For the best experience, open
https://m.punjabitribuneonline.com
on your mobile browser.
Advertisement

ਸਿਆਸੀ ਆਗੂਆਂ ਨੂੰ ਬਜ਼ੁਰਗਾਂ ਦੇ ਸਵਾਲ

08:54 AM Jun 01, 2024 IST
ਸਿਆਸੀ ਆਗੂਆਂ ਨੂੰ ਬਜ਼ੁਰਗਾਂ ਦੇ ਸਵਾਲ
Advertisement

ਬਲਜੀਤ ਸਿੰਘ
ਸਰਦੂਲਗੜ੍ਹ, 31 ਮਈ
ਚੋਣ ਪ੍ਰਚਾਰ ਬੰਦ ਹੋਣ ਕਾਰਨ ਅੱਜ ਉਮੀਦਵਾਰਾਂ ਦੇ ਸਮਰਥਕ ਘਰ-ਘਰ ਜਾ ਕੇ ਲੋਕਾਂ ਨੂੰ ਮਿਲੇ। ਦਲ ਬਦਲੀਆਂ ਕਾਰਨ ਉਮੀਦਵਾਰਾਂ ਦੇ ਬਹੁਤੇ ਸਮਰਥਕ ਨਵੇਂ ਹੋਣ ਕਾਰਨ ਆਮ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਹੀ ਨਹੀਂ ਆ ਰਹੀ ਕਿ ਉਹ ਵੋਟ ਕਿਸ ਪਾਰਟੀ ਲਈ ਮੰਗਣ ਆਏ ਹਨ, ਪੁਰਾਣੀ ਲਈ ਜਾਂ ਕਿਸੇ ਨਵੀਂ ਪਾਰਟੀ ਲਈ। ਸਰਦੂਲਗੜ੍ਹ ਨੇੜਲੇ ਇੱਕ ਪਿੰਡ ਦੇ ਨੇਤਾ ਨੇ ਜਦੋਂ ਕਿਸਾਨ ਵਿਰੋਧੀ ਮੰਨੀ ਜਾਂਦੀ ਕੇਂਦਰੀ ਪਾਰਟੀ ਲਈ ਵੋਟਾਂ ਮੰਗਣ ਲਈ ਸੱਥ ’ਚ ਬੈਠੇ ਬਾਬਿਆਂ ਅੱਗੇ ਅਲਖ ਜਗਾਈ ਤਾਂ ਮਜ਼ਾਹੀਆ ਕਿਸਮ ਦੇ ਇੱਕ ਬਜ਼ੁਰਗ ਨੇ ਅੱਖਾਂ ’ਤੇ ਹੱਥ ਦੀ ਛਾਂ ਕਰਦਿਆਂ ਉਸ ਸਮਰਥਕ ਨੂੰ ਪਛਾਨਣ ਦੀ ਕੋਸ਼ਿਸ਼ ਵਿੱਚ ਪੁੱਛਿਆ ਹੁਣ ਕਿਹੜੀ ਪਾਰਟੀ ਐ ਭਾਈ ਤੇਰੀ ਕਾਕਾ। ਪਿਛਲੀਆਂ ਵੋਟਾਂ ’ਚ ਭਾਈ ਤੇਰੇ ਹੱਥ ਤੱਕੜੀ ਸੀ ਫਿਰ ਤੂੰ ਬਹੁਕਰ ਫੜ ਲਈ, ਹੁਣ ਦੱਸ ਕੀਹਦੇ ਨਾਲ ਯਾਰੀ ਪਾਈ ਹੈ। ਉਸ ਦੇ ਗਲ ’ਚ ਪਾਇਆ ਚੋਣ ਨਿਸ਼ਾਨ ਵਾਲਾ ਪਰਨਾ ਪਛਾਣ ਕੇ ਕੋਲ ਬੈਠਾ ਇੱਕ ਹੋਰ ਬਜ਼ੁਰਗ ਬੋਲਿਆ ਏਸ ਪਾਰਟੀ ਨੂੰ ਭਾਈ ਤੂੰ ਕਿਸਾਨੀ ਸੰਘਰਸ਼ ਵਿੱਚ ਤਾਂ ਬਾਲ਼ਾ ਭੰਡਦਾ ਸੀ ਤੇ ਫੇਰ ਹੁਣ ਭਾਈ ਇਹ ਰਾਤੋ ਰਾਤ ਚੰਗੀ ਕਿਵੇਂ ਬਣ ਗਈ। ਬਾਬਿਆਂ ਦੀਆਂ ਮਸਖਰੀਆਂ ਸੁਣ ਉਸ ਨੇਤਾ ਨੇ ਫਤਹਿ ਬੁਲਾਈ ਤੇ ਅੱਗੇ ਤੁਰ ਗਿਆ। ਇਵੇਂ ਹੀ ਝੁਨੀਰ ਕਸਬੇ ਦੇ ਨੇੜਲੇ ਇੱਕ ਪਿੰਡ ’ਚ ਵੋਟ ਮੰਗਣ ਗਏ ਦਲ ਬਦਲੂ ਨੇਤਾ ਨੂੰ ਮਜ਼ਾਕ ਕਰਦਿਆਂ ਇੱਕ ਬਜ਼ੁਰਗ ਬੋਲਿਆ ਭਾਈ ਕਾਕਾ ਤੇਰਾ ਬਾਪੂ ਤਾਂ ਭਾਈ ਕੱਟੜ ਅਕਾਲੀ ਸੀ ਤੇ ਤੂੰ ਭਾਈ ਤੱਕੜੀ ਛੱਡ ਹੱਥ ਫੜ ਲਿਆ ਸੀ। ਮੈਂ ਸੁਣਿਐ ਫੇਰ ਭਾਈ ਤੂੰ ਝਾੜੂ ਚੱਕ ਲਿਆ ਸੀ। ਹੁਣ ਭਾਈ ਤੂੰ ਝਾੜੂ ਵਾਲਾ ਹੀ ਹੈਂ ਕਿ ਉਹ ਵੀ ਵਗਾਹ ਮਾਰਿਆ। ਸਰਦੂਲਗੜ੍ਹ ਨੇੜਲੇ ਇੱਕ ਵੱਡੇ ਪਿੰਡ ਦੇ ਇੱਕ ਸਰਪੰਚ ਨੂੰ ਮਜ਼ਾਕ ਕਰਦਿਆਂ ਇੱਕ ਬਜ਼ੁਰਗ ਨੇ ਕਿਹਾ ਕਿਵੇਂ ਸਰਪੰਚਾ ਨਵੇਂ ਮਿੱਤਰਾਂ ਨੇ ਚਾਰ ਛਿੱਲੜ ਗ੍ਰਾਂਟ ਵੀ ਦਿੱਤੀ ਐ ਕੇ ਐਵੇਂ ਹੀ ਖੁਰ ਵੰਢਾਉਂਦੇ ਫਿਰਦੇ ਹੋ। ਬਜ਼ੁਰਗਾਂ ਦੇ ਇਸ ਮਜ਼ਾਕ ਨੇ ਹਲਕੇ ਦੇ ਕਈ ਦਲ ਬਦਲੂ ਲੋਕਾਂ ਨੇਤਾਵਾਂ ਨੂੰ ਵਾਹਣੀ ਪਾ ਰੱਖਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×