ਰਮੇਸ਼ ਨੇ ਕਿਹਾ, ‘‘ਜਿਵੇਂ-ਜਿਵੇਂ ਚੋਣ ਬਾਂਡ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਜਾਰੀ ਰਹੇਗਾ, ਭਾਜਪਾ ਦੇ ਭ੍ਰਿਸ਼ਟਾਚਾਰ ਦੇ ਅਜਿਹੇ ਕਈ ਮਾਮਲੇ ਸਪੱਸ਼ਟ ਹੁੰਦੇ ਜਾਣਗੇ। ਅਸੀਂ ਬਾਂਡ ਆਈਡੀ ਨੰਬਰ ਦੀ ਵੀ ਮੰਗ ਕਰਦੇ ਹਾਂ ਤਾਂ ਕਿ ਅਸੀਂ ਚੰਦਾ ਦੇਣ ਵਾਲਿਆਂ ਅਤੇ ਲੈਣ ਵਾਲਿਆਂ ਦਾ ਸਹੀ ਮੁਲਾਂਕਣ ਕਰ ਸਕੀਏ।’’