ਲਾਰੈਂਸ ਗਰੋਹ ਦੇ ਅੱਠ ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 8 ਫਰਵਰੀ
ਸਥਾਨਕ ਕਮਿਸ਼ਨਰੇਟ ਪੁਲੀਸ ਨੇ ਫਿਰੌਤੀ, ਧਮਕੀਆਂ ਅਤੇ ਹੋਰ ਅਪਰਾਧਕ ਸਰਗਰਮੀਆਂ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ ਅੱਠ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 27 ਜਨਵਰੀ ਨੂੰ ਕਰਮਾ ਫੈਸ਼ਨ ਸ਼ੋਅਰੂਮ ਦੇ ਮਾਲਕ ਦੀ ਦੁਕਾਨ ਅੱਗੇ ਰੌਂਦ ਵਿੱਚ ਧਮਕੀ ਪੱਤਰ ਰੱਖ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਸਬੰਧੀ ਥਾਣਾ ਡਿਵੀਜ਼ਨ 4 ਜਲੰਧਰ ਵਿੱਚ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਵਿੱਢੀ ਗਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗਰੋਹ ਦੇ ਮੈਂਬਰਾਂ ਨੇ ਯੋਜਨਾਬੱਧ ਤਰੀਕੇ ਨਾਲ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ ਜਿਸ ਦੀ ਵਰਤੋਂ ਕਰ ਕੇ ਫਿਰੌਤੀ ਮੰਗੀ ਜਾਂਦੀ ਸੀ। ਪੁਲੀਸ ਕਮਿਸ਼ਨਰ ਮੁਤਾਬਕ ਪੁਲੀਸ ਨੇ ਤਫ਼ਤੀਸ਼ ਦੇ ਆਧਾਰ ’ਤੇ 8 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੰਜੇ ਬਾਵਾ ਵਾਸੀ ਮੁਹੱਲਾ ਕਰਾਰ ਖਾਂ, ਦੀਪਕ ਕੁਮਾਰ ਉਰਫ਼ ਦੀਪਕ ਵਾਸੀ ਰਤਨ ਨਗਰ, ਅਭਿਸ਼ੇਕ ਗਿੱਲ ਵਾਸੀ ਗੁਰਦੇਵ ਨਗਰ ਤੋਂ ਇਲਾਵਾ ਗਜਿੰਦਰ ਰਾਜਪੁਰ ਉਰਫ ਗੱਜੂ, ਰਾਧੇ, ਪੱਪੂ, ਮਨੋਜ ਤੇ ਦੀਪਕ ਕੁਮਾਰ ਉਰਫ਼ ਦੀਪਕ ਸਾਰੇ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਵਜੋਂ ਹੋਈ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਰੇ ਗੈਂਗਸਟਰਾਂ ਨੂੰ ਧੋਬੀ ਘਾਟ ਨੇੜੇ ਟੀਵੀ ਟਾਵਰ ਜਲੰਧਰ ਤੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਇੱਕ ਪਿਸਤੌਲ 30 ਬੋਰ, ਇੱਕ ਪਿਸਤੌਲ 32 ਬੋਰ, ਇੱਕ ਦੇਸੀ ਕੱਟਾ 315 ਬੋਰ, 4 ਮੈਗਜ਼ੀਨ, 10 ਕਾਰਤੂਸ, ਇੱਕ ਸਪਲੈਂਡਰ ਮੋਟਰਸਾਈਕਲ ਅਤੇ ਦੋ ਸਕੂਟਰ (ਐਕਟਿਵਾ) ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮਨੋਜ ਇਨ੍ਹਾਂ ਗੈਂਗਸਟਰਾਂ ਦਾ ਸਰਗਨਾ ਹੈ। ਇਨ੍ਹਾਂ ਗੈਂਗਸਟਰਾਂ ਦੀਆਂ ਕਾਰਵਾਈਆਂ ਕੌਮੀ ਸਰਹੱਦਾਂ ਤੋਂ ਪਾਰ ਫੈਲੀਆਂ ਹੋਈਆਂ ਸਨ ਤੇ ਇਨ੍ਹਾਂ ਦੇ ਸਬੰਧ ਮੌਜੂਦਾ ਸਮੇਂ ਇੰਗਲੈਂਡ ਵਿੱਚ ਰਹਿੰਦੇ ਸੂਰਜ ਨਾਲ ਸਨ। ਉਨ੍ਹਾਂ ਮੁਤਾਬਕ ਇਹ ਗਰੋਹ ਲੋਕਾਂ ਤੋਂ ਪੈਸੇ ਕਢਵਾਉਣ ਲਈ ਫੋਨ ਕਾਲਾਂ ਅਤੇ ਪੱਤਰਾਂ ਦੀ ਵਰਤੋਂ ਕਰਦਾ ਸੀ। ਫੋਨ ਕਾਲਾਂ ਲਈ ਵਰਤੇ ਜਾਂਦੇ ਅੰਤਰਰਾਸ਼ਟਰੀ ਨੰਬਰ ਬਾਰੇ ਵੇਰਵੇ ਪ੍ਰਾਪਤ ਕਰਨ ’ਤੇ ਜਾਂਚ ਪਹਿਲਾਂ ਹੀ ਚੱਲ ਰਹੀ ਹੈ। ਇਨ੍ਹਾਂ ਦਾ ਕੋਈ ਪਿਛਲਾ ਅਪਰਾਧਕ ਰਿਕਾਰਡ ਨਹੀਂ ਹੈ। ਪੁਲੀਸ ਨੂੰ ਕੁਝ ਖਾਤਾ ਨੰਬਰ ਵੀ ਮਿਲੇ ਹਨ, ਜਿਨ੍ਹਾਂ ਬਾਰੇ ਜਾਂਚ ਜਾਰੀ ਹੈ।
ਮੁਹਾਲੀ ਵਿੱਚ ਮੁਕਾਬਲੇ ਮਗਰੋਂ ਮੁਲਜ਼ਮ ਕਾਬੂ
ਐਸਏਐਸ ਨਗਰ (ਪੱਤਰ ਪ੍ਰੇਰਕ): ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਟੀਮ ਨੇ ਅੱਜ ਸੈਕਟਰ-71 ਵਿੱਚ ਮੁਕਾਬਲੇ ਮਗਰੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਹੈ ਜਿਸ ਮਗਰੋਂ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਰਾਜਨ ਭੱਟੀ ਵਜੋਂ ਦੱਸੀ ਗਈ ਹੈ ਪਰ ਸਪੈਸ਼ਨ ਅਪਰੇਸ਼ਨ ਸੈੱਲ ਤੇ ਮੁਹਾਲੀ ਪੁਲੀਸ ਵੱਲੋਂ ਮੁਲਜ਼ਮ ਦੀ ਪਛਾਣ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਰ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਦੋ ਵੱਖ-ਵੱਖ ਅਪਰਾਧਕ ਮਾਮਲੇ ਦਰਜ ਹਨ ਤੇ ਇਸ ਸਬੰਧ ਵਿੱਚ ਉਹ ਲੰਬੇ ਸਮੇਂ ਤੋਂ ਪੁਲੀਸ ਨੂੰ ਲੋੜੀਂਦਾ ਸੀ। ਸੂਤਰਾਂ ਅਨੁਸਾਰ ਮੁਲਜ਼ਮ ਦੀ ਮੌਜੂਦਗੀ ਬਾਰੇ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਮਗਰੋਂ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੁਲਜ਼ਮ ਕੋਲੋਂ ਇੱਕ ਰਿਵਾਲਵਰ ਤੇ ਹੈਰੋਇਨ ਬਰਾਮਦ ਕੀਤੀ ਦੱਸੀ ਜਾ ਰਹੀ ਹੈ।