For the best experience, open
https://m.punjabitribuneonline.com
on your mobile browser.
Advertisement

ਲਿਬਨਾਨ ’ਚ ਅੱਠ ਇਜ਼ਰਾਇਲੀ ਫ਼ੌਜੀ ਹਲਾਕ

06:53 AM Oct 03, 2024 IST
ਲਿਬਨਾਨ ’ਚ ਅੱਠ ਇਜ਼ਰਾਇਲੀ ਫ਼ੌਜੀ ਹਲਾਕ
ਲਿਬਨਾਨ ’ਤੇ ਜ਼ਮੀਨੀ ਹਮਲੇ ਦੌਰਾਨ ਮਾਰੇ ਗਏ ਇਜ਼ਰਾਇਲੀ ਫ਼ੌਜ ਦੇ ਕਪਤਾਨ ਈ. ਇਤਜ਼ਾਕ ਓਸਟਰ ਦਾ ਤਾਬੂਤ ਲਿਜਾਂਦੇ ਹੋਏ ਸੁਰੱਖਿਆ ਕਰਮੀ। -ਫੋਟੋ: ਰਾਇਟਰਜ਼
Advertisement

* ਇਰਾਨ ਦੇ ਹਮਲੇ ਨਾਲ ਪੱਛਮੀ ਏਸ਼ੀਆ ’ਚ ਤਣਾਅ ਹੋਰ ਵਧਿਆ
* ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਇਜ਼ਰਾਇਲੀ ਹਮਲੇ ਦੀ ਹਮਾਇਤ ਨਹੀਂ ਕਰਾਂਗੇ: ਬਾਇਡਨ

Advertisement

ਯੇਰੂਸ਼ਲਮ/ਬੇਰੂਤ, 2 ਅਕਤੂਬਰ
ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਅਤੇ ਜ਼ਮੀਨੀ ਹਮਲਿਆਂ ਦੌਰਾਨ ਇਜ਼ਰਾਇਲੀ ਫ਼ੌਜ ਦੇ ਅੱਠ ਫ਼ੌਜੀ ਹਲਾਕ ਹੋ ਗਏ ਹਨ। ਜ਼ਮੀਨੀ ਹਮਲੇ ਦੌਰਾਨ 7 ਹੋਰ ਇਜ਼ਰਾਇਲੀ ਫ਼ੌਜੀਆਂ ਦੇ ਜ਼ਖ਼ਮੀ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਇਜ਼ਰਾਈਲ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਸ ਦੇ ਲਿਬਨਾਨ ’ਚ ਫ਼ੌਜੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਇਜ਼ਰਾਇਲੀ ਫ਼ੌਜ ਨੇ ਇਕ ਬਿਆਨ ’ਚ ਕਿਹਾ ਸੀ ਕਿ ਉਸ ਦੀ ਕਮਾਂਡੋ ਬ੍ਰਿਗੇਡ ਦਾ 22 ਸਾਲਾ ਜਵਾਨ ਲਿਬਨਾਨ ’ਚ ਹਮਲੇ ਦੌਰਾਨ ਮਾਰਿਆ ਗਿਆ ਹੈ। ਫ਼ੌਜ ਨੇ ਕਿਹਾ ਕਿ ਜਵਾਨ ਦੋ ਵੱਖਰੇ ਹਮਲਿਆਂ ’ਚ ਮਾਰੇ ਗਏ ਹਨ। ਇਸ ਦੌਰਾਨ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੇਸ਼ ਦੇ ਲੋਕਾਂ ਨੂੰ ਯਹੂਦੀ ਨਵੇਂ ਸਾਲ ਦੀ ਵਧਾਈ ਦਿੱਤੀ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇਜ਼ਰਾਈਲ ਜੇ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਉਹ ਤਲ ਅਵੀਵ ਦੀ ਹਮਾਇਤ ਨਹੀਂ ਕਰਨਗੇ।

Advertisement

ਚੀਆ ’ਚ ਇਜ਼ਾਇਲੀ ਹਮਲੇ ਮਗਰੋਂ ਨੁਕਸਾਨੀ ਇਮਾਰਤ ਨੂੰ ਦੇਖਦੇ ਹੋਏ ਲੋਕ। -ਫੋਟੋ: ਰਾਇਟਰਜ਼

ਉਂਝ ਬਾਇਡਨ ਨੇ ਇਰਾਨ ਵੱਲੋਂ ਲੰਘੇ ਦਿਨ ਇਜ਼ਰਾਈਲ ’ਤੇ ਕੀਤੇ ਮਿਜ਼ਾਈਲ ਹਮਲਿਆਂ ਦੇ ਇਵਜ਼ ’ਚ ਤਹਿਰਾਨ ’ਤੇ ਵਧੇਰੇ ਪਾਬੰਦੀਆਂ ਲਾਉਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਹਿਜ਼ਬੁੱਲਾ ਨੇ ਕਿਹਾ ਕਿ ਉਸ ਦੇ ਲੜਾਕਿਆਂ ਨੇ ਦੱਖਣੀ ਲਿਬਨਾਨ ’ਚ ਧਮਾਕੇ ਕੀਤੇ, ਜਿਸ ਨਾਲ ਇਜ਼ਰਾਈਲ ਦੇ ਕਈ ਫ਼ੌਜੀ ਮਾਰੇ ਗਏ ਅਤੇ ਕੁਝ ਜ਼ਖ਼ਮੀ ਹੋਏ ਹਨ। ਲਿਬਨਾਨ ਫ਼ੌਜ ਨੇ ਕਿਹਾ ਕਿ ਇਜ਼ਰਾਈਲ ਦੀ ਫ਼ੌਜ ਸਰਹੱਦ ਪਾਰ ਕੇ 400 ਮੀਟਰ ਅੰਦਰ ਤੱਕ ਆ ਗਈ ਸੀ ਪਰ ਕੁਝ ਸਮੇਂ ਬਾਅਦ ਉਹ ਪਿਛਾਂਹ ਹਟ ਗਈ। ਇਜ਼ਰਾਈਲ ਦੇ ਹਮਲਿਆਂ ਕਾਰਨ ਪੱਛਮੀ ਖ਼ਿੱਤੇ ’ਚ ਤਣਾਅ ਫੈਲ ਗਿਆ ਹੈ ਅਤੇ ਇਸ ਨਾਲ ਜੰਗ ਦਾ ਦਾਇਰਾ ਵਧ ਸਕਦਾ ਹੈ। ਇਕ ਦਿਨ ਪਹਿਲਾਂ ਇਰਾਨ ਵੱਲੋਂ ਇਜ਼ਰਾਈਲ ’ਤੇ ਕਰੀਬ 200 ਮਿਜ਼ਾਈਲਾਂ ਦਾਗ਼ੀਆਂ ਗਈਆਂ ਸਨ, ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਅਮਰੀਕਾ ਅਤੇ ਬਰਤਾਨੀਆ ਦੇ ਸਹਿਯੋਗ ਨਾਲ ਇਜ਼ਰਾਈਲ ਨੇ ਹਵਾ ’ਚ ਹੀ ਫੁੰਡ ਦਿੱਤਾ ਸੀ। ਇਸ ਮੌਕੇ ਇਜ਼ਰਾਈਲ ਦੀ ਬਹੁ-ਪਰਤੀ ਹਵਾਈ ਰੱਖਿਆ ਪ੍ਰਣਾਲੀ ਸਫ਼ਲ ਰਹੀ ਅਤੇ ਮੁਲਕ ’ਚ ਬਹੁਤਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਹਿਦ ਲਿਆ ਹੈ ਕਿ ਉਹ ਇਰਾਨ ਤੋਂ ਬਦਲਾ ਜ਼ਰੂਰ ਲੈਣਗੇ ਅਤੇ ਮੁਲਕ ’ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਜ਼ਰਾਈਲ ਨੇ ਦੱਖਣੀ ਲਿਬਨਾਨ ’ਚ ਹਮਲੇ ਤੇਜ਼ ਕਰਦਿਆਂ ਸਰਹੱਦ ਨੇੜਲੇ 50 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿੱਤੇ ਹਨ। ਲਿਬਨਾਨ ’ਚੋਂ ਇਕ ਲੱਖ ਤੋਂ ਜ਼ਿਆਦਾ ਲੋਕ ਗੁਆਂਢੀ ਮੁਲਕ ਸੀਰੀਆ ਚਲੇ ਗਏ ਹਨ। ਹੁਣ ਤੱਕ ਕਰੀਬ ਦੋ ਲੱਖ ਲੋਕ ਦੱਖਣੀ ਲਿਬਨਾਨ ’ਚ ਆਪਣਾ ਘਰ-ਬਾਰ ਛੱਡ ਚੁੱਕੇ ਹਨ। ਡੈਨਮਾਰਕ ਦੀ ਰਾਜਧਾਨੀ ਕੋਪੇਨਹੈਗਨ ’ਚ ਅੱਜ ਤੜਕੇ ਇਜ਼ਰਾਇਲੀ ਸਫ਼ਾਰਤਖਾਨੇ ਤੋਂ ਕਰੀਬ 100 ਮੀਟਰ ਦੂਰ ਗ੍ਰਨੇਡ ਰਾਹੀਂ ਧਮਾਕੇ ਕੀਤੇ ਗਏ ਸਨ। -ਰਾਇਟਰਜ਼/ਏਪੀ

ਪੱਛਮੀ ਏਸ਼ੀਆ ’ਚ ਸ਼ਾਂਤੀ ਅਤੇ ਵਾਰਤਾ ਦੀ ਫੌਰੀ ਲੋੜ: ਕਾਂਗਰਸ

ਨਵੀਂ ਦਿੱਲੀ:

ਪੱਛਮੀ ਏਸ਼ੀਆ ’ਚ ਵਧਦੇ ਤਣਾਅ ਦਰਮਿਆਨ ਕਾਂਗਰਸ ਨੇ ਕਿਹਾ ਕਿ ਖ਼ਿੱਤੇ ’ਚ ਸ਼ਾਂਤੀ ਅਤੇ ਵਾਰਤਾ ਸ਼ੁਰੂ ਕੀਤੇ ਜਾਣ ਦੀ ਫੌਰੀ ਲੋੜ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਵੱਲੋਂ ਕੀਤੀ ਗਈ ਪਹਿਲ ਕਾਰਨ 2007 ਤੋਂ ਸੰਯੁਕਤ ਰਾਸ਼ਟਰ 2 ਅਕਤੂਬਰ ਨੂੰ ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਉਂਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ’ਚ ਦੁਸ਼ਮਣੀ ਕਾਰਨ ਕਾਂਗਰਸ ਸ਼ਾਂਤੀ ਦਾ ਇਹ ਸੁਨੇਹਾ ਮੁੜ ਦੇਣਾ ਚਾਹੁੰਦੀ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਅੱਜ ਹਜ਼ਾਰਾਂ ਬੇਕਸੂਰ ਵਿਅਕਤੀਆਂ ਨੂੰ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ

ਦਿੱਲੀ ਵਿੱਚ ਇਜ਼ਰਾਇਲੀ ਦੂਤਘਰ ਦੀ ਸੁਰੱਖਿਆ ਵਧਾਈ

ਨਵੀਂ ਦਿੱਲੀ (ਪੱਤਰ ਪ੍ਰੇਰਕ):

ਮੱਧ ਪੂਰਬ ਵਿੱਚ ਤਣਾਅ ਵਧਣ ਮਗਰੋਂ ਦਿੱਲੀ ਪੁਲੀਸ ਨੇ ਤੁਗਲਕ ਰੋਡ ਇਲਾਕੇ ਵਿੱਚ ਇਜ਼ਰਾਈਲ ਦੇ ਦੂਤਘਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੁਗਲਕ ਰੋਡ ਇਲਾਕੇ ਵਿੱਚ ਸਥਿਤ ਇਜ਼ਰਾਈਲ ਦੂਤਾਵਾਸ ਦੇ ਆਲੇ-ਦੁਆਲੇ ਹੋਰ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦੇ ਨਾਲ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦੂਤਘਰ ਦੇ ਆਲੇ-ਦੁਆਲੇ ਕਈ ਸੀਸੀਟੀਵੀ ਕੈਮਰੇ ਲਾਏ ਗਏ ਹਨ, ਕਿਉਂਕਿ ਦੂਤਾਵਾਸ ਨੇੜੇ ਪਹਿਲਾਂ ਵੀ ਦੋ ਵਾਰ ਧਮਾਕੇ ਹੋ ਚੁੱਕੇ ਹਨ ਹਾਲਾਂਕਿ ਇਨ੍ਹਾਂ ਘਟਨਾਵਾਂ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਸੀ। ਦੂਜੇ ਪਾਸੇ ਇਜ਼ਰਾਈਲ ਵਿੱਚ ਭਾਰਤੀ ਦੂਤਘਰ ਵੱਲੋਂ ਵੀ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਦੂਤਘਰ ਮੁਤਾਬਕ ਇਜ਼ਰਾਈਲ ਵੱਲੋਂ ਹਿਜ਼ਬੁੱਲਾ ਅਤੇ ਹਮਾਸ ਖ਼ਿਲਾਫ਼ ਕਾਰਵਾਈ ਦੌਰਾਨ ਭਾਰਤੀ ਨਾਗਰਿਕਾਂ ਨੂੰ ਇਜ਼ਰਾਈਲ ਤੇ ਇਰਾਨ ਵਿਚਾਲੇ ਜੰਗ ਵਰਗੀ ਨਾਜ਼ੁਕ ਸਥਿਤੀ ਤੋਂ ਬਚਣ ਲਈ ਇਹਤਿਆਤ ਵਰਤਣੀ ਚਾਹੀਦੀ ਹੈ।

ਭਾਰਤੀਆਂ ਨੂੰ ਇਰਾਨ ’ਚ ਚੌਕਸ ਰਹਿਣ ਦੇ ਨਿਰਦੇਸ਼

ਨਵੀਂ ਦਿੱਲੀ:

ਪੱਛਮੀ ਏਸ਼ੀਆ ਵਿਚ ਤਣਾਅ ਵਧਣ ’ਤੇ ਚਿੰਤਾ ਜ਼ਾਹਰ ਕਰਦਿਆਂ ਭਾਰਤ ਨੇ ਅੱਜ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਇਰਾਨ ਦੀ ਬੇਲੋੜੀ ਯਾਤਰਾ ਤੋਂ ਗੁਰੇਜ਼ ਕਰਨ। ਵਿਦੇਸ਼ ਮੰਤਰਾਲੇ ਨੇ ਇਰਾਨ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵੀ ਚੌਕਸ ਰਹਿਣ ਅਤੇ ਤਹਿਰਾਨ ਸਥਿਤ ਭਾਰਤੀ ਸਫ਼ਾਰਤਖ਼ਾਨੇ ਨਾਲ ਰਾਬਤਾ ਬਣਾਈ ਰੱਖਣ ਦੀ ਐਡਵਾਇਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਖ਼ਿੱਤੇ ਵਿਚ ਤਣਾਅ ’ਚ ਹੋਏ ਹਾਲੀਆ ਵਾਧੇ ਉਤੇ ਅਸੀਂ ਕਰੀਬੀ ਨਜ਼ਰ ਰੱਖ ਰਹੇ ਹਾਂ। ਭਾਰਤੀ ਨਾਗਰਿਕਾਂ ਨੂੰ ਇਰਾਨ ਦੇ ਬੇਲੋੜੇ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।’ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਰਾਨ ਨੇ ਇਜ਼ਰਾਈਲ ’ਤੇ ਮੰਗਲਵਾਰ ਰਾਤ ਕਰੀਬ 200 ਮਿਜ਼ਾਈਲਾਂ ਦਾਗ਼ੀਆਂ ਸਨ ਅਤੇ ਇਜ਼ਰਾਈਲ ਨੇ ਹਮਲੇ ਦਾ ਜਵਾਬ ਦੇਣ ਦਾ ਅਹਿਦ ਲਿਆ ਹੈ। ਤਲ ਅਵੀਵ ’ਚ ਭਾਰਤੀ ਸਫ਼ਾਰਤਖਾਨੇ ਨੇ ਇਜ਼ਰਾਈਲ ’ਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਸਨ। -ਪੀਟੀਆਈ

Advertisement
Tags :
Author Image

joginder kumar

View all posts

Advertisement