ਦੇਸ-ਪਰਦੇਸ ਵਿਚਕਾਰ ਪਿਸ ਰਹੇ ਬਜ਼ੁਰਗ
ਪ੍ਰਿੰਸੀਪਲ ਵਿਜੈ ਕੁਮਾਰ
ਪਰਵਾਸ ਦੀ ਡਾਲਰਾਂ ਦੀ ਚਕਾਚੌਂਧ ਵਾਲੀ ਜ਼ਿੰਦਗੀ ਅਤੇ ਦੇਸ਼ ਦੀ ਬੇਰੁਜ਼ਗਾਰੀ ਨੇ ਨੌਜਵਾਨ ਮੁੰਡੇ-ਕੁੜੀਆਂ ਦੇ ਮਨਾਂ ਵਿੱਚ ਇਹ ਗੱਲ ਬਿਠਾ ਦਿੱਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿੱਚ ਕੁਝ ਨਹੀਂ ਰੱਖਿਆ। ਜੇਕਰ ਉਨ੍ਹਾਂ ਨੇ ਖੁਸ਼ਹਾਲ ਜ਼ਿੰਦਗੀ ਜਿਊਣੀ ਹੈ ਤਾਂ ਅਮਰੀਕਾ, ਆਸਟਰੇਲੀਆ, ਕੈਨੇਡਾ, ਜਪਾਨ, ਜਰਮਨੀ, ਨਿਊਜ਼ੀਲੈਂਡ, ਇੰਗਲੈਂਡ, ਇਟਲੀ ਤੇ ਫਰਾਂਸ ਵਰਗੇ ਹੋਰ ਮੁਲਕਾਂ ਵਿੱਚ ਜਾ ਕੇ ਵਸ ਜਾਓ। ਨੌਜਵਾਨ ਮੁੰਡੇ-ਕੁੜੀਆਂ ਦੇ ਵਿਦੇਸ਼ ਵਿੱਚ ਜਾ ਕੇ ਵਸਣ ਦੇ ਜਨੂੰਨ ਵਿੱਚ ਗ਼ਲਤ ਤੇ ਠੀਕ ਦਾ ਫ਼ਰਕ ਵੀ ਖ਼ਤਮ ਹੋ ਗਿਆ ਹੈ। ਇੱਕ ਦੂਜੇ ਦੀ ਵੇਖੋ ਵੇਖੀ ਜ਼ਿਆਦਤਰ ਨੌਜਵਾਨ ਮੁੰਡੇ-ਕੁੜੀਆਂ ਨੇ ਆਪਣੇ ਜੀਵਨ ਦਾ ਇੱਕੋ ਹੀ ਟੀਚਾ ਮਿੱਥ ਲਿਆ ਕਿ ਚਾਹੇ ਜ਼ਮੀਨ ਵੇਚਣੀ ਪਵੇ, ਗਹਿਣੇ ਰੱਖਣੀ ਪਵੇ, ਬੈਂਕ ਤੋਂ ਕਰਜ਼ ਲੈਣਾ ਪਵੇ, ਡੌਂਕੀ ਵਾਲਾ ਰਾਹ ਅਪਣਾਉਣਾ ਪਵੇ, ਵਿਦੇਸ਼ ਜਾਣ ਦੀਆਂ ਯੋਗਤਾਵਾਂ ਪੂਰੀਆਂ ਹੋਣ ਜਾਂ ਨਾ ਹੋਣ ਕਿਸੇ ਏਜੈਂਟ ਦੀ ਲੁੱਟ ਦਾ ਸ਼ਿਕਾਰ ਹੋਣਾ ਪਵੇ, ਬਸ ਵਿਦੇਸ਼ ਜਾਣਾ ਹੀ ਜਾਣਾ ਹੈ।
ਨੌਜਵਾਨਾਂ ਦੇ ਵਿਦੇਸ਼ ਵਿੱਚ ਜਾ ਕੇ ਵਸਣ ਦੇ ਇਸ ਸ਼ੌਕ ਅਤੇ ਫ਼ੈਸਲੇ ਨੇ ਬੱਚਿਆਂ ਦੇ ਮਾਪਿਆਂ ਜਾਂ ਬਜ਼ੁਰਗਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਨੌਜਵਾਨਾਂ ਦੀ ਵਿਦੇਸ਼ ਜਾ ਕੇ ਵਸਣ ਦੀ ਅੜੀ ਨੇ ਉਨ੍ਹਾਂ ਦੇ ਮਾਪਿਆਂ ਜਾਂ ਬਜ਼ੁਰਗਾਂ ਅੱਗੇ ਬਹੁਤ ਵੱਡਾ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ। ਉਹ ਬੇਵਸ ਹੋ ਕੇ ਰਹਿ ਗਏ ਹਨ। ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਲਾ ਰਾਹ ਅਪਣਾਉਣ ਜਾਂ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਣ। ਜੇਕਰ ਉਹ ਆਪਣੇ ਬੱਚਿਆਂ ਦੀ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਸਾਹਮਣੇ ਆਪਣੇ ਬੱਚਿਆਂ ਤੋਂ ਬੁਰੇ ਬਣਨ, ਉਨ੍ਹਾਂ ਦਾ ਜਾਨ ਗੁਆ ਬੈਠਣ ਦਾ ਡਰ ਅਤੇ ਉਨ੍ਹਾਂ ਦਾ ਭਵਿੱਖ ਨਾ ਬਣਨ ਦਾ ਫ਼ਿਕਰ ਦੀਆਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ, ਪਰ ਜੇਕਰ ਉਹ ਉਨ੍ਹਾਂ ਦਾ ਕਹਿਣਾ ਮੰਨ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ ਤਾਂ ਉਹ ਨਾ ਆਪਣੇ ਦੇਸ਼ ਜੋਗੇ ਰਹਿੰਦੇ ਹਨ ਤੇ ਨਾ ਵਿਦੇਸ਼ ਜੋਗੇ।
ਜਿਨ੍ਹਾਂ ਬੱਚਿਆਂ ਕੋਲ ਨੌਕਰੀ ਨਹੀਂ ਹੈ, ਜਿਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਚੰਗੀ ਨਹੀਂ ਹੈ, ਉਨ੍ਹਾਂ ਬੱਚਿਆਂ ਦੇ ਵਿਦੇਸ਼ ਜਾਣ ਦੀ ਗੱਲ ਸਮਝ ਆਉਂਦੀ ਹੈ, ਪਰ ਜਿਹੜੇ ਬੱਚੇ ਆਪਣੇ ਦੇਸ਼ ਵਿੱਚ ਲੱਖਾਂ ਰੁਪਏ ਮਹੀਨੇ ਦੇ ਕਮਾ ਰਹੇ ਹਨ, ਜਿਨ੍ਹਾਂ ਦੇ ਮਾਪਿਆਂ ਦੀ ਆਰਥਿਕ ਸਥਿਤੀ ਬਹੁਤ ਚੰਗੀ ਹੈ, ਜਿਨ੍ਹਾਂ ਦੇ ਮਾਪਿਆਂ ਦੀ ਕਰੋੜਾਂ ਰੁਪਿਆਂ ਦੀ ਜਾਇਦਾਦ ਹੈ, ਉਹ ਬੱਚੇ ਚੰਗੀ ਆਰਾਮ ਵਾਲੀ ਜ਼ਿੰਦਗੀ ਅਤੇ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਆਪ ਨੂੰ ਅਤੇ ਆਪਣੇ ਬਜ਼ੁਰਗਾਂ ਨੂੰ ਸਮੱਸਿਆਵਾਂ ਵਿੱਚ ਪਾਉਣ ਲਈ ਵਿਦੇਸ਼ਾਂ ਵੱਲ ਕਿਉਂ ਭੱਜ ਰਹੇ ਹਨ? ਡਾਲਰ ਕਮਾ ਕੇ ਅਰਬਪਤੀ ਹੋਣ ਅਤੇ ਵਿਦੇਸ਼ਾਂ ਦੀਆਂ ਹੋਰ ਸਹੂਲਤਾਂ ਮਾਣਨ ਦੇ ਚੱਕਰ ਵਿੱਚ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਵਸਣ ਦੀ ਅੰਨ੍ਹੀਂ ਦੌੜ ਲੱਗੀ ਹੋਈ ਹੈ। ਵਿਦੇਸ਼ਾਂ ਵਿੱਚ ਵਸੇ ਕਈ ਪਰਵਾਸੀ ਨੌਜਵਾਨਾਂ ਦੇ ਬਜ਼ੁਰਗਾਂ ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਉਨ੍ਹਾਂ ਦੇ ਸਾਰੇ ਬੱਚੇ ਵਿਦੇਸ਼ ਵਿੱਚ ਵਸੇ ਹੋਏ ਹਨ। ਜੇਕਰ ਇੱਕ ਮੁੰਡਾ ਕੈਨੇਡਾ ਵਿੱਚ ਹੈ ਤਾਂ ਦੂਜਾ ਅਮਰੀਕਾ ਵਿੱਚ ਹੈ ਤੇ ਕੁੜੀ ਆਸਟਰੇਲੀਆ ਵਿੱਚ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੇ ਬਜ਼ੁਰਗ ਪਿੱਛੇ ਇਕੱਲੇ ਰਹਿ ਕੇ ਆਪਣੇ ਬੁਢਾਪੇ ਦਾ ਸੰਤਾਪ ਭੋਗ ਰਹੇ ਹੁੰਦੇ ਹਨ। ਜਿਨ੍ਹਾਂ ਬਜ਼ੁਰਗਾਂ ਦੀ ਉਨ੍ਹਾਂ ਦੇ ਬੁਢਾਪੇ ਵਿੱਚ ਉਨ੍ਹਾਂ ਦੇ ਬੱਚਿਆਂ ਨੇ ਸੇਵਾ ਕਰਨੀ ਹੁੰਦੀ ਹੈ, ਉਲਟਾ ਉਹ ਬਜ਼ੁਰਗ ਆਪਣੇ ਬੱਚਿਆਂ ਦੀ ਸਹਾਇਤਾ ਲਈ ਕਦੇ ਇੱਕ ਬੱਚੇ ਕੋਲ ਤੁਰੇ ਹੋਏ ਹੁੰਦੇ ਹਨ, ਕਦੇ ਦੂਜੇ ਕੋਲ ਤੇ ਕਦੇ ਤੀਜੇ ਕੋਲ। ਜੇਕਰ ਵਿਦੇਸ਼ ਗਏ ਬੱਚਿਆਂ ਕੋਲ ਜਾਣ ਲਈ ਬਜ਼ੁਰਗਾਂ ਦੀ ਸਿਹਤ ਅਤੇ ਉਨ੍ਹਾਂ ਦੇ ਘਰਾਂ ਦੇ ਹਾਲਾਤ ਵੀ ਇਜਾਜ਼ਤ ਨਾ ਦਿੰਦੇ ਹੋਣ ਤਾਂ ਵੀ ਉਨ੍ਹਾਂ ਨੂੰ ਉਨ੍ਹਾਂ ਕੋਲ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ।
ਜੇਕਰ ਇੱਕ ਬੱਚੇ ਕੋਲ ਬਜ਼ੁਰਗਾਂ ਦੇ ਚਾਰ ਮਹੀਨੇ ਵੱਧ ਲੱਗ ਜਾਣ ਤਾਂ ਦੂਜੇ ਗੁੱਸਾ ਹੋ ਜਾਂਦੇ ਹਨ। ਕਈ ਪਰਿਵਾਰਾਂ ਦੀ ਸਥਿਤੀ ਤਾਂ ਅਜਿਹੀ ਵੀ ਹੁੰਦੀ ਹੈ ਕਿ ਇੱਕੋ ਇੱਕ ਪੁੱਤਰ ਵੀ ਆਪਣੇ ਮਾਪਿਆਂ ਨੂੰ ਛੱਡ ਕੇ ਵਿਦੇਸ਼ ਵਿੱਚ ਜਾ ਵਸਿਆ ਹੈ। ਵਿਦੇਸ਼ਾਂ ਵਿੱਚ ਵਸੇ ਪਰਵਾਸੀ ਬੱਚੇ ਇੱਕ ਦੂਜੇ ਨੂੰ ਕਹੀ ਜਾਂਦੇ ਹਨ ਕਿ ਉਹ ਬਜ਼ੁਰਗਾਂ ਨੂੰ ਵੇਖਣ ਜਾਵੇ, ਪਰ ਜਾਂਦਾ ਕੋਈ ਨਹੀਂ। ਪੈਸੇ ਖ਼ਰਚ ਹੋਣ ਦੇ ਮਾਰੇ ਕੋਈ ਵੀ ਜਾਣ ਨੂੰ ਤਿਆਰ ਨਹੀਂ ਹੁੰਦਾ। ਬਜ਼ੁਰਗ ਆਪਣੇ ਪੋਤੇ-ਪੋਤੀਆਂ ਨੂੰ ਵੇਖਣ ਅਤੇ ਮਿਲਣ ਲਈ ਤਰਸ ਰਹੇ ਹੁੰਦੇ ਹਨ। ਉਨ੍ਹਾਂ ਦੇ ਬੱਚੇ ਵੀਡਿਓ ਕਾਲ ’ਤੇ ਹੀ ਉਨ੍ਹਾਂ ਦੀ ਗੱਲ ਕਰਵਾ ਕੇ ਆਪਣਾ ਫਰਜ਼ ਪੂਰਾ ਕਰ ਦਿੰਦੇ ਹਨ। ਮੇਰਾ ਜਾਣਕਾਰ ਇੱਕ ਬਜ਼ੁਰਗ ਅਧਰੰਗ ਕਾਰਨ ਬੈੱਡ ਉਤੇ ਲੰਬਾ ਪੈ ਗਿਆ। ਵਿਦੇਸ਼ ਵਸਦੇ ਬੱਚਿਆਂ ਦੀ ਮਾਂ ਨੇ ਆਪਣੇ ਦੋਵੇਂ ਮੁੰਡਿਆਂ ਅਤੇ ਧੀ ਨੂੰ ਫੋਨ ਕੀਤਾ ਕਿ ਉਨ੍ਹਾਂ ਦੇ ਪਿਓ ਨੂੰ ਅਧਰੰਗ ਮਾਰ ਗਿਆ ਹੈ। ਉਨ੍ਹਾਂ ਨੂੰ ਉਸ ਦੇ ਇਲਾਜ ਲਈ ਆਉਣਾ ਪਵੇਗਾ, ਪਰ ਉਸ ਬਜ਼ੁਰਗ ਦੇ ਤਿੰਨਾਂ ਬੱਚਿਆਂ ਨੇ ਛੁੱਟੀ ਨਾ ਮਿਲਣ ਅਤੇ ਸਮਾਂ ਨਾ ਹੋਣ ਦੀ ਗੱਲ ਕਹਿ ਕੇ ਆਉਣ ਤੋਂ ਮਨ੍ਹਾ ਕਰ ਦਿੱਤਾ ਤੇ ਪਿਓ ਦੀ ਦੇਖਭਾਲ ਲਈ ਨਰਸ ਰੱਖਣ ਵਾਸਤੇ ਪੈਸੇ ਭੇਜਣ ਲਈ ਕਹਿ ਦਿੱਤਾ।
ਪਾਰਕ ਵਿੱਚ ਬੈਠੇ ਬਜ਼ੁਰਗ ਦਾ ਇਹ ਕਹਿਣਾ ਕਿ ਡਾਲਰਾਂ ਨੇ ਸਾਡੇ ਬੱਚਿਆਂ ਦਾ ਖੂਨ ਅਤੇ ਰਿਸ਼ਤਿਆਂ ਦਾ ਨਿੱਘ ਸਫ਼ੈਦ ਕਰ ਦਿੱਤਾ ਹੈ, ਕਾਫ਼ੀ ਹੱਦ ਤੱਕ ਠੀਕ ਹੈ। ਵਿਦੇਸ਼ ਵਿੱਚ ਵਸਦੇ ਤਿੰਨ ਬੱਚਿਆਂ ਦੀ ਮਾਂ ਨੂੰ ਆਪਣੀ ਬਿਮਾਰੀ ਤੋਂ ਤੰਗ ਆ ਕੇ ਬਿਰਧ ਆਸ਼ਰਮ ਵਿੱਚ ਰਹਿਣਾ ਪੈ ਰਿਹਾ ਹੈ। ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਕੋਲ ਆਏ ਜਾਂ ਵਸ ਰਹੇ ਬਜ਼ੁਰਗਾਂ ਨੂੰ ਘਰਾਂ ਨੂੰ ਜਾਂ ਤਾਂ ਜਿੰਦਰੇ ਲਾ ਕੇ ਆਉਣਾ ਪੈਂਦਾ ਹੈ ਜਾਂ ਫਿਰ ਕਿਸੇ ਦੇ ਹਵਾਲੇ ਕਰਕੇ ਆਉਣਾ ਪੈਂਦਾ ਹੈ। ਜੇਕਰ ਘਰ ਨੂੰ ਜਿੰਦੇ ਲਗਾ ਕੇ ਆਉਂਦੇ ਹਨ ਤਾਂ ਘਰਾਂ ਦੀ ਬਰਬਾਦੀ ਹੁੰਦੀ ਹੈ। ਜੇਕਰ ਘਰ ਕਿਸੇ ਦੇ ਹਵਾਲੇ ਕਰਦੇ ਹਨ ਤਾਂ ਦੂਜਿਆਂ ਦੇ ਅਹਿਸਾਨ ਲੈਣੇ ਪੈਂਦੇ ਹਨ। ਘਰ ਦਾ ਨੁਕਸਾਨ ਹੋਣ ’ਤੇ ਕਿਸੇ ਨੂੰ ਕੁਝ ਕਿਹਾ ਨਹੀਂ ਜਾ ਸਕਦਾ। ਜ਼ਮੀਨਾਂ ਦੀ ਦੁਰਵਰਤੋਂ ਅਤੇ ਉਨ੍ਹਾਂ ਨੂੰ ਜ਼ਮੀਨਾਂ ਦਾ ਘੱਟ ਠੇਕਾ ਮਿਲਣ ਜਾਂ ਨਾ ਮਿਲਣ ਦਾ ਦੁੱਖ ਮਜਬੂਰੀ ਵਿੱਚ ਜਰਨਾ ਪੈਂਦਾ ਹੈ ਕਿਉਂਕਿ ਉਹ ਵਿਦੇਸ਼ਾਂ ਵਿੱਚ ਬੈਠੇ ਕਰ ਕੁਝ ਨਹੀਂ ਸਕਦੇ। ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੇ ਆਪਣੇ ਘਰ ਪਰਵਾਸੀ ਮਜ਼ਦੂਰਾਂ ਦੇ ਹਵਾਲੇ ਕੀਤੇ ਹੋਏ ਹਨ। ਕਈ ਪਰਵਾਸੀ ਮਜ਼ਦੂਰਾਂ ਵੱਲੋਂ ਉਨ੍ਹਾਂ ਦੇ ਘਰਾਂ ਉੱਤੇ ਕਬਜ਼ਾ ਕਰਨ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ। ਵਿਦੇਸ਼ਾਂ ਵਿੱਚ ਵਸਦੇ ਅਨੇਕਾਂ ਪਰਵਾਸੀਆਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕਰਨ ਦੀਆਂ ਖ਼ਬਰਾਂ ਮੀਡੀਆ ਵਿੱਚ ਆਉਂਦੀਆਂ ਹੀ ਰਹਿੰਦੀਆਂ ਹਨ।
ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਕੋਲ ਵਿਜ਼ਿਟਰ, ਸੁਪਰ ਵੀਜ਼ੇ ’ਤੇ ਗਏ, ਪੱਕੇ ਤੌਰ ’ਤੇ ਵਸ ਰਹੇ ਬਜ਼ੁਰਗਾਂ ਨੂੰ ਸਿਹਤ ਸੇਵਾਵਾਂ ਦਾ ਯੋਗ ਪ੍ਰਬੰਧ ਨਾ ਹੋਣ, ਆਪਣੇ ਪਿੱਛੇ ਛੱਡੇ ਘਰਾਂ ਦੇ ਬਿਜਲੀ, ਪਾਣੀ ਤੇ ਹੋਰ ਕਈ ਤਰ੍ਹਾਂ ਦੇ ਬਿੱਲਾਂ ਦੀ ਅਦਾਇਗੀ, ਘਰਾਂ ਦੀ ਸਾਫ਼ ਸਫ਼ਾਈ, ਆਪਣੇ ਦੇਸ਼ ਤੋਂ ਆਪਣੀਆਂ ਦਵਾਈਆਂ ਮੰਗਵਾਉਣ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਦੁਖਾਂ ਸੁਖਾਂ ਵਿੱਚ ਸ਼ਰੀਕ ਨਾ ਹੋ ਸਕਣ, ਆਉਣ ਜਾਣ ਦੀਆਂ ਟਿਕਟਾਂ ਦਾ ਖਰ਼ਚ, ਬੇਸਮੈਂਟਾਂ ਵਿੱਚ ਰਹਿਣ ਦਾ ਸੰਕਟ, ਸਮਾਂ ਪਾਸ ਨਾ ਹੋਣ, ਮਨ ਪਸੰਦ ਦੇ ਖਾਣੇ ਨਾ ਹੋਣ, ਵਿਦੇਸ਼ ਵਿੱਚ ਵਸਦੇ ਬੱਚਿਆਂ ਦਾ ਚੰਗੀ ਤਰ੍ਹਾਂ ਸੈੱਟ ਹੋਣ ਅਤੇ ਪੈਨਸ਼ਨਾਂ ਲੱਗਣ ਦੇ ਬਾਵਜੂਦ ਪੁੱਤਰਾਂ ਨੂੰਹਾਂ ਦਾ ਮਾੜਾ ਵਤੀਰਾ, ਪੁੱਤਰਾਂ ਧੀਆਂ ਨੂੰ ਯੋਗ ਰਿਸ਼ਤੇ ਨਾ ਮਿਲਣੇ, ਉਨ੍ਹਾਂ ਨੂੰ ਰੁਜ਼ਗਾਰ ਨਾ ਮਿਲਣ ਅਤੇ ਪੁੱਤਰਾਂ, ਧੀਆਂ ਦੇ ਤਲਾਕ, ਮੁੰਡੇ ਕੁੜੀਆਂ ਦੇ ਮਾਪਿਆਂ ਦੇ ਵਾਰੀ ਵਾਰੀ ਆਉਣ, ਬੱਚਿਆਂ ਦੇ ਪਾਲਣ ਪੋਸ਼ਣ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਬਜ਼ੁਰਗ ਦੇਸ਼ ਅਤੇ ਪਰਵਾਸ ਦੀ ਜ਼ਿੰਦਗੀ ਵਿੱਚ ਪਿਸ ਰਹੇ ਨਾ ਇੱਥੇ ਵਸਣ ਜੋਗੇ ਤੇ ਨਾ ਪਿੱਛੇ ਨੂੰ ਮੁੜਨ ਜੋਗੇ ਮਹਿਸੂਸ ਕਰਦੇ ਹਨ। ਵਿਦੇਸ਼ਾਂ ਵਿੱਚ ਵਸਦੇ ਮੁੰਡੇ ਕੁੜੀਆਂ ਅਤੇ ਬਜ਼ੁਰਗਾਂ ਨੂੰ ਚੰਗੀ ਜ਼ਿੰਦਗੀ ਗੁਜ਼ਾਰਨ ਲਈ ਦੂਰ ਅੰਦੇਸ਼ੀ ਨਾਲ ਕੰਮ ਲੈਂਦੇ ਹੋਏ ਡਾਲਰਾਂ ਦੀ ਕਮਾਈ ਪਿੱਛੇ ਭੱਜਣ ਨਾਲੋਂ ਆਪਣੇ ਆਪਣੇ ਫਰਜ਼ਾਂ ਦੀ ਪਛਾਣ ਕਰਦਿਆਂ ਠੀਕ ਫ਼ੈਸਲੇ ਲੈਣੇ ਚਾਹੀਦੇ ਹਨ।
ਈ-ਮੇਲ: vijaykumarbehki@gmail.com