ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਠ ਸਾਬਕਾ ਭਾਰਤੀ ਜਲ ਸੈਨਿਕ ਕਤਰ ਦੀ ਜੇਲ੍ਹ ’ਚੋਂ ਰਿਹਾਅ

07:07 AM Feb 13, 2024 IST
ਕਤਰ ’ਚ ਆਪਣੀ ਰਿਹਾਈ ਮਗਰੋਂ ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਪੁੱਜੇ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ। -ਫੋਟੋ: ਏਐੱਨਆਈ

ਨਵੀਂ ਦਿੱਲੀ, 12 ਫਰਵਰੀ
ਕਤਰ ਨੇ ਕਥਿਤ ਜਾਸੂਸੀ ਦੇ ਦੋਸ਼ ਤਹਿਤ ਜੇਲ੍ਹ ਵਿੱਚ ਬੰਦ ਅੱਠ ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਜਲ ਸੈਨਿਕਾਂ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਭਾਰਤ ਸਰਕਾਰ ਦੇ ਦਖ਼ਲ ਮਗਰੋਂ ਇਸ ਨੂੰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਰਿਹਾਅ ਕੀਤੇ ਜਲ ਸੈਨਿਕਾਂ ਵਿਚੋਂ ਸੱਤ ਅੱਜ ਦੇਸ਼ ਪਰਤ ਆਏ ਹਨ। ਸਾਬਕਾ ਜਲ ਸੈਨਿਕਾਂ ’ਤੇ ਕਥਿਤ ਜਾਸੂਸੀ ਦਾ ਦੋਸ਼ ਸੀ ਪਰ ਕਤਰੀ ਪ੍ਰਸ਼ਾਸਨ ਜਾਂ ਨਵੀਂ ਦਿੱਲੀ ਵਿਚੋਂ ਕਿਸੇ ਨੇ ਵੀ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ। ਇਨ੍ਹਾਂ ਸਾਬਕਾ ਜਲ ਸੈਨਿਕਾਂ ਨੂੰ ਅਗਸਤ 2022 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ ਦੀ ਆਪਣੀ ਦੋ ਰੋਜ਼ਾ ਫੇਰੀ ਮਗਰੋਂ 14 ਫਰਵਰੀ ਨੂੰ ਦੋਹਾ (ਕਤਰ) ਦੀ ਯਾਤਰਾ ਕਰਨਗੇ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਕਤਰ ਵੱਲੋਂ ਲਏ ਫੈਸਲੇ ਦੀ ਸ਼ਲਾਘਾ ਕਰਦਾ ਹੈ, ਜਿਸ ਨਾਲ ਭਾਰਤੀਆਂ ਦੀ ਜੇਲ੍ਹ ’ਚੋਂ ਰਿਹਾਈ ਤੇ ਘਰ ਵਾਪਸੀ ਸੰਭਵ ਹੋ ਸਕੀ। ਉਧਰ ਵੱਖ ਵੱਖ ਸਿਆਸੀ ਪਾਰਟੀਆਂ ਨੇ ਭਾਰਤੀਆਂ ਦੀ ਕਤਰ ਦੀ ਜੇਲ੍ਹ ’ਚੋਂ ਰਿਹਾਈ ’ਤੇ ਖੁ਼ਸ਼ੀ ਜ਼ਾਹਿਰ ਕਰਦਿਆਂ ਸਾਬਕਾ ਜਲ ਸੈਨਿਕਾਂ ਦਾ ਘਰ ਵਾਪਸੀ ’ਤੇ ਸਵਾਗਤ ਕੀਤਾ ਹੈ। ਮੰਤਰਾਲੇ ਨੇ ਕਿਹਾ, ‘‘ਭਾਰਤ ਸਰਕਾਰ ਦਾਹਰਾ ਗਲੋਬਲ ਕੰਪਨੀ ਲਈ ਕੰਮ ਕਰਦੇ ਅੱਠ ਭਾਰਤੀ ਨਾਗਰਿਕਾਂ, ਜਿਨ੍ਹਾਂ ਨੂੰ ਕਤਰ ਵਿਚ ਹਿਰਾਸਤ ’ਚ ਲੈ ਲਿਆ ਗਿਆ ਸੀ, ਦੀ ਰਿਹਾਈ ਦਾ ਸਵਾਗਤ ਕਰਦੀ ਹੈ।’’ ਮੰਤਰਾਲੇ ਨੇ ਸੰਖੇਪ ਬਿਆਨ ਵਿਚ ਕਿਹਾ, ‘‘ਇਨ੍ਹਾਂ ਅੱਠ ਭਾਰਤੀਆਂ ਵਿਚੋਂ ਸੱਤ ਜਣੇ ਭਾਰਤ ਪਰਤ ਆਏ ਹਨ। ਅਸੀਂ ਕਤਰ ਵੱਲੋਂ ਲਏ ਫੈਸਲੇ ਦਾ ਸਵਾਗਤ ਕਰਦੇ ਹਾਂ ਜਿਸ ਨਾਲ ਭਾਰਤੀ ਨਾਗਰਿਕਾਂ ਦੀ ਰਿਹਾਈ ਤੇ ਘਰ ਵਾਪਸੀ ਸੰਭਵ ਹੋ ਸਕੀ।’’ ਅੱਠ ਭਾਰਤੀ ਨਾਗਰਿਕਾਂ ਵਿਚ ਕੈਪਟਨ (ਸੇਵਾਮੁਕਤ) ਨਵਤੇਜ ਗਿੱਲ ਤੇ ਸੌਰਭ ਵਸ਼ਿਸ਼ਟ, ਕਮਾਂਡਰਜ਼ (ਸੇਵਾਮੁਕਤ) ਪੁਰਨੇਂਦੂ ਤਿਵਾੜੀ, ਅਮਿਤ ਨਾਗਪਾਲ, ਐੱਸ. ਕੇ. ਗੁਪਤਾ, ਬੀ. ਕੇ. ਵਰਮਾ ਤੇ ਸੁਗੂਨਾਕਰ ਪਕਾਲਾ ਤੇ ਮਲਾਹ ਰਾਗੇਸ਼ ਸ਼ਾਮਲ ਹਨ। ਇਨ੍ਹਾਂ ਵਿਚੋਂ ਕਮਾਂਡਰ ਤਿਵਾੜੀ ਅਜੇ ਦੋਹਾ ਵਿਚ ਹਨ ਤੇ ਉਨ੍ਹਾਂ ਦੇ ਜਲਦੀ ਭਾਰਤ ਪਰਤ ਆਉਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਦਸੰਬਰ ਵਿਚ ਦੁਬਈ ਵਿਚ ਕੋਪ28 ਸਿਖਰ ਸੰਮੇਲਨ ਦੌਰਾਨ ਕਤਰ ਦੇ ਸ਼ਾਸਕ ਸ਼ੇਖ ਤਮੀਮ ਬਿਨ ਹਾਮਦ ਅਲ-ਥਾਨੀ ਨਾਲ ਮੁਲਾਕਾਤ ਕਰਦਿਆਂ ਕਤਰ ਵਿੱਚ ਭਾਰਤੀ ਭਾਈਚਾਰੇ ਦੀ ਸਲਾਮਤੀ ਬਾਰੇ ਚਰਚਾ ਕੀਤੀ ਸੀ।
ਸੂਤਰਾਂ ਮੁਤਾਬਕ ਭਾਰਤੀ ਨਾਗਰਿਕਾਂ ਦੀ ਰਿਹਾਈ ਪਿੱਛੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਕਤਰੀ ਅਥਾਰਿਟੀਜ਼ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਕਮਾਂਡਰ(ਸੇਵਾ ਮੁਕਤ) ਪੁਰਨੇਂਦੂ ਤਿਵਾੜੀ ਦੀ ਭੈਣ ਡਾ.ਮੀਤੂ ਭਾਰਗਵ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਭਾਵੇਂ ਅਜੇ ਤੱਕ ਦੇਸ਼ ਨਹੀਂ ਪਰਤਿਆ ਪਰ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪਰਿਵਾਰ ਬਹੁਤ ਖ਼ੁਸ਼ ਹੈ। ਇਸ ਦੌਰਾਨ ਭਾਰਗਵ ਨੇ ਗਵਾਲੀਅਰ ਵਿੱਚ ਖ਼ਬਰ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਅਤੇ ਸਰਕਾਰ ਦੇ ਨਾਲ ਕਤਰ ਦੇ ਆਮਿਰ ਦਾ ਧੰਨਵਾਦ ਕੀਤਾ ਹੈ। ਭਾਰਗਵ ਨੇ ਕਿਹਾ, ‘‘ਜੇਕਰ ਮੇਰਾ ਭਰਾ ਆ ਗਿਆ ਹੁੰਦਾ ਤਾਂ ਸਾਡੀ ਖ਼ੁਸ਼ੀ ਪੂਰੀ ਹੋ ਜਾਣੀ ਸੀ।’’ -ਪੀਟੀਆਈ

Advertisement

ਘਟਨਾਵਾਂ ਦਾ ਕ੍ਰਮ

* ਅਗਸਤ 2022 ਅੱਠ ਸਾਬਕਾ ਭਾਰਤੀ ਜਲ ਸੈਨਿਕ ਕਥਿਤ ਜਾਸੂਸੀ ਦੇ ਦੋਸ਼ ’ਚ ਗ੍ਰਿਫ਼ਤਾਰ
* 25 ਮਾਰਚ 2023 ਕਤਰੀ ਕਾਨੂੰਨ ਤਹਿਤ ਦੋਸ਼ਪੱਤਰ ਦਾਇਰ
* ਮਈ 2023 ਅਲ-ਦਾਹਰਾ ਨੇ ਦੋਹਾ ਵਿੱਚ ਆਪਣਾ ਕੰਮਕਾਜ ਬੰਦ ਕੀਤਾ
* 26 ਅਕਤੂਬਰ 2023 ਕਤਰੀ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ
* 28 ਦਸੰਬਰ 2023 ਕਤਰ ਦੀ ਅਪੀਲੀ ਕੋਰਟ ਵੱਲੋਂ ਮੌਤ ਦੀ ਸਜ਼ਾ ਕੈਦ (3 ਤੋਂ 25 ਸਾਲ ਤੱਕ ਦੀ) ਵਿਚ ਤਬਦੀਲ, ਕੈਦ ਦੀ ਸਜ਼ਾ ਖਿਲਾਫ਼ ਅਪੀਲ ਦਾਇਰ ਕਰਨ ਲਈ 60 ਦਿਨ ਦੀ ਮੋਹਲਤ

ਭਾਰਤ ਲਈ ਬਹੁਤ ਵੱਡੀ ਕੂਟਨੀਤਕ ਜਿੱਤ: ਭਾਜਪਾ

ਭਾਜਪਾ ਤਰਜਮਾਨ ਸ਼ਾਜ਼ੀਆ ਇਲਮੀ ਨੇ ਕਿਹਾ, ‘‘ਇਹ ਭਾਰਤ ਲਈ ਵੱਡੀ ਕੂਟਨੀਤਕ ਜਿੱਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਕਿਵੇਂ ਗੱਲਬਾਤ ਕੀਤੀ ਤੇ ਸਾਨੂੰ ਸਾਡੇ ਸਾਬਕਾ ਜਲਸੈਨਿਕ ਵਾਪਸ ਮਿਲ ਗਏ।’’ ਇਲਮੀ ਨੇ ਕਿਹਾ, ‘‘ਇਕ ਵੇਲੇ ਇਹ ਕਾਰਜ ਬਹੁਤ ਮੁਸ਼ਕਲ ਲੱਗਦਾ ਸੀ। ਪਰ ਉਹ ਸਹੀ ਸਲਾਮਤ ਦੇਸ਼ ਪਰਤ ਆਏ ਹਨ। ਇਹ ਹਰ ਭਾਰਤੀ ਲਈ ਬਹੁਤ ਵੱਡੀ ਖ਼ਬਰ ਹੈ। ਸਾਫ਼ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਤੇ ਪ੍ਰਧਾਨ ਮੰਤਰੀ(ਨਰਿੰਦਰ ਮੋਦੀ) ਦੀ ਕਹੀ ਗੱਲ ਦੀ ਕਿੰਨੀ ਵੁੱਕਤ ਹੈ।’’ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਖ਼ੁਸ਼ੀ ਦੇ ਪਲ ਹਨ ਤੇ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਕੀਮਤ ’ਤੇ ਬਚਾਉਣ ਦੀ ਮੋਦੀ ਸਰਕਾਰ ਦੀ ਗੰਭੀਰਤਾ ਤੇ ਯੋਗਤਾ ਵਿੱਚ ਯਕੀਨ ਨੂੰ ਹੋਰ ਪੱਕਿਆਂ ਕਰਦੇ ਹਨ।
ਰਾਹਤ ਤੇ ਖ਼ੁਸ਼ੀ ਦੇ ਇਸ ਮੌਕੇ ਪੂਰੇ ਦੇਸ਼ ਨਾਲ ਹਾਂ: ਕਾਂਗਰਸ
ਕਾਂਗਰਸ ਨੇ ਵੀ ਭਾਰਤੀ ਨਾਗਰਿਕਾਂ ਦੀ ਕਤਰ ਦੀ ਜੇਲ੍ਹ ’ਚੋਂ ਰਿਹਾਈ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਰਾਹਤ ਤੇ ਖੁਸ਼ੀ ਦੇ ਇਸ ਮੌਕੇ ’ਤੇ ਪੂਰੇ ਦੇਸ਼ ਦੇ ਨਾਲ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਉਹ (ਰਿਹਾਅ ਕੀਤੇ) ਭਾਰਤ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਭੇਜਦੇ ਹਨ।’’ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ, ‘‘ਇਹ ਸਾਰੇ ਭਾਰਤੀਆਂ ਲਈ ਵੱਡੀ ਰਾਹਤ ਤੇ ਜਸ਼ਨ ਦਾ ਮੌਕਾ ਹੈ ਕਿ ਸਾਡੇ ਅੱਠ ਹਮਵਤਨ, ਜਿਨ੍ਹਾਂ ਨੂੰ ਕਤਰ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਨੂੰ ਰਿਹਾਅ ਕਰ ਦਿੱਤਾ ਗਿਆ ਤੇ ਉਹ ਦੇਸ਼ ਪਰਤ ਆਏ ਹਨ। ਉਨ੍ਹਾਂ ਸਾਰਿਆਂ ਨੂੰ ਮੁਬਾਰਕਬਾਦ, ਜਿਨ੍ਹਾਂ ਪਰਦੇ ਪਿੱਛੇ ਰਹਿ ਕੇ ਚੁੱਪਚਾਪ ਉਨ੍ਹਾਂ ਦੀ ਰਿਹਾਈ ਲਈ ਕੰਮ ਕੀਤਾ।’’

Advertisement

Advertisement
Advertisement