ਖੇਤਾਂ ’ਚ ਰਹਿੰਦੇ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ
ਰਮਨਦੀਪ ਸਿੰਘ
ਰਾਮਪੁਰਾ ਫੂਲ, 7 ਜਨਵਰੀ
ਪਿੰਡ ਬਦਿਆਲਾ ਦੇ ਖੇਤਾਂ ਵਿਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਿਆਸ ਸਿੰਘ ਪੁੱਤਰ ਕਰਨੈਲ ਸਿੰਘ (66) ਤੇ ਅਮਰਜੀਤ ਕੌਰ ਪਤਨੀ ਕਿਆਸ (62) ਵਜੋਂ ਹੋਈ ਹੈ। ਐੱਸਪੀ ਡੀ ਨਰਿੰਦਰ ਸਿੰਘ ਤੇ ਸਦਰ ਥਾਣਾ ਰਾਮਪੁਰਾ ਦੇ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਕਿਆਸ ਸਿੰਘ ਦੇ ਦਿੱਲੀ ਰਹਿੰਦੇ ਪੁੱਤਰ ਕਰਮਜੀਤ ਸਿੰਘ ਨੇ ਆਪਣੇ ਮਾਪਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਫ਼ੋਨ ਕੀਤਾ ਪਰ ਫੋਨ ਨਾ ਚੁੱਕਣ ’ਤੇ ਉਸ ਵੱਲੋਂ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਜਦੋਂ ਕਿਆਸ ਸਿੰਘ ਦੇ ਘਰ ਜਾ ਕੇ ਵੇਖਿਆ ਤਾਂ ਪਤੀ-ਪਤਨੀ ਮਰੇ ਹੋਏ ਸਨ ਤੇ ਉਨ੍ਹਾਂ ਦੇ ਸਿਰਾਂ ’ਤੇ ਕਈ ਵਾਰ ਕੀਤੇ ਗਏ ਸਨ। ਇਸ ਮੌਕੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਐੱਸਪੀ ਨਰਿੰਦਰ ਸਿੰਘ, ਡੀਐੱਸਪੀ ਪ੍ਰਦੀਪ ਸਿੰਘ ਫੂਲ, ਐੱਸਐੱਚਓ ਜੋਗਿੰਦਰ ਸਿੰਘ ਅਤੇ ਸੀਆਈਏ ਸਟਾਫ਼ ਬਠਿੰਡਾ ਦੀਆਂ ਟੀਮਾਂ ਪਹੁੰਚੀਆਂ ਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਸਹਾਰਾ ਜਨ ਸੇਵਾ ਰਾਮਪੁਰਾ ਫੂਲ ਦੇ ਪ੍ਰਧਾਨ ਸੰਦੀਪ ਵਰਮਾ ਵੱਲੋਂ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।