ਚੋਣ ਬਾਂਡ: ਵਿੱਤ ਮੰਤਰੀ ਸੀਤਾਰਮਨ ਖ਼ਿਲਾਫ਼ ਕੇਸ ਦਰਜ
ਬੰਗਲੂਰੂ, 28 ਸਤੰਬਰ
ਹੁਣ ਰੱਦ ਹੋ ਚੁੱਕੀ ਚੋਣ ਬਾਂਡ ਯੋਜਨਾ ਦੇ ਸਬੰਧ ਵਿੱਚ ਮਿਲੀ ਸ਼ਿਕਾਇਤ ਤੋਂ ਬਾਅਦ ਇੱਥੋਂ ਦੀ ਅਦਾਲਤ ਦੇ ਨਿਰਦੇਸ਼ਾਂ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰਨਾਂ ਖ਼ਿਲਾਫ਼ ਅੱਜ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਵਿਸ਼ੇਸ਼ ਅਦਾਲਤ ਦੇ ਹੁਕਮਾਂ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਅਤੇ ਭਾਜਪਾ ਦੇ ਸੂਬਾ ਤੇ ਕੌਮੀ ਪੱਧਰ ਦੇ ਅਹੁਦੇਦਾਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384 (ਜਬਰੀ ਵਸੂਲੀ ਲਈ ਸਜ਼ਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਦੇ ਨਾਲ 34 (ਕਈ ਵਿਅਕਤੀਆਂ ਵੱਲੋਂ ਸਾਂਝੇ ਇਰਾਦੇ ਨਾਲ ਕੀਤਾ ਗਿਆ ਸਾਂਝਾ ਅਪਰਾਧ) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਇਹ ਸ਼ਿਕਾਇਤ ‘ਜਨਾਧਿਕਾਰਾ ਸੰਘਰਸ਼ ਪਰਿਸ਼ਥ (ਜੇਐੱਸਪੀ) ਦੇ ਸਹਿ-ਪ੍ਰਧਾਨ ਵੱਲੋਂ ਦਰਜ ਕਰਵਾਈ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਚੋਣ ਬਾਂਡ ਦੇ ਓਹਲੇ ਵਿੱਚ ਜਬਰੀ ਵਸੂਲੀ ਕੀਤੀ ਅਤੇ 8000 ਕਰੋੜ ਰੁਪਏ ਤੋਂ ਵੱਧ ਦਾ ਲਾਭ ਕਮਾਇਆ।’ ਸ਼ਿਕਾਇਤ ਵਿੱਚ ਅੱਗੇ ਦੋਸ਼ ਲਗਾਇਆ ਗਿਆ ਹੈ ਕਿ ਸੀਤਾਰਮਨ ਨੇ ਗੁਪਤ ਤਰੀਕੇ ਨਾਲ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਸੂਬਾ ਤੇ ਕੌਮੀ ਪੱਧਰ ’ਤੇ ਹੋਰਾਂ ਨੂੰ ਫਾਇਦਾ ਪਹੁੰਚਾਉਣ ਲਈ ਹਜ਼ਾਰਾਂ ਕਰੋੜ ਰੁਪਏ ਦੀ ਜਬਰੀ ਵਸੂਲੀ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਚੋਣ ਬਾਂਡ ਦੇ ਓਹਲੇ ਹੇਠ ਜਬਰੀ ਵਸੂਲੀ ਦੀ ਇਹ ਸਮੁੱਚੀ ਸਾਜ਼ਿਸ਼ ਭਾਜਪਾ ਦੇ ਵੱਖ-ਵੱਖ ਪੱਧਰ ਦੇ ਅਹੁਦੇਦਾਰਾਂ ਵੱਲੋਂ ਰਚੀ ਗਈ ਸੀ।
ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (ਮੁੱਡਾ) ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਖ਼ਿਲਾਫ਼ ਐੱਫਆਈਆਰ ਦਰਜ ਹੋਣ ਕਰ ਕੇ ਵਿਰੋਧੀ ਪਾਰਟੀ ਭਾਜਪਾ ਨੇ ਉਨ੍ਹਾਂ ਦਾ ਅਸਤੀਫਾ ਮੰਗਿਆ ਹੈ। ਸਿੱਧਾਰਮਈਆ ਨੇ ਕਿਹਾ, ‘ਭਾਜਪਾ ਆਗੂਆਂ ਦੇ ਤਰਕ ਮੁਤਾਬਕ, ਨਿਰਮਲਾ ਸੀਤਾਰਮਨ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦ ਹੈ, ਹੈ ਨਾ?’ -ਪੀਟੀਆਈ
ਵਿਰੋਧੀ ਪਾਰਟੀਆਂ ਨੇ ਵੀ ਦਿੱਤੀ ਪ੍ਰਤੀਕਿਰਿਆ
ਜੇਡੀ (ਐੱਸ) ਦੇ ਆਗੂ ਅਤੇ ਕੇਂਦਰੀ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ, ‘ਨਿਰਮਲਾ ਸੀਤਾਰਮਨ ਨੂੰ ਅਸਤੀਫਾ ਕਿਉਂ ਦੇਣਾ ਚਾਹੀਦਾ ਹੈ? ਕੀ ਚੋਣ ਬਾਂਡ ਦਾ ਪੈਸਾ ਨਿਰਮਲਾ ਸੀਤਾਰਮਨ ਦੇ ਨਿੱਜੀ ਖਾਤੇ ਵਿੱਚ ਗਿਆ ਹੈ? ਕੀ ਉਨ੍ਹਾਂ ਨੇ ਤੁਹਾਡੇ (ਸਿੱਧਾਰਮਈਆ) ਵਾਂਗ ਸੱਤਾ ਦਾ ਗਲਤ ਇਸਤੇਮਾਲ ਕਰ ਕੇ ਖ਼ੁਦ ਨੂੰ ਫਾਇਦਾ ਪਹੁੰਚਾਇਆ ਹੈ?’ ਉੱਧਰ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਭਾਜਪਾ ਆਗੂ ਆਰ ਅਸ਼ੋਕ ਨੇ ਕਿਹਾ ਕਿ ਕਾਂਗਰਸ ਨੂੰ ਕੇਂਦਰੀ ਵਿੱਤ ਮੰਤਰੀ ’ਤੇ ਟਿੱਪਣੀ ਕਰਨ ਦਾ ਨੈਤਿਕ ਅਧਿਕਾਰ ਨਹੀਂ ਹੈ ਅਤੇ ਉਨ੍ਹਾਂ ਖ਼ਿਲਾਫ਼ ਚੋਣ ਬਾਂਡ ਦੇ ਮੁੱਦੇ ਅਤੇ ਸਿੱਧਾਰਮਈਆ ਖ਼ਿਲਾਫ਼ ਮੁੱਡਾ ਮਾਮਲੇ ਦੀ ਕੋਈ ਤੁਲਨਾ ਨਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ, ‘ਚੋਣ ਬਾਂਡ ਦਾ ਮੁੱਦਾ ਖ਼ਤਮ ਹੋ ਗਿਆ ਹੈ, ਇਸ ’ਤੇ ਸੁਪਰੀਮ ਕੋਰਟ ਫੈਸਲਾ ਸੁਣਾ ਚੁੱਕਾ ਹੈ ਅਤੇ ਸਾਡੇ ਆਗੂ ਐੱਫਆਈਆਰ ਦੇ ਸਬੰਧ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਜ਼ਰੂਰ ਕਰਨਗੇ।’
ਸਿੱਧਾਰਮੱਈਆ ਮਾਮਲੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ: ਪ੍ਰਹਿਲਾਦ ਜੋਸ਼ੀ
ਹੁਬਲੀ (ਕਰਨਾਟਕ): ਖ਼ਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਖ਼ਿਲਾਫ਼ ਦਰਜ ਐੱਫਆਈਆਰ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ਿਲਾਫ਼ ਦਰਜ ਕੀਤੀ ਗਈ ਐੱਫਆਈਆਰ ਦੀ ਕੋਈ ਤੁਲਨਾ ਨਹੀਂ ਹੈ। ਜੋਸ਼ੀ ਨੇ ਕਿਹਾ ਕਿ ਵਿੱਤ ਮੰਤਰੀ ਨੇ ਜੋ ਵੀ ਕੀਤਾ ਉਹ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨ ਮੁਤਾਬਕ ਕੀਤਾ। ਕੇਂਦਰੀ ਮੰਤਰੀ ਨੇ ਕਰਨਾਟਕ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ ਲੋਕਾਯੁਕਤ ਪੁਲੀਸ ਵੱਲੋਂ ਮੁੱਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸਿੱਧਾਰਮਾਈਆ ਤੇ ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਰਿਹਾ। ਜੋਸ਼ੀ ਨੇ ਕਿਹਾ ਕਿ, ‘‘ਮੈਂ ਸੀਤਾਰਮਨ ਖ਼ਿਲਾਫ਼ ਐੱਫਆਈਆਰ ਦਰਜ ਕਰਨ ਸਬੰਧੀ ਅਦਾਲਤੀ ਹੁਕਮਾਂ ਦੀ ਕਾਪੀ ਤਾਂ ਨਹੀਂ ਦੇਖੀ ਹੈ ਪਰ ਮੈਂ ਸਿਰਫ਼ ਇਹ ਕਹਿ ਸਕਦਾ ਹਾਂ ਕਿ ਇਹ ਚੋਣ ਬਾਂਡ ਸੰਸਦ ਵੱਲੋਂ ਪਾਸ ਕੀਤੇ ਗਏ ਕਾਨੂੰਨ ਮੁਤਾਬਕ ਸੀ। ਅਦਾਲਤ ਨੇ ਕੀ ਹੁਕਮ ਦਿੱਤੇ ਹਨ, ਸਾਨੂੰ ਇਸ ਦਾ ਅਧਿਐਨ ਕਰਨ ਦਿਓ...ਪਰ ਮੈਂ ਇਹ ਕਹਿ ਸਕਦਾ ਹਾਂ ਕਿ ਇਸ ਦੀ ਤੁਲਨਾ ਸਿੱਧਾਰਮਈਆ ਮਾਮਲੇ ਨਾਲ ਨਹੀਂ ਕੀਤੀ ਜਾ ਸਕਦੀ।’’ -ਏਐੱਨਆਈ