ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅੱਠ ਆਗੂ ਜੇਲ੍ਹ ਵਿੱਚੋਂ ਰਿਹਾਅ
ਪੱਤਰ ਪ੍ਰੇਰਕ
ਪਟਿਆਲਾ, 4 ਜੂਨ
ਇਥੋਂ ਦੀ ਜੇਲ੍ਹ ਵਿਚ 16 ਮਈ ਤੋਂ ਬੰਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅੱਠ ਆਗੂਆਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਆਗੂਆਂ ‘ਤੇ ਲੱਗੇ ਇਲਜ਼ਾਮ ਵੀ ਪੁਲੀਸ ਨੇ ਵਾਪਸ ਲੈ ਲਏ ਹਨ, ਜਿਸ ਕਰਕੇ ਇਨ੍ਹਾਂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ। ਰਿਹਾਅ ਹੋਏ ਆਗੂਆਂ ਦਾ ਅੱਜ ਫੁੱਲਾਂ ਦੇ ਹਾਰ ਪਾ ਕੇ ਤੇ ਢੋਲ ਢਮੱਕਿਆਂ ਨਾਲ ਸਵਾਗਤ ਕੀਤਾ ਗਿਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਪਟਿਆਲਾ ਅੱਗੇ ਧਰਨਾ ਦਿੰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਧਰਮਵੀਰ ਹਰੀਗੜ੍ਹ ਸਮੇਤ 8 ਕਾਰਕੁਨਾਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਜਾਰੀ ਸੀ। ਇਸ ਸੰਘਰਸ਼ ਅੱਗੇ ਝੁਕਦਿਆਂ ਪਟਿਆਲਾ ਪ੍ਰਸ਼ਾਸਨ ਵੱਲੋਂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਧਰਨੇ ਦੌਰਾਨ ਡੀਡੀਪੀਓ ਪਟਿਆਲਾ ਸਮੇਤ ਮੁਲਜ਼ਮਾਂ ਖ਼ਿਲਾਫ਼ ਜਾਂਚ ਕਰਕੇ ਕਾਰਵਾਈ ਕਰਨ ਅਤੇ ਬਾਕੀ ਮਸਲਿਆਂ ਦੇ ਹੱਲ ਲਈ 7 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਬਾਅਦ ਦੁਪਹਿਰ ਗੁਰਵਿੰਦਰ ਬੌੜਾਂ, ਧਰਮਵੀਰ ਹਰੀਗੜ੍ਹ, ਹਰਪਾਲ ਸਿੰਘ ਬਨੇਰਾ, ਸ਼ਿੰਦਰਪਾਲ ਸਿੰਘ ਬਿਨਾਹੇੜੀ, ਵੀਰਪਾਲ, ਧਿਆਨ ਸਿੰਘ, ਪੱਪੂ ਸਿੰਘ ਅਤੇ ਲਾਡੀ ਦੁੱਲੜ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਗੁਰਵਿੰਦਰ ਬੋੜਾਂ ਤੇ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਡੀਡੀਪੀਓ ਖ਼ਿਲਾਫ਼ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।