ਬਿਰਧ ਵੋਟਰਾਂ ਨੇ ਉਤਸ਼ਾਹ ਨਾਲ ਕੀਤਾ ਮਤਦਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੂਨ
ਪਟਿਆਲਾ ਲੋਕ ਸਭਾ ਹਲਕੇ ’ਚ ਪਈਆਂ ਵੋਟਾਂ ਦੌਰਾਨ ਜਿੱਥੇ ਹਰੇਕ ਉਮਰ ਵਰਗ ਦੇ ਵੋਟਰਾਂ ਨੇ ਉਤਸ਼ਾਹ ਦਿਖਾਇਆ, ਉੱਥੇ ਕਈ ਵਡੇਰੀ ਉਮਰ ਦੇ ਵੋਟਰਾਂ ਦੀਆਂ ਵੋਟਾਂ ਭਾਵੇਂ ਅਗਾਊਂ ਹੀ ਪਵਾ ਲਈਆਂ ਗਈਆਂ ਸਨ, ਪਰ ਇਸ ਦੇ ਬਾਵਜੂਦ ਵੋਟ ਪਾਉਣ ਤੋਂ ਰਹਿੰਦੇ ਕਈ ਵਡੇਰੇ ਵੋਟਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਚੱਲ ਕੇ ਖੁਦ ਆਪੋ ਆਪਣੇ ਬੁਥਾਂ ’ਤੇ ਵੋਟ ਪਾਉਣ ਪੁੱਜੇ। ਇਨ੍ਹਾਂ ਵਿਚੋਂ ਹੀ 81 ਸਾਲਾ ਦ੍ਰਿਸ਼ਟੀਹੀਣ ਕੁਲਭੂਸ਼ਣ ਲਾਲ ਨੇ ਗਰਮੀ ਦੇ ਬਾਵਜੂਦ ਵੋਟ ਪਾ ਕੇ ਮਜ਼ਬੂਤ ਲੋਕਤੰਤਰ ਨੂੰ ਰੁਸ਼ਨਾਉਦਿਆਂ ਹੋਰਨਾ ਨੂੰ ’ਚ ਵੀ ਉਤਸ਼ਾਹ ਭਰਿਆ। ਪਟਿਆਲਾ ਸ਼ਹਿਰੀ ਵਿਚਲੇ ਛੋਟਾ ਅਰਾਈ ਮਾਜਰਾ ਵਿੱਚ ਸਥਿਤ ਬੂਥ ਨੰਬਰ 64 ’ਤੇ ਜਦੋਂ ’ਤੇ ਕੁਲਭੂਸ਼ਣ ਲਾਲ ਵੋਟ ਪਾਉਣ ਪਹੁੰਚੇ, ਤਾਂ ਸਭ ਦੀਆਂ ਨਜ਼ਰਾਂ ਉਨ੍ਹਾਂ ਵੱਲ ਸਨ।
ਇਸ ਤੋਂ ਇਲਾਵਾ ਪਟਿਆਲਾ ਦੇ ਹੀ ਬੂਥ ਨੰਬਰ 43 ’ਤੇ ਪਹਿਲੀ ਵਾਰ ਵੋਟ ਪਾਉਣ ਵਾਲੀ ਪਰਾਂਜਲ ਪੁੱਤਰੀ ਰਾਜਕੁਮਾਰ ਵਾਸੀ ਪੁਰਾਣਾ ਬੱਸ ਅੱਡਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ, ਬਾਕੀ ਨੌਜਵਾਨਾਂ ਨੂੰ ਵੀ ਵਧ ਚੜ੍ਹ ਕੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਪਰਾਂਜਲ ਨੂੰ ਪ੍ਰੀਜ਼ਾਈਡੰਗ ਅਫ਼ਸਰ ਵੱਲੋਂ ਪ੍ਰਸੰਸਾ ਪੱਤਰ ਵੀ ਸੌਂਪਿਆ ਗਿਆ। ਪ੍ਰਸ਼ਾਸਨ ਵੱਲ ਹਰ ਬੂਥ ’ਤੇ ਸਭ ਤੋਂ ਪਹਿਲਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਪੰਜ ਨੌਜਵਾਨ ਨੂੰ ਪ੍ਰਸੰਸਾ ਪੱਤਰ ਸੌਂਪੇ ਗਏ। ਸਨੌਰ ’ਚ ਪਹਿਲੀ ਵਾਰ ਵੋਟ ਪਾਉਣ ਵਾਲੀ ਮਨਪ੍ਰੀਤ ਕੌਰ ਸੋਖਲ ਦਾ ਵੀ ਸਨਮਾਨ ਕੀਤਾ ਗਿਆ।
ਸ਼ੇਰਪੁਰ (ਬੀਰਬਲ ਰਿਸ਼ੀ): ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੀ 98 ਸਾਲਾਂ ਨੂੰ ਢੁੱਕੇ ਮਾਤਾ ਗੁਰਨਾਮ ਕੌਰ ਨੇ ਸ਼ੇਰਪੁਰ ਵਿੱਚ 153 ਬੂਥ ਨੰਬਰ ’ਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪਿੰਡ ਦਫ਼ਤਰੀ ਵਾਲਾ ਦੀ ਲਖਬੀਰ ਕੌਰ (103) ਨੇ ਆਪਣੀ ਵੋਟ ਦਾ ਇਸਤੇਮਾਲ ਪੋਲਿੰਗ ਬੂਥ ’ਤੇ ਜਾ ਕੇ ਕੀਤਾ ਜਦ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੱਡੀ ਉਮਰ ਦੇ ਬਜ਼ੁਰਗਾਂ ਦੀ ਵੋਟ ਘਰ-ਘਰ ਜਾ ਕੇ ਪਵਾਈ ਜਾਣੀ ਚਾਹੀਦੀ ਸੀ। ਬਜ਼ੁਰਗ ਮਾਤਾ ਲਖਬੀਰ ਕੌਰ ਦੇ ਪਰਿਵਾਰ ਨੇ ਦੱਸਿਆ ਹੈ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਭਰ ਜਵਾਨੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਮਾਤਾ ਨੇ ਚਾਈਂ ਚਾਈਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਵਾਰ ਚੋਣ ਕਮਿਸ਼ਨਰ ਨੇ ਬਜ਼ੁਰਗਾਂ ਦੀ ਵੋਟ ਦੇ ਲਈ ਵਿਸ਼ੇਸ਼ ਹਦਾਇਤਾਂ ਕੀਤੇ ਜਾਣ ਤੇ ਕੋਈ ਅਮਲ ਨਹੀਂ ਹੋਇਆ ਆਖਰ ਮਾਤਾ ਨੇ ਉਨ੍ਹਾਂ ਨੂੰ ਵੋਟ ਪਵਾ ਕੇ ਲਿਆਉਣ ਲਈ ਮਜਬੂਰ ਕੀਤਾ ਹੈ।