For the best experience, open
https://m.punjabitribuneonline.com
on your mobile browser.
Advertisement

ਮਾਲਵੇ ਵਿੱਚ ਅਜੇ ਨਜ਼ਰ ਨਹੀਂ ਆਇਆ ਚੋਣਾਂ ਦਾ ਮਾਹੌਲ

06:35 AM May 08, 2024 IST
ਮਾਲਵੇ ਵਿੱਚ ਅਜੇ ਨਜ਼ਰ ਨਹੀਂ ਆਇਆ ਚੋਣਾਂ ਦਾ ਮਾਹੌਲ
ਰਾਜਪੁਰਾ ਦੇ ਮੁੱਖ ਬਾਜ਼ਾਰ ਵਿੱਚ ਚੋਣਾਂ ਬਾਰੇ ਚਰਚਾ ਕਰਦੇ ਹੋਏ ਲੋਕ।
Advertisement

ਚਰਨਜੀਤ ਭੁੱਲਰ
ਬਠਿੰਡਾ, 7 ਮਈ
ਮਾਲਵਾ ਖਿੱਤੇ ਦੇ ਚੋਣ ਮਾਹੌਲ ਨੂੰ ਦੇਖੀਏ ਤਾਂ ਮਸ਼ਹੂਰ ਫ਼ਿਲਮ ‘ਸ਼ੋਅਲੇ’ ਦਾ ਡਾਇਲਾਗ ‘ਇਤਨਾ ਸੰਨਾਟਾ ਕਿਉਂ ਹੈ ਭਾਈ’ ਚੇਤੇ ਆਉਂਦਾ ਹੈ। ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਦੌਰ ਅੱਜ ਸ਼ੁਰੂ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਜ਼ੀਰਕਪੁਰ ਤੋਂ ਲੈ ਕੇ ਬਠਿੰਡਾ ਤੱਕ ਕਿਤੇ ਵੀ ਚੋਣਾਂ ਦਾ ਮਾਹੌਲ ਨਜ਼ਰ ਨਹੀਂ ਪੈਂਦਾ ਹੈ। ਅੱਜ ਜਦੋਂ ਇਸ ਸਮੁੱਚੀ ਚੋਣ ਸਰਗਰਮੀ ਦਾ ਜਾਇਜ਼ਾ ਲਿਆ, ਤਾਂ ਨਾ ਸੜਕਾਂ ’ਤੇ ਕਿਧਰੇ ਫ਼ਲੈਕਸ ਨਜ਼ਰ ਪੈ ਰਹੇ ਸਨ ਅਤੇ ਨਾ ਹੀ ਸਿਆਸੀ ਧਿਰਾਂ ਦੇ ਚੋਣ ਪ੍ਰਚਾਰ ਦੀ ਗੂੰਜ।
ਇੰਜ ਲੱਗਦਾ ਹੈ ਕਿ ਮਾਲਵੇ ਖਿੱਤੇ ਦੇ ਲੋਕਾਂ ਦਾ ਸਿਆਸੀ ਧਿਰਾਂ ਤੋਂ ਮੋਹ ਹੀ ਭੰਗ ਹੋ ਗਿਆ ਹੋਵੇ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕ ਆਪਣੇ ਕੰਮਾਂ ਵਿੱਚ ਮਸਤ ਨਜ਼ਰ ਆਏ। ਜ਼ੀਰਕਪੁਰ ਤੋਂ ਬਠਿੰਡਾ ਤੱਕ ਦੀ ਜਰਨੈਲੀ ਸੜਕ ਅਤੇ ਲਿੰਕ ਸੜਕਾਂ ’ਤੇ ਪੈਂਦੇ ਪਿੰਡਾਂ ਦੀਆਂ ਕੰਧਾਂ ਪੋਸਟਰਾਂ ਦੀ ਉਡੀਕ ਵਿੱਚ ਸਨ ਅਤੇ ਘਰਾਂ ਦੇ ਖਾਲੀ ਪਏ ਬਨੇਰਿਆਂ ਤੋਂ ਇੰਜ ਲੱਗਦਾ ਸੀ ਕਿ ਜਿਵੇਂ ਸਿਆਸਤਦਾਨਾਂ ਨਾਲ ਪੰਜਾਬ ਰੁੱਸ ਗਿਆ ਹੋਵੇ। ਕਿਸਾਨ ਤੂੜੀ ਤੰਦ ਸਾਂਭਣ ਵਿੱਚ ਲੱਗੇ ਹੋਏ ਸਨ ਅਤੇ ਪਿੰਡਾਂ ਦੇ ਅਨਾਜ ਕੇਂਦਰਾਂ ਵਿੱਚ ਲੱਗੇ ਫ਼ਸਲੀ ਅੰਬਾਰ ਆੜ੍ਹਤੀਆਂ ਨੂੰ ਮਾਹੌਲ ਵੱਲ ਦੇਖਣ ਦੀ ਇਜਾਜ਼ਤ ਨਹੀਂ ਦੇ ਰਹੇ ਸਨ। ਵਿਧਾਨ ਸਭਾ ਹਲਕਾ ਰਾਜਪੁਰਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਕਿਸਾਨ ਮਿਲਖਾ ਸਿੰਘ ਦਾ ਕਹਿਣਾ ਸੀ ਕਿ ਹੁਣ ਤਾਂ ਕੁਰਸੀ ਦੀ ਦੌੜ ’ਚ ਪਏ ਸਿਆਸਤਦਾਨਾਂ ਤੋਂ ਮਨ ਅੱਕ ਗਿਆ ਹੈ। ਉਹ ਆਖਦਾ ਹੈ ‘ਵੋਟ ਤਾਂ ਪਾਵਾਂਗੇ। ਕਿਸ ਨੂੰ ਪਾਉਣੀ ਹੈ? ਇਹ ਮਨ ਵੋਟਾਂ ਵਾਲੇ ਦਿਨ ਦੇ ਨੇੜੇ ਬਣਾਵਾਂਗੇ”। ਦੇਖਿਆ ਗਿਆ ਕਿ ਵੋਟਰਾਂ ਵਿੱਚ ਨਾ ਕਿਧਰੇ ਉਤਸ਼ਾਹ ਹੈ ਅਤੇ ਨਾ ਹੀ ਉਹ ਮੂੰਹ ਖੋਲ੍ਹਣ ਨੂੰ ਤਿਆਰ ਹਨ। ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਇਨ੍ਹਾਂ ਦਿਨਾਂ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਸੀ। ਬਹੁਤੇ ਲੋਕਾਂ ਨਾਲ ਗੱਲ ਕਰਨ ਤੋਂ ਇਹ ਸਮਝ ਪਿਆ ਕਿ ਲੋਕ ਚੇਤੰਨ ਹੋਏ ਹਨ ਅਤੇ ਇਸ ਗੱਲ ’ਤੇ ਵੀ ਮੋਹਰ ਲੱਗੀ ਹੈ ਕਿ ਸਿਆਸੀ ਧਿਰਾਂ ਨੇ ਲੋਕਾਂ ਦੇ ਦਿਲ ਹੀ ਨਹੀਂ ਤੋੜੇ ਬਲਕਿ ਉਨ੍ਹਾਂ ਦਾ ਭਰੋਸਾ ਵੀ ਤਾਰ-ਤਾਰ ਕੀਤਾ ਹੈ। ਹਲਕਾ ਸਮਾਣਾ ਦੇ ਪਿੰਡ ਸੈਣੀ ਮਾਜਰਾ ਦੇ ਮਜ਼ਦੂਰ ਸੀਤਾ ਸਿੰਘ ਨੂੰ ਜਦੋਂ ਇਹ ਪੁੱਛਿਆ ਕਿ ਕਿਹੜੀ ਪਾਰਟੀ ’ਤੇ ਭਰੋਸਾ ਹੈ? ਤਾਂ ਉਸ ਨੇ ਨੀਲੇ ਅਸਮਾਨ ਵੱਲ ਸਿੱਧੀ ਉਂਗਲ ਕਰਦਿਆਂ ਕਿਹਾ ਕਿ ਉਸ ਮਾਲਕ ਤੋਂ ਬਿਨਾਂ ਕਿਸੇ ’ਤੇ ਨਹੀਂ। ਇਹ ਵੀ ਵੱਡਾ ਪੱਖ ਸਾਹਮਣੇ ਆਇਆ ਹੈ ਕਿ ਜਿਸ ਤਰੀਕੇ ਨਾਲ ਸਿਆਸਤਦਾਨਾਂ ਨੇ ਟਿਕਟਾਂ ਦੀ ਖ਼ਾਤਰ ਰਾਤੋ-ਰਾਤ ਦਲ ਬਦਲੇ ਹਨ, ਉਸ ਨੇ ਆਮ ਵੋਟਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵੋਟਰਾਂ ਨੂੰ ਹੁਣ ਕੋਈ ਰਾਹ ਨਹੀਂ ਲੱਭ ਰਿਹਾ ਹੈ। ਪੇਂਡੂ ਮਾਲਵੇ ਵਿੱਚ ਇਨ੍ਹਾਂ ਦਿਨਾਂ ਵਿੱਚ ਸਿਆਸੀ ਪਾਰਟੀਆਂ ਤੋਂ ਵੱਧ ਕਿਸਾਨ ਧਿਰਾਂ ਸਰਗਰਮ ਹਨ। ਪਟਿਆਲਾ ਹੋਵੇ ਤੇ ਚਾਹੇ ਬਠਿੰਡਾ, ਜਿੱਥੇ ਕਿਤੇ ਵੀ ਭਾਜਪਾ ਉਮੀਦਵਾਰ ਚੋਣ ਪ੍ਰਚਾਰ ਲਈ ਨਿੱਕਲਦੇ ਹਨ, ਉਨ੍ਹਾਂ ਤੋਂ ਪਹਿਲਾਂ ਝੰਡੇ ਚੁੱਕ ਕੇ ਕਿਸਾਨ ਆਗੂ ਪੁੱਜ ਜਾਂਦੇ ਹਨ। ਕਿਸਾਨਾਂ ਦੇ ‘ਮੁਰਦਾਬਾਦ’ ਦੇ ਨਾਅਰਿਆਂ ਤੋਂ ਸਿਵਾਏ ਹੋਰ ਕੋਈ ਗੂੰਜ ਨਹੀਂ। ਇੰਨਾ ਜ਼ਰੂਰ ਹੈ ਕਿ ਜਿੱਥੇ ਕਿਤੇ ਉਮੀਦਵਾਰ ਚੋਣ ਜਲਸਾ ਕਰਦੇ ਹਨ, ਉਥੇ ਜ਼ਰੂਰ ਚੁਣਾਵੀ ਰੰਗ ਉੱਘੜਦਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਿਤੇ ਰੋਡ ਸ਼ੋਅ ਕਰਦੇ ਹਨ ਅਤੇ ਕਿਤੇ ਚੋਣ ਰੈਲੀ। ਬਠਿੰਡਾ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੱਧੂ ਅਤੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਨੂੰ ਭਖ਼ਾ ਲਿਆ ਹੈ। ਇਸੇ ਤਰ੍ਹਾਂ ਸੰਗਰੂਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵੀ ਚੋਣਾਂ ਵਾਲਾ ਮਾਹੌਲ ਬਣਾਇਆ ਹੈ। ਹਲਕਾ ਫ਼ਰੀਦਕੋਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਅਤੇ ਉਸ ਦੀ ਹਮਾਇਤ ਵਿੱਚ ਕੁੱਦੇ ਪੰਜਾਬੀ ਅਦਾਕਾਰਾਂ ਨੇ, ਖਾਸ ਕਰਕੇ ਨੌਜਵਾਨ ਵੋਟਰਾਂ ਦਾ ਚੰਗਾ ਜੀਅ ਲਵਾਇਆ ਹੈ। ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿੱਚ ਲੋਕ ਸਿਆਸੀ ਮਾਹੌਲ ਨੂੰ ਕਿੰਨਾ ਕੁ ਹੁੰਗਾਰਾ ਦਿੰਦੇ ਹਨ।

Advertisement

‘ਲੀਡਰ ਚਾਰ ਦਿਨ ਹੱਥ ਜੋੜਨਗੇ ਫਿਰ ਤੂੰ ਕੌਣ ਤੇ ਮੈਂ ਕੌਣ’

ਸਿਆਸਤਦਾਨਾਂ ਦੇ ਵਾਅਦਿਆਂ ਤੋਂ ਅੱਕੀ ਪਟਿਆਲਾ ਦੇ ਪਿੰਡ ਆਲਮਪੁਰ ਦੀ ਨਰੇਗਾ ਮਜ਼ਦੂਰ ਜਸਵਿੰਦਰ ਕੌਰ ਆਖਦੀ ਹੈ ਕਿ ‘ਵੋਟਾਂ ਪਾਉਣ ਦਾ ਕੀ ਫਾਇਦਾ, ਹੁਣ ਚਾਰ ਦਿਨ ਹੱਥ ਜੋੜਨਗੇ ਫਿਰ ਤੂੰ ਕੌਣ ਤੇ ਮੈਂ ਕੌਣ’। ਸੰਗਰੂਰ ਹਲਕੇ ਦੇ ਪਿੰਡ ਨਿਦਾਮਪੁਰ ਦੇ ਕਿਸਾਨ ਪ੍ਰੀਤਮ ਸਿੰਘ ਦਾ ਕਹਿਣਾ ਸੀ ਕਿ ‘ਵੋਟਾਂ ਵਾਲਿਆਂ ਨੇ ਕਿਹੜਾ ਅੰਬ ਦੇਣੇ ਨੇ, ਚਾਰ ਮਣ ਦਾਣੇ ਸਾਂਭਾਗੇ ਤਾਂ ਇਸੇ ਨਾਲ ਹੀ ਕਬੀਲਦਾਰੀ ਚੱਲੂ’।ਜ਼ੀਰਕਪੁਰ-ਬਠਿੰਡਾ ਮੁੱਖ ਸੜਕ ’ਤੇ ਸੰਗਰੂਰ ਅਤੇ ਬਠਿੰਡਾ ਹਲਕੇ ਵਿੱਚ ਲੱਗੇ ਸਿਰਫ ਪੰਜ ਫ਼ਲੈਕਸ ਹੀ ਨਜ਼ਰ ਆਏ। ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੇ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਹੁਣ ਜਦੋਂ ਲੀਡਰਾਂ ਦਾ ਹੀ ਕੋਈ ਸਟੈਂਡ ਨਹੀਂ ਰਿਹਾ ਤਾਂ ਅਸੀ ਕਿਉਂ ਲੜ-ਲੜ ਮਰੀਏ! ਪਿੰਡ ਬੋਹਾ ਦੇ ਸਤਗੁਰ ਸਿੰਘ ਦਾ ਕਹਿਣਾ ਸੀ ਕਿ ਐਤਕੀਂ ਹਾਲੇ ਚੋਣਾਂ ਵਾਲਾ ਮਾਹੌਲ ਬੱਝਿਆ ਨਹੀਂ ਹੈ ਅਤੇ ਨਾ ਹੀ ਕਿਸੇ ਵਿੱਚ ਕੋਈ ਉਤਸ਼ਾਹ ਹੈ।

Advertisement
Author Image

joginder kumar

View all posts

Advertisement
Advertisement
×