ਸਲਾਇਟ ਦੇ ਅੱਠ ਪ੍ਰੋਫੈਸਰ ਸਰਬੋਤਮ ਵਿਗਿਆਨੀਆਂ ਦੀ ਸੂਚੀ ’ਚ ਸ਼ਾਮਲ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 6 ਅਕਤੂਬਰ
ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ ਟੂ.ਬੀ.) ਦੇ 8 ਪ੍ਰੋਫੈਸਰ ਯੂ.ਐੱਸ.ਏ. ਦੀ ਕੈਲੀਫੋਰਨੀਆ ਸਥਿਤ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਗਈ ਸੰਸਾਰ ਦੇ ਸਰਬੋਤਮ 2 ਪ੍ਰਤੀਸ਼ਤ ਵਿਗਿਆਨੀਆਂ ਦੀ ਸੂਚੀ ਵਿੱਚ ਸ਼ੁਮਾਰ ਹੋਣ ਨਾਲ ਸੰਸਥਾ ਦਾ ਨਾਮ ਰੌਸ਼ਨ ਹੋਇਆ ਹੈ। ਇਸ ਸੂਚੀ ਵਿੱਚ ਸੰਸਥਾ ਦੇ ਸਾਬਕਾ ਡਾਇਰੈਕਟਰ ਡਾ. ਸ਼ੈਲੇਂਦਰ ਜੈਨ ਸਣੇ ਡਾ. ਪੀ.ਐੱਸ. ਪਨੇਸਰ, ਡਾ. ਸੁਰਿੰਦਰ ਸਿੰਘ ਡੀਨ (ਖੋਜ), ਡਾ. ਦਲੀਪ ਕੁਮਾਰ, ਡਾ. ਧੀਰਜ ਸੂਦ, ਡਾ. ਰਾਜੇਸ਼ ਕੁਮਾਰ ਡੀਨ (ਵਿਦਿਆਰਥੀ ਕਲਿਆਣ), ਡਾ. ਐਚ.ਆਰ. ਘਟਕ ਅਤੇ ਡਾ. ਗੋਬਿੰਦ ਵਸ਼ਿਸਟਾ ਸਾਬਕਾ ਗੈਸਟ ਫੈਕਲਟੀ ਤੇ ਰਿਸਰਚ ਸਕਾਲਰ ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਸੰਸਾਰ ਪੱਧਰ ਦੀ ਵੱਕਾਰੀ ਰੈਂਕਿੰਗ ਵਿੱਚ ਆਈ. ਆਈ. ਟੀਜ਼., ਐਨ.ਆਈ.ਟੀਜ਼., ਆਈ. ਆਈ.ਐਮ. ਵਰਗੀਆਂ ਉਚਤਮ ਵਿਦਿਅਕ ਤਕਨੀਕੀ ਸੰਸਥਾਞਾਂ ਵਿੱਚੋਂ ਖੋਜਾਰਥੀ, ਅਧਿਆਪਕ ਅਤੇ ਪ੍ਰੋਫੈਸਰ ਸ਼ਾਮਲ ਹੁੰਦੇ ਹਨ। ਸੰਸਥਾ ਦੇ ਡਾਇਰੈਕਟਰ ਡਾ. ਮਣੀ ਕਾਂਤ ਪਾਸਵਾਨ ਨੇ ਸਾਰੇ ਪ੍ਰੋਫੈਸਰਾਂ ਨੂੰ ਵਧਾਈ ਦਿੰਦਿਆਂ ਇਸ ਨੂੰ ਸਲਾਈਟ ਲਈ ਮਾਣ ਵਾਲੀ ਗੱਲ ਦੱਸਿਆ।