ਅੱਠਵੀਂ ਫੇਲ੍ਹ
ਪ੍ਰੋ. ਜਸਵੰਤ ਸਿੰਘ ਗੰਡਮ
ਆਪ ਬੀਤੀ
ਮੈਂ ਅੱਠਵੀਂ ਜਮਾਤ ਵਿੱਚ ਫੇਲ੍ਹ ਹੋ ਗਿਆ ਸੀ ਤੇ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ ਸੀ। ਜਾਣੀ ਸਕੂਲ ਡਰੌਪ-ਆਊਟ ਬਣ ਗਿਆ ਸੀ। ਫੇਲ੍ਹ ਹੋਣ ਅਤੇ ਸਕੂਲ ਛੱਡਣ ਦਾ ਕਾਰਨ ਹਿਸਾਬ ਦਾ ਵਿਸ਼ਾ ਸੀ। ਅੰਗਰੇਜ਼ੀ ਸਮੇਤ ਬਾਕੀ ਸਭ ਵਿਸ਼ਿਆਂ ਵਿੱਚ ਮੈਂ ਬਹੁਤ ਹੁਸ਼ਿਆਰ ਸੀ।ਅੰਗਰੇਜ਼ੀ ਸਣੇ ਹੋਰ ਕਈਆਂ ਵਿਸ਼ਿਆਂ ’ਚ ਤਾਂ ਮੈਂ ਜਮਾਤ ਵਿੱਚ ਅੱਵਲ ਆਉਂਦਾ ਸੀ ਪਰ ਹਿਸਾਬ ਵਿੱਚ ਮਾਰ ਖਾ ਜਾਂਦਾ ਸੀ। ਕਦੇ ਕਿੱਲ੍ਹ ਕੇ ਪਾਸ ਹੋਣਾ, ਉਹ ਵੀ ਪਾਸ ਹੋਣ ਜੋਗੇ ਨੰਬਰਾਂ ’ਤੇ ਅਤੇ ਕਦੇ ‘ਅੰਡਾ’ ਹੀ ਮਿਲਣਾ।
ਅੱਕ ਕੇ ਪੜ੍ਹਾਈ ਛੱਡ ਡੰਗਰ ਚਾਰਨੇ ਸ਼ੁਰੂ ਕਰ ਦਿੱਤੇ। ਘਰਦਿਆਂ ਨਾਲ ਖੇਤੀ ’ਚ ਹੱਥ ਵਟਾਉਣ ਲੱਗ ਪਿਆ।
ਨਿਮਨ ਮੱਧਵਰਗੀ ਕਿਸਾਨੀ ਦੀ ਖੇਤੀ ਵੀ 1950ਵਿਆਂ-1960ਵਿਆਂ ’ਚ ਮਾੜੀ ਹੀ ਹੁੰਦੀ ਸੀ ਤੇ ਬਰਾਨੀ ਖੇਤੀ ਤਾਂ ਹੋਰ ਵੀ ਮਾੜੀ ਹੁੰਦੀ ਸੀ।
ਘਰਦਿਆਂ ਨੇ ਬੜਾ ਸਮਝਾਇਆ। ਆਖਣ: ‘‘ਅੰਤਾਂ ਦੀ ਤੰਗਦਸਤੀ ਦੇ ਬਾਵਜੂਦ ਅਸੀਂ ਤੈਨੂੰ ਔਖੇ ਸੌਖੇ ਹੋ ਕੇ ਪੜ੍ਹਾ ਰਹੇ ਹਾਂ, ਤੂੰ ਵੀ ਔਖਾ ਸੌਖਾ ਹੋ ਕੇ ਪੜ੍ਹ ਲੈ, ਚਾਰ ਪੈਸੇ ਕਮਾਉਣ ਜੋਗਾ ਹੋ ਜਾਵੇਂਗਾ।’’ ਪਰ ਮੈਂ ਕੋਰਾ ਜਵਾਬ ਦੇ ਦਿੱਤਾ। ਭਾਵੇਂ ਉਨ੍ਹੀਂ ਦਿਨੀਂ ਬਹੁਤੇ ਬਾਪ ‘ਜੂਤ-ਪਤਾਣ’ ਕਰਨ ਦੇ ਮਾਹਿਰ ਹੁੰਦੇ ਸਨ, ਪਰ ਮੇਰਾ ਬਾਪ ਇਸ ਮੁਹਾਰਤ ਤੋਂ ਸੱਖਣਾ ਸੀ। ਉਹ ਗੱਲਬਾਤ ਰਾਹੀਂ, ਪਿਆਰ-ਪੁਚਕਾਰ ਕੇ ਸਮਝਾਉਂਦਿਆਂ ਬੜਾ ਝੋਰਾ ਕਰਦਿਆਂ ਕਹਿੰਦਾ ਕਿ ਉਸ ਦੇ ਭਾਈਏ (ਮੇਰੇ ਬਾਬਾ/ਦਾਦਾ) ਨੇ ਉਸ ਨੂੰ ਨਹੀਂ ਸੀ ਪੜ੍ਹਾਇਆ, ਬੇਸ਼ੱਕ ਉਹ ਪੜ੍ਹਨ ਲਈ ਬਹੁਤ ਲੋਚਦਾ ਸੀ। ਭਾਪਾ (ਅਸੀਂ ਪਿਤਾ ਜੀ ਨੂੰ ਭਾਪਾ ਸੱਦਦੇ ਸਾਂ) ਦੁਖੀ ਹੋ ਕੇ ਦੱਸਦਾ ਕਿ ਉਸ ਨੇ ਪੜ੍ਹਾਈ ਦੀ ਤੜਪ ਹੋਣ ਦੇ ਬਾਵਜੂਦ ਸਕੂਲ ਦਾ ਦਰਵਾਜ਼ਾ ਤੱਕ ਨਹੀਂ ਸੀ ਦੇਖਿਆ। ਪਰ ਉਹ ਇਹ ਗੱਲ ਬੜੇ ਮਾਣ ਨਾਲ ਦੱਸਦਾ ਕਿ ਬਰਤਾਨਵੀ ਰਾਜ ਸਮੇਂ ਫ਼ੌਜ ਵਿੱਚ ਭਰਤੀ ਹੋਣ ਕਾਰਨ ਉਹ ਆਪਣੀ ਮਿਹਨਤ, ਲਗਨ ਤੇ ਲਿਆਕਤ ਨਾਲ ਬੀ.ਏ. ਜਿੰਨੀ ਅੰਗਰੇਜ਼ੀ ਜਾਣਦਾ ਸੀ। ਲਿਖਣੀ ਵੀ, ਪੜ੍ਹਨੀ ਅਤੇ ਬੋਲਣੀ ਵੀ। ਉਹ ਸੱਚ ਹੀ ਦੱਸਦਾ ਸੀ। ਇਸ ਗੱਲ ਦਾ ਅਹਿਸਾਸ ਸਾਨੂੰ ਕਾਲਜ ਵਿੱਚ ਅੰਗਰੇਜ਼ੀ ਦੇ ਪ੍ਰਾ-ਅਧਿਆਪਕ ਲੱਗਣ ਉਪਰੰਤ ਹੋਇਆ। ਸਾਡੇ ਇਧਰ ਵਿਦਿਆਰਥੀ, ਖ਼ਾਸਕਰ ਪੇਂਡੂ ਵਿਦਿਆਰਥੀ, ਗਣਿਤ ਵਿੱਚ ਤਾਂ ਗੁਣਵਾਨ ਹੁੰਦੇ ਪਰ ਅੰਗਰੇਜ਼ੀ ਵਿੱਚ ਅੜਿੱਕਾ ਪੈ ਜਾਂਦਾ।
ਸਕੂਲ ਛੱਡੇ ਨੂੰ ਚਾਰ ਕੁ ਮਹੀਨੇ ਹੋ ਚੁੱਕੇ ਸਨ। ਮੱਝਾਂ ਚਾਰਨ, ਖੇਤੀ ’ਚ ਹੱਥ ਵਟਾਉਣ ਦਾ ਕੰਮ ਜਾਰੀ ਸੀ। ਉਦੋਂ ਮਟਰਗਸ਼ਤੀ ਦਾ ਰਿਵਾਜ ਨਹੀਂ ਸੀ।ਬਹੁਤੇ ਬਾਪ (ਕਈ ਮਾਮਲਿਆਂ ’ਚ ਮਾਵਾਂ ਵੀ) ਬੜੀ ‘ਸੇਵਾ’ ਕਰਦੇ ਹੁੰਦੇ ਸਨ। ਸ਼ਾਇਦ ਕਈ ਹੁਣ ਵੀ ਇਹ ‘ਡਿਊਟੀ’ ਨਿਭਾਉਂਦੇ ਹੋਣ। ਉਦੋਂ ਛਿੱਤਰ-ਪਰੇਡ ਨੂੰ ਸੇਵਾ ਕਿਹਾ ਜਾਂਦਾ ਸੀ। ਅਧਿਆਪਕ ਵੀ ਵਾਹਵਾ ‘ਚਾਹਟਾ’ ਛਕਾਉਂਦੇ ਸਨ; ਮੁਰਗਾ ਬਣਾਏ ਜਾਣਾ ਤਾਂ ਬੜੀ ਹੀ ‘ਪਵਿੱਤਰ ਰਸਮ’ ਮੰਨੀ ਜਾਂਦੀ ਸੀ। ਘਰਾਂ ਅਤੇ ਸਕੂਲਾਂ ਵਿੱਚ ਇਹ ਮਹਾਨ ਸਿਧਾਂਤ ਸ਼ਰਧਾਪੂਰਵਕ ਅਮਲ ’ਚ ਲਿਆਂਦਾ ਜਾਂਦਾ ਸੀ ਕਿ ‘ਮੁੰਡਾ ਤੇ ਰੰਬਾ ਚੰਡਿਆਂ ਹੀ ਚੰਗੇ ਰਹਿੰਦੇ ਹਨ’ ਜਾਣੀ ‘ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ’। ਇਸ ਨੂੰ ਅੰਗਰੇਜ਼ੀ ਵਾਲੇ ‘ਸਪੇਅਰ ਦਿ ਰੌਡ ਐਂਡ ਸਪੌਇਲ ਦਿ ਚਾਈਲਡ’ ਕਹਿੰਦੇ ਹਨ (ਭਾਵ ਸੋਟੀ ਹਟੀ ਨਹੀਂ ਕਿ ਬੱਚਾ ਵਿਗੜਿਆ ਨਹੀਂ)। ‘ਗੇੜੀਮਾਰ ਬ੍ਰਿਗੇਡ’ ਤਾਂ ਬਹੁਤ ਬਾਅਦ ਵਿੱਚ ਹੋਂਦ ’ਚ ਆਏ। ਅਸੀਂ ਤਾਂ ਆਪਣੇ ਵੇਲੇ ਇਹ ਸ਼ਬਦ ਸੁਣਿਆ ਤੱਕ ਨਹੀਂ ਸੀ।
ਅਧਿਆਪਕ ਸਖ਼ਤ ਤਾਂ ਬਹੁਤ ਸਨ, ਪਰ ਪੜ੍ਹਾਉਂਦੇ ਬੜੀ ਲਗਨ ਅਤੇ ਮਿਹਨਤ ਨਾਲ। ਵਿਦਿਆਰਥੀਆਂ ਬਾਰੇ ਨਿੱਜੀ ਜਾਣਕਾਰੀ ਰੱਖਦੇ ਸਨ। ਮਾਂ-ਬਾਪ ਆਪ ਜਾਂ ਅਧਿਆਪਕ ਖ਼ੁਦ ਆਪਸੀ ਸੰਪਰਕ ਵਿੱਚ ਰਹਿੰਦੇ ਸਨ। ਬੇਸ਼ੱਕ, ਸਾਡੇ ਸਮਿਆਂ ’ਚ ਆਹ ‘ਪੀ.ਟੀ.ਐੱਮ.’ (ਮਾਪੇ-ਅਧਿਆਪਕ ਮਿਲਣੀ), ਜਿਸ ਤੋਂ ਬੱਚੇ ਅਤੇ ਮਾਪੇ ਦੋਵੇਂ ਤ੍ਰਭਕਦੇ ਹਨ, ਅਜੇ ਪੈਦਾ ਨਹੀਂ ਸੀ ਹੋਈ।
ਇਉਂ ਹੀ ਇੱਕ ਦਿਨ ਸੜਕ ’ਤੇ ਅਚਾਨਕ ਇਹ ‘ਪੀਟੀਐੱਮ’ ਹੋ ਗਈ। ਇਸ ’ਚੋਂ ਮੈਂ ਤਾਂ ਮਨਫ਼ੀ ਸੀ ਪਰ ਸਾਡੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਹਦੀਆਬਾਦ ਦੇ ਪ੍ਰਿੰਸੀਪਲ ਸਾਹਿਬ ਡੀ.ਆਰ. ਪਬਰਾ (ਹੁਣ ਸਵਰਗਵਾਸੀ) ਅਤੇ ਮੇਰੇ ਪਿਤਾ ਜੀ ‘ਸਰਪੰਚ’ ਪ੍ਰੀਤਮ ਸਿੰਘ ਗੰਢਮ (ਉਹ ਵੀ ਹੁਣ ਸਵਰਗਵਾਸੀ) ਰਾਹ ਵਿੱਚ ਮਿਲ ਪਏ। ਪ੍ਰਿੰਸੀਪਲ ਸਾਹਿਬ ਰੋਜ਼ ਸਵੇਰੇ ਸਾਈਕਲ ’ਤੇ ਸ਼ਹਿਰੋਂ ਸਕੂਲ ਆਉਂਦੇ ਤੇ ਮੇਰੇ ਪਿਤਾ ਜੀ ਸਾਈਕਲ ਤੇ ਪਿੰਡੋਂ ਪੰਜ ਕਿਲੋਮੀਟਰ ਦੂਰ ਪੈਂਦੇ ਸ਼ਹਿਰ ਹਰ ਰੋਜ਼ ਸਵੇਰੇ ਅਖ਼ਬਾਰ ਪੜ੍ਹਨ ਜਾਂਦੇ।
ਪ੍ਰਿੰਸੀਪਲ ਸਾਹਿਬ ਨੇ ਮੇਰੇ ਪਿਤਾ ਜੀ ਨੂੰ ਰੋਕ ਕੇ ਪੁੱਛਿਆ, ‘‘ਸਰਪੰਚ ਸਾਹਿਬ, ਭੁਜੰਗੀ ਸਕੂਲ ਕਿਉਂ ਨਹੀਂ ਆਉਂਦਾ?’’ ਉਹ ਮੈਨੂੰ ਭੁਜੰਗੀ ਹੀ ਸੱਦਦੇ ਸਨ। ਪਿਤਾ ਜੀ ਦੇ ਇਹ ਦੱਸਣ ’ਤੇ ਕਿ ‘‘ਮੁੰਡਾ ਹਿਸਾਬ ’ਚ ਕਮਜ਼ੋਰ ਹੋਣ ਕਾਰਨ ਪੜ੍ਹਾਈ ਵਿੱਚ ਹੀ ਛੱਡ ਗਿਐ’’ ਤਾਂ ਸਾਨੂੰ ਬਾਕਮਾਲ ਢੰਗ ਨਾਲ ਅੰਗਰੇਜ਼ੀ ਪੜ੍ਹਾਉਣ ’ਚ ਮਾਹਿਰ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ‘‘ਹਿਸਾਬ ਤਾਂ ਭੁਚੰਗੀ ਲਈ ਚੰਨ ’ਤੇ ਲੱਗੇ ਦਾਗ ਵਾਂਗ ਹੈ। ਮੈਂ ਤੁਹਾਨੂੰ ਲਿਖ ਕੇ ਦੇਣ ਲਈ ਤਿਆਰ ਹਾਂ ਕਿ ਦਸਵੀਂ ਬਾਅਦ ਹਿਸਾਬ ਹਟਣ ਮਗਰੋਂ ਉਹ ਗਿਆਰਵੀਂ ਵਿੱਚ ਮੈਰਿਟ ’ਚ ਆਵੇਗਾ। ਆਮ ਵਿਦਿਆਰਥੀ ਹਿਸਾਬ ਕਾਰਨ ਮੈਰਿਟ ’ਚ ਆਉਂਦੇ ਹਨ ਕਿਉਂਕਿ ਇਹ ਬੜਾ ‘ਸਕੋਰਿੰਗ ਸਬਜੈਕਟ’ (ਬਹੁਤੇ ਨੰਬਰ ਲੈਣ ਯੋਗ ਵਿਸ਼ਾ) ਪਰ ਭੁਜੰਗੀ ਇਸ ਤੋਂ ਬਿਨਾਂ ਮੈਰਿਟ ’ਚ ਆਵੇਗਾ। ਭਲਕੇ ਉਸ ਨੂੰ ਮੇਰੇ ਕੋਲ ਭੇਜਿਉ।’’
ਸ਼ਾਮ ਨੂੰ ਘਰ ਪਰਤਣ ’ਤੇ ਪਿਤਾ ਜੀ ਨੇ ਇਹ ਸਾਰੀ ਗੱਲ ਮੈਨੂੰ ਦੱਸੀ। ਮੈਂ ਜਾਣੋਂ ਸਾਫ਼ ਇਨਕਾਰ ਕਰ ਦਿੱਤਾ (ਹੁਣ ਮੈਂ ਹੈਰਾਨ ਹੋ ਕੇ ਸੋਚਦਾ ਹਾਂ ਕਿ ਇਸ ਨਾਫੁਰਮਾਨੀ ਲਈ ਪਿਤਾ ਜੀ ਨੇ ਮੇਰੀ ਖਾਤਰ ਕਿਉਂ ਨਾ ਕੀਤੀ)। ਖ਼ੈਰ, ਉਨ੍ਹਾਂ ਨੇ ਮੈਨੂੰ ਪ੍ਰਿੰਸੀਪਲ ਸਾਹਿਬ ਨੂੰ ਮਿਲਣ ਲਈ ਮਨਾ ਲਿਆ ਤੇ ਕਿਹਾ ਕਿ ਪੜ੍ਹਨਾ ਜਾਂ ਨਾ ਪੜ੍ਹਨਾ ਤੇਰੀ ਮਰਜ਼ੀ।
ਪ੍ਰਿੰਸੀਪਲ ਸਾਹਿਬ ਨਾਲ ਮਿਲਣੀ ਹੋਈ ਅਤੇ ਮੇਰੇ ਸੱਜਰੇ ਲੇਖ ਲਿਖੇ ਗਏ। ਸਮਝੋ ਜ਼ਿੰਦਗੀ ਹੀ ਬਦਲ ਗਈ।
ਉਨ੍ਹਾਂ ਨੇ ਮੈਨੂੰ ਭੱਜਣ ਲਈ ਰਾਹ ਹੀ ਨਾ ਛੱਡਿਆ। ਮੇਰੇ ਇਹ ਕਹਿਣ ’ਤੇ ਕਿ ਮੈਨੂੰ ਹਿਸਾਬ ਨਾ ਆਉਣ ਕਾਰਨ ਮੈਂ ਪੜ੍ਹਨਾ ਨਹੀਂ ਚਾਹੁੰਦਾ ਤਾਂ ਉਨ੍ਹਾਂ ਨੇ ਤੁਰੰਤ ਹਿਸਾਬ ਦੇ ਅਧਿਆਪਕ ਨੂੰ ਬੁਲਾ ਕੇ ਮੇਰੀ ਐਕਸਟਰਾ ਕਲਾਸ ਲਾਉਣ ਦੀ ਹਦਾਇਤ ਕੀਤੀ। ਇਹ ਸਕੂਲ ਸਮੇਂ ਉਪਰੰਤ ਲੱਗਣ ਵਾਲੀ ਕਲਾਸ ਅੱਜਕੱਲ੍ਹ ਦੀ ਟਿਊਸ਼ਨ ਵਾਂਗ ਹੈ ਪਰ ਉਦੋਂ ਇਹ ਮੁਫ਼ਤ ਪੜ੍ਹਾਈ ਜਾਂਦੀ ਸੀ। ਟਿਊਸ਼ਨ/ਕੋਚਿੰਗ ਇੰਡਸਟਰੀ ਤਾਂ ਬਹੁਤ ਬਾਅਦ ਵਿੱਚ ਹੋਂਦ ’ਚ ਆਈ। ਸਾਡੇ ਵੇਲੇ ਟਿਊਸ਼ਨ ਇੱਕ ਮਿਹਣਾ ਹੁੰਦੀ ਸੀ, ਅੱਜ ਵਾਂਗ ਫੈਸ਼ਨ (ਜਾਂ ਲੋੜ) ਨਹੀਂ ਸੀ।
ਮੈਂ ਭੱਜਣ ਲਈ ਆਪਣਾ ਪੈਂਤੜਾ ਬਦਲਿਆ। ਮੈਂ ਕਿਹਾ ਕਿ ਮੇਰੇ ਘਰਦਿਆਂ ਕੋਲ ਤਾਂ ਫੀਸ ਦੇਣ ਲਈ ਪੈਸੇ ਹੀ ਨਹੀਂ ਹਨ। ਉਦੋਂ ਦੋ-ਢਾਈ ਰੁਪਏ ਫੀਸ ਸੀ। ਪ੍ਰਿੰਸੀਪਲ ਸਾਹਿਬ ਨੇ ਪੂਰੀ ਘੇਰਾਬੰਦੀ ਕੀਤੀ ਸੀ। ਉਨ੍ਹਾਂ ਨੇ ਪੰਜਾਬੀ ਦੇ ਅਧਿਆਪਕ ਗਿਆਨੀ ਪ੍ਰੀਤਮ ਸਿੰਘ ਆਜ਼ਾਦ ਹੋਰਾਂ ਨੂੰ ਬੁਲਾਇਆ। ਆਜ਼ਾਦ ਸਾਹਿਬ ਦੇ ਪੜ੍ਹਾਉਣ ਦਾ ਢੰਗ ਵੀ ਲਾਜਵਾਬ ਸੀ।ਖੱਬੇਪੱਖੀ ਲਹਿਰ ਨੂੰ ਪ੍ਰਣਾਏ ਹੋਣ ਕਾਰਨ ਉਹ ਕਿਤਾਬੀ ਸਬਕ ਨੂੰ ਜ਼ਿੰਦਗੀ ਦੀ ਜੀਵਨ ਜਾਚ ਲਈ ਪ੍ਰਸੰਗਿਕ ਬਣਾ ਕੇ ਬੜੇ ਹੀ ਸੁਚਾਰੂ ਲਹਿਜੇ ਵਿੱਚ ਪੇਸ਼ ਕਰਦੇ ਸਨ। ਪ੍ਰਿੰਸੀਪਲ ਸਾਹਿਬ ਨੇ ਮਾਸਟਰ ਜੀ ਨੂੰ ਕਿਹਾ, ‘‘ਆਜ਼ਾਦ ਸਾਹਿਬ, ਭੁਜੰਗੀ ਨੂੰ ਹਰ ਮਹੀਨੇ ਤਿੰਨ ਰੁਪਏ ਵਜ਼ੀਫ਼ਾ ਲਾ ਦਿਉ।’’
ਹੁਣ ਬਚ ਕੇ ਨਿਕਲਣ ਦੇ ਸਾਰੇ ਰਾਹ ਬੰਦ ਹੋ ਗਏ ਸਨ। ਪ੍ਰਿੰਸੀਪਲ ਸਾਹਿਬ ਨੇ ‘ਨਾਕਾਬੰਦੀ’ ਹੀ ਐਸੀ ਕੀਤੀ ਸੀ।
ਆਖ਼ਰ, ਅੱਠਵੀਂ ਫੇਲ੍ਹ, ਸਕੂਲ ਡਰਾਪ-ਆਊਟ ਵਿਦਿਆਰਥੀ ਧਰਤੀ ’ਤੇ ਵਿਚਰਦੇ ਦੇਵਤੇ ਸਮਾਨ ਗੁਰੂ ਦੀ ਕਿਰਪਾ ਨਾਲ ਅੱਗੋਂ ਪੜ੍ਹਨ ਲੱਗ ਪਿਆ।ਹਾਂ ਸੱਚ, ਪਬਰਾ ਸਾਹਿਬ ਦੀ ਭਵਿੱਖਬਾਣੀ ਸੱਚ ਸਾਬਤ ਹੋਈ। ਦਸਵੀਂ ’ਚ ਜਿਉਮੈਟਰੀ ਦੀ ਬਦੌਲਤ ਮੈਂ ਹਿਸਾਬ ’ਚੋਂ ਪਾਸ ਹੋ ਗਿਆ। ਗਿਆਰਵੀਂ ’ਚ ਗਣਿਤ ਹਟ ਗਿਆ ਤੇ ਮੈਂ ਸੱਚਮੁੱਚ ਮੈਰਿਟ ’ਚ ਆ ਗਿਆ।
ਪਬਰਾ ਸਾਹਿਬ ਨੇ ਮੈਨੂੰ ਅੰਗਰੇਜ਼ੀ ਦੀ ਐੱਮ.ਏ. ਕਰਨ ਦੀ ਪ੍ਰੇਰਨਾ ਦਿੱਤੀ।ਬੇਸ਼ੱਕ, ਮੇਰੇ ਘਰਦਿਆਂ ਦਾ ਮੁੱਢਲਾ ਟੀਚਾ ਮੈਨੂੰ ਦਸਵੀਂ ਕਰਾ ਕੇ ਲਾਗਲੇ ਸ਼ਹਿਰ ਦੀ ਖੰਡ ਮਿੱਲ ਦੀ ਸਹਿਕਾਰੀ ਸੁਸਾਇਟੀ ਵਿੱਚ ਗੰਨੇ ਦੀਆਂ ਪਰਚੀਆਂ ਕੱਟਣ/ਵੰਡਣ ਦੀ ਨੌਕਰੀ ’ਤੇ ਲਗਾਉਣਾ ਸੀ ਪਰ ਮੈਂ ਬੀ.ਏ. ਆਨਰਜ਼ ਵਿੱਚ ਯੂੁਨੀਵਰਸਿਟੀ ਅੱਵਲ ਆਇਆ, ਗੋਲਡ ਮੈਡਲਿਸਟ ਬਣਿਆ ਅਤੇ ਫਿਰ ਅੰਗਰੇਜ਼ੀ ਦੀ ਐੱਮ.ਏ. ਕਰਕੇ ਇੱਕ ਕਾਲਜ ਵਿੱਚ ਤਕਰੀਬਨ 36 ਸਾਲ ਅੰਗਰੇਜ਼ੀ ਦਾ ਪ੍ਰੋਫੈਸਰ ਰਿਹਾ (ਡੇਢ ਸਾਲ ਕਾਰਜਕਾਰੀ ਪ੍ਰਿੰਸੀਪਲ ਵੀ)।
ਅਸੀਂ ਆਪਣੇ ਅਧਿਆਪਕਾਂ, ਖ਼ਾਸਕਰ ਉੱਪਰ ਬਿਆਨੇ ਵਰਗ ਵਾਲਿਆਂ, ਦਾ ਦੇਣਾ ਨਹੀਂ ਦੇ ਸਕਦੇ। ਦਰਅਸਲ, ਪ੍ਰਿੰਸੀਪਲ ਪਬਰਾ ਸਾਹਿਬ ਵਰਗੇ ਪੱਥ ਪ੍ਰਦਰਸ਼ਕ ਅਤੇ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦੇ ਸੱਚੇ-ਸੁੱਚੇ ਸਿਧਾਂਤ ਦੇ ਧਾਰਨੀ ਜਿਊੜਿਆਂ ਦੀ ਗਿਣਤੀ ਹੁਣ ਸਿੱਖਿਆ ਸੰਸਾਰ ’ਚ ਘਟਦੀ ਜਾ ਰਹੀ ਹੈ।
ਇੱਕ ਉਰਦੂ ਸ਼ਾਇਰ ਨੇ ਠੀਕ ਹੀ ਕਿਹਾ ਹੈ:
ਜੋ ਇਕ ਨਿਗਾਹ ਸੇ ਕਰਤੇ ਥੇ ਖਾਕ ਕੋ ਅਕਸੀਰ,
ਕਹਾਂ ਗਏ ਵੋਹ ਮੁਅ’ਲਮ, ਵੋ ਮੇਹਰਬਾਂ ਉਸਤਾਦ।
ਸੰਪਰਕ: 98766-55055