ਈ-ਰਿਕਸ਼ਾ ’ਤੇ ਹਸਪਤਾਲ ਪੁੱਜਿਆ ਬਜ਼ੁਰਗ
ਗਗਨਦੀਪ ਅਰੋੜਾ
ਲੁਧਿਆਣਾ, 27 ਜੁਲਾਈ
ਇਥੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਕਰੋਨਾ ਸਬੰਧੀ ਸਹੂਲਤਾਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਸ਼ਹਿਰ ਦਾ 65 ਸਾਲਾ ਬਜ਼ੁਰਗ ਈ-ਰਿਕਸ਼ਾ ਕਰ ਕੇ ਖ਼ੁਦ ਹਸਪਤਾਲ ਪੁੱਜਿਆ, ਜਿੱਥੇ ਕਈ ਘੰਟਿਆਂ ਬਾਅਦ ਉਸ ਨੂੰ ਦਾਖ਼ਲ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਕਰੋਨਾ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਐਂਬੂਲੈਂਸ ਰਾਹੀਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਮਰੀਜ਼ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਪਰ ਇਸ ਮਰੀਜ਼ ਲਈ ਸਿਵਲ ਹਸਪਤਾਲ ਨੇ ਵੱਡੀ ਲਾਪਰਵਾਹੀ ਵਰਤੀ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਪੁਰਾਣੇ ਇਲਾਕੇ ਪਿੰਡੀ ਗਲੀ ਦੇ ਰਹਿਣ ਵਾਲੇ ਇੱਕ ਹੌਜ਼ਰੀ ਵਪਾਰੀ ਦੇ ਪਿਤਾ ਨੂੰ ਕੁਝ ਦਨਿ ਤੋਂ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਐਤਵਾਰ ਨੂੰ ਉਸ ਨੇ ਆਪਣੇ ਪਿਤਾ ਦਾ ਡੀਐੱਮਸੀ ਹਸਪਤਾਲ ’ਚ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਸੋਮਵਾਰ ਸਵੇਰੇ ਉਨ੍ਹਾਂ ਨੂੰ ਸਿਹਤ ਵਿਭਾਗ ਦਾ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਕਰੋਨਾ ਪਾਜ਼ੇਟਿਵ ਹਨ। ਕਾਰੋਬਾਰੀ ਦਾ ਕਹਿਣਾ ਹੈ ਕਿ ਉਸ ਨੇ ਸਿਹਤ ਵਿਭਾਗ ਤੋਂ ਪੁੱਛਿਆ ਕਿ ਐਂਬੂਲੈਂਸ ਉਨ੍ਹਾਂ ਦੇ ਪਿਤਾ ਨੂੰ ਲੈਣ ਕਦੋਂ ਆਵੇਗੀ ਤਾਂ ਜਵਾਬ ਮਿਲਿਆ ਕਿ ਐਂਬੂਲੈਂਸ ਨਹੀਂ ਆਵੇਗੀ, ਉਹ ਖੁਦ ਹੀ ਆਪਣੇ ਪਿਤਾ ਨੂੰ ਲੈ ਕੇ ਹਸਪਤਾਲ ਪੁੱਜ ਜਾਣ ਤੇ ਉਨ੍ਹਾਂ ਈ-ਰਿਕਸ਼ਾ ਕਰ ਕੇ ਪੀੜਤ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਸਿਵਲ ਸਰਜਨ
ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਘਾ ਨੇ ਕਿਹਾ ਕਿ ਮਰੀਜ਼ ਨੂੰ ਐਂਬੂਲੈਂਸ ਨਾ ਮਿਲਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਮਰੀਜ਼ ਨਿੱਜੀ ਜਾਂ ਕਿਰਾਏ ਦੇ ਵਾਹਨ ’ਤੇ ਹਸਪਤਾਲ ਨਾ ਆਵੇ, ਸਗੋਂ ਐਂਬੂਲੈਂਸ ਲਈ ਉਡੀਕ ਕੀਤੀ ਜਾਵੇ ਤਾਂ ਕਿ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।