ਬਜ਼ੁਰਗ ਬੀਬੀਆਂ ਨੇ ਵੀ ਚੁੱਕਿਆ ਖੇਤੀ ਆਰਡੀਨੈਂਸਾਂ ਖ਼ਿਲਾਫ਼ ਝੰਡਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਅਗਸਤ
ਇਲਾਕੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੇ ਹੁਕਮਾਂ ਅਨੁਸਾਰ ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਖੇਤੀ ਆਰਡੀਨੈਂਸ ਮੜ੍ਹ ਰਹੀ ਕੇਂਦਰ ਦੀ ਮੋਦੀ ਹਕੂਮਤ ਖਿਲਾਫ ਨਾਕਾਬੰਦੀ ਪ੍ਰੋਗਰਾਮ 25 ਤੋਂ 29 ਅਗਸਤ ਤੱਕ ਪਿੰਡਾਂ ਵਿੱਚ ਲਗਾਤਾਰ ਚੱਲਣ ਵਾਲੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਥੇਬੰਦੀ ਦੀ ਬਲਾਕ ਲਹਿਰਾਗਾਗਾ ਕਮੇਟੀ ਦੇ ਆਗੂਆਂ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਪਿੰਡ ਗਰਨੇ ਕਲਾਂ, ਬਖੋਰਾ ਖੁਰਦ, ਕੜੈਲ ਵਿਖੇ ਅਰਥੀ ਫੂਕ ਰੈਲੀਆਂ ਕੀਤੀਆਂ ਗਈਆਂ ਅਤੇ ਪਿੰਡ ਢੀਂਡਸਾ ਵਿਖੇ ਮਾਈਆਂ ਸਮੇਤ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇ ਮਾਰਦਿਆਂ ਝੰਡਾ ਮਾਰਚ ਕੀਤਾ ਗਿਆ। ਅੱਜ ਦੇ ਪ੍ਰੋਗਰਾਮ ਵਿੱਚ ਸਾਰੇ ਵਰਗਾਂ ਦੇ ਲੋਕਾਂ ਅਤੇ ਜਥੇਬੰਦੀ ਦੇ ਵਰਕਰਾਂ ਦੀਆਂ ਮਾਂਵਾ-ਭੈਣਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਅੱਜ ਦੀਆਂ ਰੈਲੀਆਂ ਵਿੱਚ ਕਿਸਾਨ ਆਗੂ ਬਹਾਦਰ ਸਿੰਘ ਭੁਟਾਲ, ਮਾਸਟਰ ਗੁਰਚਰਨ ਸਿੰਘ ਖੋਖਰ, ਲਾਭ ਸਿੰਘ, ਜਸਵਿੰਦਰ ਸਿੰਘ ਸੂਬਾ, ਸੁਖਦੇਵ ਸ਼ਰਮਾ, ਲੀਲਾ ਸਿੰਘ ਚੋਟੀਆਂ, ਬਹਾਲ ਸਿੰਘ ਢੀਂਡਸਾ ਅਤੇ ਕਰਨੈਲ ਸਿੰਘ ਗਨੋਟਾ ਆਦਿ ਨੇ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਇਸ ਕਾਲੇ ਕਾਨੂੰਨ ਖਿਲਾਫ ਲਾਮਬੰਦ ਹੋ ਕੇ ਸਰਕਾਰ ਨੂੰ ਜਾਰੀ ਆਰਡੀਨੈਂਸ ਵਾਪਸ ਲੈਣ ਲਈ ਸੰਘਰਸ਼ ਦਾ ਸੱਦਾ ਦਿੱਤਾ।