For the best experience, open
https://m.punjabitribuneonline.com
on your mobile browser.
Advertisement

ਗਾਜ਼ਾ ’ਚ ਇਜ਼ਰਾਇਲੀ ਹਮਲੇ ’ਚ ਇੱਕੋ ਪਰਿਵਾਰ ਦੇ ਅੱਠ ਜੀਅ ਹਲਾਕ

08:08 AM Oct 14, 2024 IST
ਗਾਜ਼ਾ ’ਚ ਇਜ਼ਰਾਇਲੀ ਹਮਲੇ ’ਚ ਇੱਕੋ ਪਰਿਵਾਰ ਦੇ ਅੱਠ ਜੀਅ ਹਲਾਕ
ਦੱਖਣੀ ਲਿਬਨਾਨ ਦੇ ਨਬਾਤੀਏਹ ਕਸਬੇ ’ਚ ਤਬਾਹ ਹੋਈਆਂ ਇਮਾਰਤਾਂ। -ਫੋਟੋ: ਏਪੀ/ਪੀਟੀਆਈ
Advertisement

ਦੀਰ ਅਲ-ਬਲਾਹ (ਗਾਜ਼ਾ ਪੱਟੀ), 13 ਅਕਤੂਬਰ
ਇਜ਼ਾਰਾਈਲ ਵੱਲੋਂ ਕੇਂਦਰੀ ਗਾਜ਼ਾ ਪੱਟੀ ’ਚ ਕੀਤੇ ਹਮਲੇ ਦੌਰਾਨ ਇੱਕੋ ਹੀ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਫਲਸਤੀਨ ਦੇ ਮੈਡੀਕਲ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਜ਼ਰਾਈਲ ਵੱਲੋਂ ਗਾਜ਼ਾ ’ਚ ਹਮਾਸ ਤੇ ਲਿਬਨਾਨ ’ਚ ਹਿਜ਼ਬੁੱਲ੍ਹਾ ਖ਼ਿਲਾਫ ਹਵਾਈ ਤੇ ਜ਼ਮੀਨੀ ਹਮਲੇ ਕੀਤੇ ਜਾ ਰਹੇ ਹਨ।
ਦੀਰ ਅਲ-ਬਲਾਹ ਨੇੜੇ ਸਥਿਤ ਅਲ ਅਕਸਾ ਮਾਰਟੀਅਰਜ਼ ਹਸਪਤਾਲ ਮੁਤਾਬਕ ਗਾਜ਼ਾ ’ਚ ਸ਼ਨਿਚਰਵਾਰ ਦੇਰ ਰਾਤ ਨੁੁਸੇਈਰਤ ਸ਼ਰਨਾਰਥੀ ਕੈਂਪ ’ਚ ਇਕ ਮਕਾਨ ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਮਾਤਾ ਪਿਤਾ ਤੇ ਉਨ੍ਹਾਂ ਦੇ ਛੇ ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 8 ਤੋਂ 23 ਸਾਲ ਦੇ ਦਰਮਿਆਨ ਸੀ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਇਸੇ ਹਸਪਤਾਲ ’ਚ ਹੀ ਲਿਆਂਦੀਆਂ ਗਈਆਂ ਸਨ। ਮੈਡੀਕਲ ਅਧਿਕਾਰੀਆਂ ਮੁਤਾਬਕ ਹਮਲੇ ’ਚ ਸੱਤ ਜਣੇ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਹਮਾਸ ਨਾਲ ਜੰਗ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਇਜ਼ਰਾਈਲ ਦੇ ਹਮਲੇ ਜਾਰੀ ਹਨ ਤੇ ਉਹ ਗਾਜ਼ਾ ’ਚ ਰੋਜ਼ਾਨਾ ਹੀ ਅਤਿਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਈਲ ਨੇ ਉੱਤਰੀ ਗਾਜ਼ਾ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਉਣ ਲਈ ਦਬਾਅ ਬਣਾਇਆ ਹੈ। ਉੱਤਰੀ ਗਾਜ਼ਾ ’ਚ ਇਜ਼ਰਾਈਲ ਦੇ ਹਵਾਈ ਤੇ ਜ਼ਮੀਨੀ ਬਲ ਵੱਲੋਂ ਜਬਾਲੀਆ ’ਤੇ ਹਮਲੇ ਕੀਤੇ ਜਾ ਰਹੇ ਹਨ, ਜਿੱਥੇ ਉਸ ਮੁਤਾਬਕ ਅਤਿਵਾਦੀ ਮੁੜ ਇਕੱਠੇ ਹੋ ਗਏ ਹਨ।
ਇਸੇ ਦੌਰਾਨ ਇਜ਼ਰਾਈਲ ਦੇ ਕੇਂਦਰੀ ਸ਼ਹਿਰ ਬਿਨਯਾਮਿਨਾ ’ਚ ਇੱਕ ਡਰੋਨ ਹਮਲੇ ਲਗਪਗ 40 ਵਿਅਕਤੀ ਜ਼ਖਮੀ ਹੋਏ ਹਨ। ਇਜ਼ਾਰਾਇਲੀ ਰੈਸਕਿਊ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਇਸ ਹਮਲੇ ਦਾ ਦੋਸ਼ ਹਿਜ਼ਬੁੱਲ੍ਹਾ ਦਹਿਸ਼ਤੀ ਗੁੱਟ ’ਤੇ ਲਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਕਿ ਦੋ ਡਰੋਨ ਲਿਬਨਾਨ ਤੋਂ ਦਾਗੇ ਗਏ ਸਨ। ਇਜ਼ਰਾਇਲੀ ਫੌਜ ਮੁਤਾਬਕ ਇਨ੍ਹਾਂ ਵਿੱਚ ਇੱਕ ਡਰੋਨ ਨੂੰ ਡੇਗ ਲਿਆ ਗਿਆ। ਦੂਜੇ ਪਾਸੇ ਇਰਾਨ ਦੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਅੱਜ ਅਮਰੀਕਾ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਨੂੰ ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ ਬੈਟਰੀ (ਥਾਡ) ਸਿਸਟਮ ਅਤੇ ਇਸ ਦੇ ਸੰਚਾਲਨ ਲਈ ਅਮਲਾ ਭੇਜੇਗਾ। ਇਰਾਨ ਨੇ ਅਮਰੀਕੀ ਫੌਜਾਂ ਨੂੰ ਇਜ਼ਰਾਈਲ ’ਚੋਂ ਬਾਹਰ ਰਹਿਣ ਦੀ ਚਿਤਾਵਨੀ ਦਿੱਤੀ ਸੀ। -ਏਪੀ

Advertisement

ਲਿਬਨਾਨ ’ਚ ਸਦੀ ਪੁਰਾਣੀ ਮਾਰਕੀਟ ਤਬਾਹ

ਇਜ਼ਰਾਈਲ ਨੇ ਹਵਾਈ ਹਮਲਿਆਂ ਰਾਹੀਂ ਦੱਖਣੀ ਲਿਬਨਾਨ ’ਚ ਲਗਪਗ ਇੱਕ ਸਦੀ ਪੁਰਾਣੇ ਇੱਕ ਬਾਜ਼ਾਰ ਨੂੰ ਤਬਾਹ ਕਰ ਦਿੱਤਾ। ਲਿਬਨਾਲ ਸਿਵਿਲ ਡਿਫੈਂਸ ਨੇ ਦੱਸਿਆ ਕਿ ਇਜ਼ਰਾਈਲ ਨੇ ਹਵਾਈ ਹਮਲਿਆਂ ਨਾਲ ਲਿਬਨਾਨ ’ਚ ਓਟੋਮਨ ਕਾਲ ਦੇ ਬਾਜ਼ਾਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਮੁੁਤਾਬਕ ਦੱਖਣੀ ਸ਼ਹਿਰ ਨਬਾਤੀਏਹ ’ਚ ਲੰਘੀ ਰਾਤ ਹੋਏ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਤੇ ਚਾਰ ਹੋਰ ਜ਼ਖਮੀ ਹੋ ਗਏ। ਹਮਲੇ ਦੌਰਾਨ ਮਾਰਕੀਟ ’ਚ 12 ਰਿਹਾਇਸ਼ੀ ਇਮਾਰਤਾਂ ਅਤੇ 40 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।

Advertisement

Advertisement
Author Image

sukhwinder singh

View all posts

Advertisement