ਸੂਬਾ ਲੀਡਰਸ਼ਿਪ ਦੇ ਫ਼ੈਸਲੇ ਖ਼ਿਲਾਫ਼ ਡਟੇ ਮਾਛੀਵਾੜਾ ਦੇ ਆੜ੍ਹਤੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਅਕਤੂਬਰ
ਪੰਜਾਬ ਸਰਕਾਰ ਅਤੇ ਸੂਬਾ ਪੱਧਰੀ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਮਗਰੋਂ ਬੇਸ਼ੱਕ ਆੜ੍ਹਤੀਆਂ ਨੇ ਆਪਣੀ ਹੜਤਾਲ ਖਤਮ ਕਰ ਕੇ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਪਰ ਮਾਛੀਵਾੜਾ ਦੇ ਆੜ੍ਹਤੀਆਂ ਵੱਲੋਂ ਅੱਜ ਮੀਟਿੰਗ ਉਪਰੰਤ ਇਹ ਐਲਾਨ ਕਰ ਦਿੱਤਾ ਕਿ ਸਰਕਾਰ ਜਦੋਂ ਤੱਕ ਮੰਡੀਆਂ ’ਚੋਂ ਝੋਨਾ ਚੁੱਕਣ ਦਾ ਪ੍ਰਬੰਧ ਨਹੀਂ ਕਰਦੀ, ਉਦੋਂ ਤੱਕ ਉਹ ਖਰੀਦ ਸ਼ੁਰੂ ਨਹੀਂ ਕਰਵਾਉਣਗੇ। ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਉਪਰੰਤ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਸਰਕਾਰ ਨੇ ਬੇਸ਼ੱਕ ਆੜ੍ਹਤੀਆਂ ਦੀਆਂ ਕੁਝ ਮੰਗਾਂ ਮੰਨ ਲਈਆਂ ਹਨ ਪਰ ਮੁੱਖ ਮੁੱਦਾ ਜਿਸ ਵਿਚ ਕਿਸਾਨਾਂ ਦੀ ਫਸਲ ਤੁਲਾਈ ਤੋਂ ਬਾਅਦ ਇਸ ਨੂੰ ਕਿੱਥੇ ਲਿਫਟ ਕਰਵਾਇਆ ਜਾਵੇਗਾ. ਇਹ ਜਿਉਂ ਦੀ ਤਿਉਂ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸ਼ੈਲਰ ਮਾਲਕਾਂ ਵੱਲੋਂ ਆਪਣੇ ਸ਼ੈਲਰ ਨਾ ਚਲਾਉਣ ਦਾ ਐਲਾਨ ਕਰਦਿਆਂ ਮੰਡੀਆਂ ’ਚੋਂ ਕਿਸਾਨਾਂ ਦਾ ਝੋਨਾ ਚੁੱਕਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਡੀਆਂ ’ਚੋਂ ਝੋਨੇ ਦੀ ਲਿਫਟਿੰਗ ਦਾ ਪ੍ਰਬੰਧ ਨਹੀਂ ਕਰਦੀ ਉਦੋਂ ਤੱਕ ਉਹ ਖਰੀਦ ਸ਼ੁਰੂ ਨਹੀਂ ਕਰਨਗੇ। ਮੋਹਿਤ ਕੁੰਦਰਾ ਨੇ ਕਿਹਾ ਕਿ ਅੱਜ ਆੜ੍ਹਤੀਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਉਹ 10 ਅਕਤੂਬਰ ਨੂੰ ਆਪਣੀਆਂ ਦੁਕਾਨਾਂ ਬੰਦ ਕਰ ਕੇ ਮੰਡੀ ਦੇ ਬਾਹਰ ਸੜਕ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰਨਗੇ। ਇਸ ਮੌਕੇ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ (ਦੋਵੇਂ ਸਾਬਕਾ ਪ੍ਰਧਾਨ), ਗੁਰਨਾਮ ਸਿੰਘ ਨਾਗਰਾ, ਅਸ਼ੋਕ ਸੂਦ, ਪ੍ਰਦੀਪ ਮਲਹੋਤਰਾ, ਨਿਤਿਨ ਜੈਨ, ਹਰਿੰਦਰਪਾਲ ਸਿੰਘ ਰਹੀਮਾਬਾਦ ਆਦਿ ਮੌਜੂਦ ਸਨ।
ਤੁਲਾਈ ਨਾ ਹੋਣ ਕਾਰਨ ਝੋਨਾ ਖਰਾਬ ਹੋਣਾ ਸ਼ੁਰੂ
ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿੱਚ ਕਰੀਬ ਸਵਾ ਲੱਖ ਕੁਇੰਟਲ ਤੋਂ ਵੱਧ ਝੋਨਾ ਵਿਕਣ ਲਈ ਆ ਚੁੱਕਿਆ ਹੈ ਜੋ ਤੁਲਾਈ ਨਾ ਹੋਣ ਕਾਰਨ ਹੁਣ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ, ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆੜ੍ਹਤੀਆਂ ਨੂੰ ਯਕੀਨ ਦਿਵਾਏ ਕਿ 72 ਘੰਟੇ ’ਚ ਫਸਲ ਦੀ ਲਿਫਟਿੰਗ ਹੋ ਜਾਵੇਗੀ ਤਾਂ ਉਹ ਖਰੀਦ ਵੀ ਸ਼ੁਰੂ ਕਰਵਾ ਦੇਣਗੇ।