ਕੁਰਾਲੀ ਦੀ ਏਕਮਜੋਤ ਹਰਿਆਣਾ ’ਚ ਜੱਜ ਬਣੀ
ਮਿਹਰ ਸਿੰਘ
ਕੁਰਾਲੀ, 17 ਅਕਤੂਬਰ
ਸਥਾਨਕ ਮਾਡਲ ਟਾਊਨ ਦੀ ਰਹਿਣ ਵਾਲੀ ਹੋਣਹਾਰ ਧੀ ਏਕਮਜੋਤ ਕੌਰ (23) ਜੱਜ ਬਣੀ ਹੈ। ਏਕਮਜੋਤ ਨੇ ਹਰਿਆਣਾ ਦੀ ਐੱਸਸੀਐੱਸ ਪ੍ਰੀਖਿਆ ਵਿੱਚ 58ਵਾਂ ਰੈਂਕ ਹਾਸਲ ਕਰਕੇ ਆਪਣਾ ਸੁਪਨਾ ਪੂਰਾ ਕੀਤਾ ਹੈ। ਏਕਮਜੋਤ ਨੇ ਬਚਪਨ ਤੋਂ ਹੀ ਆਪਣੇ ਚਾਚਾ ਵਾਂਗ ਜੱਜ ਬਣਨ ਦਾ ਟੀਚਾ ਮਿੱਥਿਆ ਸੀ ਜਿਸ ਨੂੰ ਦਿਨ-ਰਾਤ ਮਿਹਨਤ ਕਰਦਿਆਂ ਪੂਰਾ ਕਰ ਦਿਖਾਇਆ ਹੈ। ਏਕਮਜੋਤ ਦੇ ਚਾਚਾ ਜਸਵੀਰ ਸਿੰਘ ਵੀ ਜੱਜ ਹਨ ਅਤੇ ਜਲੰਧਰ ਵਿਖੇ ਐੱਨਆਰਆਈ ਕੋਰਟ ਵਿੱਚ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਵਜੋਂ ਸੇਵਾ ਕਰ ਰਹੇ ਹਨ।
ਪਿਤਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਏਕਮਜੋਤ ਕੌਰ ਨੇ ਉਚੇਰੀ ਸਿੱਖਿਆ ਪੰਜਾਬ ਯੂਨੀਵਰਸਿਟੀ ਤੋਂ ਹਾਸਲ ਪੂਰੀ ਕਰਦਿਆਂ ਹੁਣੇ ਐੱਲਐੱਲਐੱਮ ਦੀ ਪੜ੍ਹਾਈ ਮੁਕੰਮਲ ਕੀਤੀ ਹੈ ਜਿਸ ਦਾ ਨਤੀਜਾ ਹਾਲੇ ਆਉਣਾ ਹੈ। ਉਨ੍ਹਾਂ ਦੱਸਿਆ ਕਿ ਏਕਮਜੋਤ ਸ਼ੁਰੂ ਤੋਂ ਹੀ ਮਿਹਨਤੀ ਹੈ ਜਿਸ ਸਦਕਾ ਉਸ ਨੇ ਪਹਿਲੇ ਮੌਕੇ ਵਿੱਚ ਹੀ ਇਹ ਪ੍ਰੀਖਿਆ ਵਧੀਆ ਰੈਂਕ ਵਿੱਚ ਪਾਸ ਕਰਕੇ ਆਪਣਾ ਸੁਪਨਾ ਪੂਰ ਕਰ ਲਿਆ ਹੈ। ਏਕਮਜੋਤ ਦੇ ਪਿਤਾ ਪਵਰਕੌਮ ਵਿੱਚ ਐੱਸਡੀਓ ਅਤੇ ਮਾਤਾ ਘਰੇਲੂ ਸਵਾਣੀ ਹਨ। ਏਕਮਜੋਤ ਨੇ ਦੱਸਿਆ ਕਿ ਸਮੁੱਚੇ ਪਰਿਵਾਰ ਵਲੋਂ ਮਿਲੀ ਅਗਵਾਈ ਤੇ ਸਹਿਯੋਗ ਸਦਕਾ ਹੀ ਉਹ ਆਪਣੇ ਟੀਚੇ ’ਤੇ ਪਹੁੰਚ ਸਕੀ ਹੈ। ਇਸ ਮੌਕੇ ਏਕਮਜੋਤ ਕੌਰ ਦੇ ਦਾਦਾ ਬਹਾਦਰ ਸਿੰਘ, ਲੈਕਚਰਾਰ ਰਾਜਨ ਸ਼ਰਮਾ ਤੇ ਹੋਰ ਰਿਸ਼ਤੇਦਾਰ ਮੌਜੂਦ ਸਨ।