ਏਲਨਾਬਾਦ: ਰਜਿਸਟਰੀਆਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
ਜਗਤਾਰ ਸਮਾਲਸਰ
ਏਲਨਾਬਾਦ, 25 ਜੂਨ
ਏਲਨਾਬਾਦ ਤਹਿਸੀਲ ਦਫ਼ਤਰ ਵਿੱਚ ਇਲਾਕੇ ਦੇ 18 ਪਿੰਡਾਂ ਏਲਨਾਬਾਦ, ਢਾਣੀ ਜਟਾਨ, ਪੋਹੜਕਾ, ਅੰਮ੍ਰਿਤਸਰ, ਧੌਲਪਾਲੀਆ, ਮਿਠਨਪੁਰਾ, ਮੂਸਲੀ, ਨੀਮਲਾ, ਸ਼ੇਖੂਖੇੜਾ, ਥੋਬਰੀਆ, ਬੁੱਢੀਮਾੜੀ, ਚਿਲਕਨੀ ਢਾਬ, ਕਰਮਸ਼ਾਨਾ, ਕੋਟਲੀ, ਮੌਜੂਖੇੜਾ, ਮਹਿਣਾਖੇੜਾ, ਮਿੱਠੀ ਸੁਰੇਰਾ ਤੇ ਤਲਵਾੜਾ ਖੁਰਦ ਆਦਿ ਦੀਆਂ ਰਜਿਸਟਰੀਆਂ ਬੰਦ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਲੋਕਾਂ ਦੀਆਂ ਰਜਿਸਟਰੀਆਂ ਕਰਵਾਉਣ ਦੀ ਤਰੀਕ ਆ ਚੁੱਕੀ ਹੈ ਉਹ ਕਸੂਤੀ ਸਥਿਤੀ ਵਿੱਚ ਫਸੇ ਨਜ਼ਰ ਆ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰਜਿਸਟਰੀਆਂ ਬੰਦ ਹੋਣ ਕਾਰਨ ਉਨ੍ਹਾਂ ਦਾ ਪੂਰਾ ਕੰਮ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਪਹਿਲਾਂ ਏਲਨਾਬਾਦ ਤਹਿਸੀਲ ਦਫ਼ਤਰ ਵਿੱਚ ਰੋਜ਼ਾਨਾ ਔਸਤਨ 50 ਰਜਿਸਟਰੀਆਂ ਹੋ ਰਹੀਆਂ ਸਨ ਪਰ ਹੁਣ ਇਨ੍ਹਾਂ 18 ਪਿੰਡਾਂ ਦੀ ਜਮ੍ਹਾਂਬੰਦੀ ਦਾ ਨਵੀਨੀਕਰਨ ਹੋਣ ਅਤੇ ਬਕਾਇਆ ਇੰਤਕਾਲਾਂ ਦੇ ਨਿਪਟਾਰੇ ਕਾਰਨ ਰਜਿਸਟਰੀਆਂ ਬੰਦ ਹੋਣ ਨਾਲ ਔਸਤਨ 4-5 ਰਜਿਸਟਰੀਆਂ ਹੀ ਹੋ ਰਹੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਮਾਲ ਵਿਭਾਗ ਵਿੱਚ ਮੁਲਾਜ਼ਮਾਂ ਦੀ ਭਾਰੀ ਘਾਟ ਕਾਰਨ ਕਈ ਪਿੰਡਾਂ ਦੇ ਇੰਤਕਾਲ ਵੱਡੀ ਗਿਣਤੀ ਵਿੱਚ ਅਜੇ ਵੀ ਲੰਬਿਤ ਪਏ ਹਨ। ਜਿਸ ਕਾਰਨ 18 ਪਿੰਡਾਂ ਦੀਆਂ ਰਜਿਸਟਰੀਆਂ ‘ਤੇ ਰੋਕ ਲਗਾ ਕੇ ਲੰਬਿਤ ਕੰਮ ਮੁਕੰਮਲ ਕੀਤੇ ਜਾ ਰਹੇ ਹਨ ਪਰ ਇਸ ਸਰਕਾਰੀ ਯੋਜਨਾਬੰਦੀ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
15 ਦਿਨਾਂ ਤੱਕ ਰਜਿਸਟਰੀਆਂ ਸ਼ੁਰੂ ਕਰਾਂਗੇ: ਅਧਿਕਾਰੀ
ਨਾਇਬ ਤਹਿਸੀਲਦਾਰ ਮੁਹੰਮਦ ਇਬਰਾਹੀਮ ਨੇ ਦੱਸਿਆ ਕਿ ਜਮ੍ਹਾਂਬੰਦੀ ਦੇ ਨਵੀਨੀਕਰਨ ‘ਤੇ ਭਾਵੇਂ 4-5 ਮਹੀਨੇ ਦਾ ਸਮਾਂ ਲੱਗੇਗਾ ਪਰ ਬਕਾਇਆ ਇੰਤਕਾਲਾਂ ਦਾ ਨਿਪਟਾਰਾ ਕਰਦਿਆਂ ਕਰੀਬ 15-20 ਦਿਨਾਂ ਤੱਕ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।