ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਲਾਂਤੇ ਹਾਦਸਾ: ਪਰਿਵਾਰ ਨੇ ਖਿਡੌਣਾ ਰੇਲ ਗੱਡੀ ’ਚ ਸੁਰੱਖਿਆ ਪ੍ਰਬੰਧਾਂ ’ਤੇ ਚੁੱਕੇ ਸਵਾਲ

08:08 AM Jun 25, 2024 IST
ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਖਿਡੌਣਾ ਰੇਲ ਗੱਡੀ ਦੀ ਝਲਕ।

ਆਤਿਸ਼ ਗੁਪਤਾ
ਚੰਡੀਗੜ੍ਹ, 24 ਜੂਨ
ਇੱਥੋਂ ਦੇ ਨੈਕਸਸ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਪਲਟਣ ਕਰ ਕੇ 11 ਸਾਲਾ ਸ਼ਹਿਬਾਜ਼ ਦੀ ਮੌਤ ਹੋਣ ਤੋਂ ਬਾਅਦ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਚੰਡੀਗੜ੍ਹ ਪੁਲੀਸ ਨੇ ਸ਼ਹਿਬਾਜ਼ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਨੇ ਸ਼ਹਿਬਾਜ਼ ਦਾ ਸਸਕਾਰ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣ ਬਾਰੇ ਸਵਾਲ ਚੁੱਕੇ ਜਾ ਰਹੇ ਹਨ। ਦੂਜੇ ਪਾਸੇ, ਥਾਣਾ ਸਨਅਤੀ ਏਰੀਆ ਦੀ ਪੁਲੀਸ ਨੇ ਕੇਸ ਦਰਜ ਕਰਨ ਤੋਂ ਬਾਅਦ ਖਿਡੌਣਾ ਰੇਲ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਇਹ ਕੇਸ ਮ੍ਰਿਤਕ ਦੇ ਚਾਚਾ ਜਤਿੰਦਰ ਪਾਲ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਖਿਡੌਣਾ ਰੇਲ ਗੱਡੀ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਰੇਲ ਗੱਡੀ ਵਿੱਚ ਨਾ ਤਾਂ ਬੱਚਿਆਂ ਦੀ ਸੁਰੱਖਿਆ ਲਈ ਕੋਈ ਸੀਟ ਬੈਲਟ ਸੀ ਅਤੇ ਨਾ ਹੀ ਨਾਲ ਕੋਈ ਪ੍ਰਬੰਧਕ ਦਿਖਾਈ ਦਿੱਤਾ। ਰੇਲ ਗੱਡੀ ’ਤੇ ਨਿਯਮ ਜਾਂ ਸੁਰੱਖਿਆ ਸਬੰਧੀ ਜਾਣਕਾਰੀ ਵੀ ਸਾਂਝੀ ਨਹੀਂ ਸੀ ਕੀਤੀ ਹੋਈ। ਜਤਿੰਦਰਪਾਲ ਨੇ ਕਿਹਾ ਕਿ ਰੇਲ ਗੱਡੀ ਦਾ ਡੱਬਾ ਪਲਟਣ ਤੋਂ ਬਾਅਦ ਉਹ ਖ਼ੁਦ ਸ਼ਹਿਬਾਜ਼ ਨੂੰ ਚੁੱਕ ਕੇ ਸੈਕਟਰ-32 ਦੇ ਹਸਪਤਾਲ ਵਿੱਚ ਲੈ ਕੇ ਗਏ ਹਨ। ਏਲਾਂਤੇ ਮਾਲ ਵੱਲੋਂ ਉਸ ਸਮੇਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਹੈ।
ਥਾਣਾ ਸਨਅਤੀ ਏਰੀਆ ਦੀ ਐੱਸਐੱਚਓ ਊਸ਼ਾ ਨੇ ਕਿਹਾ ਕਿ ਇਸ ਘਟਨਾ ਸਬੰਧੀ ਖਿਡੌਣਾ ਰੇਲ ਗੱਡੀ ਦੇ ਪ੍ਰਬੰਧਕ ਸੌਰਵ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਏਲਾਂਤੇ ਮਾਲ ਨੇ ਰੇਲ ਗੱਡੀ ਚਲਾਉਣ ਲਈ ਅੱਗੇ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ। ਇਸ ਲਈ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਰੇਲ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਦੱਸਣਯੋਗ ਹੈ ਕਿ ਸ਼ਨਿੱਚਰਵਾਰ ਰਾਤ ਨੂੰ ਏਲਾਂਤੇ ਮਾਲ ਵਿੱਚ ਖਿਡੌਣਾ ਰੇਲ ਗੱਡੀ ਪਲਟਣ ਕਰ ਕੇ 11 ਸਾਲਾ ਸ਼ਹਿਬਾਜ਼ ਦੀ ਮੌਤ ਹੋ ਗਈ ਹੈ। ਥਾਣਾ ਸਨਅਤੀ ਏਰੀਆ ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਰੇਲ ਗੱਡੀ ਦੇ ਪ੍ਰਬੰਧਕ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਘਟਨਾ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement