ਏਲਨਾਬਾਦ: ਸਫ਼ਾਈ ਪ੍ਰਬੰਧਾਂ ’ਤੇ ਲੱਖਾਂ ਖਰਚੇ ਪਰ ਨਤੀਜਾ ਜ਼ੀਰੋ
ਪੱਤਰ ਪ੍ਰੇਰਕ
ਏਲਨਾਬਾਦ, 4 ਜੂਨ
ਸ਼ਹਿਰ ਵਿੱਚ ਫੈਲੀ ਗੰਦਗੀ ਤੋਂ ਲੋਕ ਪ੍ਰੇਸ਼ਾਨ ਹਨ। ਸ਼ਹਿਰ ਵਿੱਚ ਸਫ਼ਾਈ ਪ੍ਰਬੰਧ ਸੁਧਾਰਨ ਦੀ ਮੰਗ ਕਰਦਿਆਂ ਹੁੱਡਾ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸਰਦਾਨਾ, ਸਰਬਜੀਤ ਸਿੰਘ ਸਿੱਧੂ, ਡਾ. ਰਾਜਗੋਪਾਲ ਬੈਨੀਵਾਲ, ਯੋਗ ਅਧਿਆਪਕਾ ਗੀਤਾ ਬੈਨੀਵਾਲ, ਸਮਾਜਸੇਵੀ ਹੇਮਰਾਜ ਸਪਰਾ ਤੇ ਵਿਜੇ ਕੁਮਾਰ ਆਦਿ ਨੇ ਕਿਹਾ ਕਿ ਏਲਨਾਬਾਦ ਵਿੱਚ ਸਫ਼ਾਈ ਦੇ ਨਾਮ ‘ਤੇ ਨਗਰ ਪਾਲਿਕਾ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਨਤੀਜਾ ਜ਼ੀਰੋ ਮਿਲ ਰਿਹਾ ਹੈ। ਨਗਰ ਪਾਲਿਕਾ ਵੱਲੋਂ ਕੁਝ ਸਮਾਂ ਪਹਿਲਾਂ ਹੀ ਕੂੜਾਦਾਨ ਵੀ ਖਰੀਦੇ ਗਏ ਸਨ ਅਤੇ ਨਾਈਟ ਸਵੀਪਿੰਗ ਮਸ਼ੀਨ ਵੀ ਇੱਥੇ ਕੰਮ ਕਰ ਰਹੀ ਹੈ, ਜਿਸ ਦਾ ਇੱਕ ਮਹੀਨੇ ਦਾ ਖਰਚ ਕਰੀਬ 5 ਲੱਖ 78 ਹਜ਼ਾਰ ਰੁਪਏ ਨਗਰ ਪਾਲਿਕਾ ਵਲੋਂ ਕੀਤਾ ਜਾ ਰਿਹਾ ਹੈ ਪਰ ਕੋਈ ਲਾਭ ਨਹੀ ਮਿਲ ਰਿਹਾ ਹੈ। ਸ਼ਹਿਰ ਦੇ ਮੁੱਖ ਦੇਵੀ ਲਾਲ ਚੌਕ ਵਿੱਚ ਗੰਦਗੀ ਦੀ ਹਰ ਵੇਲੇ ਭਰਮਾਰ ਬਣੀ ਰਹਿੰਦੀ ਹੈ। ਨਗਰ ਪਾਲਿਕਾ ਦੇ ਸਕੱਤਰ ਪੰਕਜ ਗੁੱਜਰ ਨੇ ਆਖਿਆ ਕਿ ਘਰ-ਘਰ ਜਾ ਕੇ ਕੂੜਾ ਚੁੱਕੇ ਜਾਣ ਦਾ ਠੇਕਾ ਇੱਕ ਮਹੀਨਾ ਪਹਿਲਾ ਖ਼ਤਮ ਹੋ ਚੁੱਕਾ ਹੈ। ਅੱਜ ਹੀ ਨਵਾਂ ਠੇਕਾ ਹੋਇਆ ਹੈ। ਹੁਣ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਜਾਵੇਗਾ, ਜਿਸ ‘ਤੇ ਲੋਕ ਸਫ਼ਾਈ ਸਬੰਧੀ ਸਮੱਸਿਆ ਦੀ ਜਾਣਕਾਰੀ ਦੇ ਸਕਦੇ ਹਨ। ਜਲਦੀ ਹੀ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਬਹਾਲ ਕੀਤੀ ਜਾਵੇਗੀ।