ਸਰਕਾਰੀ ਵਤੀਰੇ ਖ਼ਿਲਾਫ਼ ਅੜੇ ਬਿਜਲੀ ਮੁਲਾਜ਼ਮ, ਹੜਤਾਲ 17 ਤੱਕ ਵਧੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਸਤੰਬਰ
ਮੰਗਾਂ ਮਨਵਾਉਣ ਲਈ ਸੂਮਹਿਕ ਛੁੱਟੀ ਲੈ ਕੇ ਸੰਘਰਸ਼ ’ਚ ਡਟੇ ਬਿਜਲੀ ਕਾਮੇ ਅੱਜ ਲਗਾਤਾਰ ਤੀਜੇ ਦਿਨ ਵੀ ਰੋਸ ਮੁਜ਼ਾਹਰੇ ਕਰਦੇ ਰਹੇ। ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਸਮੂਹਿਕ ਛੁੱਟੀ ਦੇ ਅਧੀਨ ਜਾਰੀ ਇਹ ਹੜਤਾਲ ਪੰਜ ਦਿਨ ਹੋਰ ਵਧਾ ਦਿੱਤੀ ਗਈ ਹੈ। ਅਖੀਰਲੇ ਦਿਨ 17 ਸਤੰਬਰ ਨੂੰ ਪਾਰਵਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਦੇ ਬਾਹਰ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਸੰਘਰਸ਼ ਦੀ ਅਗਵਾਈ ਕਰ ਰਹੇ ਰਤਨ ਮਾਜਰੀ, ਗੁਰਪ੍ਰੀਤ ਗੰਡੀਵਿੰਡ, ਗੁਰਵੇਲ ਬੱਲਪੁਰੀਆ, ਹਰਪਾਲ ਧਾਲੀਵਾਲ, ਮਨਜੀਤ ਚਾਹਲ, ਰਣਜੀਤ ਢਿੱਲੋਂ ਤੇ ਕੁਲਵਿੰਦਰ ਢਿੱਲੋਂ ਆਦਿ ਪ੍ਰਮੁੱਖ ਆਗੂਆਂ ਨੇ ਲਿਆ। ਹੜਤਾਲ ਕਾਰਨ ਬਿਜਲੀ ਦਫਤਰਾਂ, ਸ਼ਿਕਾਇਤ ਕੇਂਦਰਾਂ, ਬਿਜਲੀ ਸਬ-ਸਟੇਸ਼ਨਾਂ, ਵਰਕਸ਼ਾਪਾਂ, ਥਰਮਲ ਪਲਾਂਟਾਂ, ਹਾਈਡਲ ਪ੍ਰਾਜੈਕਟਾਂ ਦੇ ਕੰਮਕਾਜ ਠੱਪ ਰਹੇ। ਹੜਤਾਲੀ ਕਾਮਿਆਂ ਨੇ ਸੈਂਕੜੇ ਬਿਜਲੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਸਿਆਪਾ ਕੀਤਾ। ਇਨ੍ਹਾਂ ਮੁਜ਼ਾਹਰਿਆਂ ’ਚ ਪ੍ਰਮੁੱਖ ਜਥੇਬੰਦੀਆਂ ’ਤੇ ਆਧਾਰਤ ਸਾਂਝੇ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਨਾਲ ਸਬੰਧਤ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੇ 9 ਸਤਬੰਰ ਤੋਂ ਸਮੂਹਿਕ ਛੁੱਟੀ ਲੈ ਕੇ ਕੰਮ ਤੋਂ ਕਿਨਾਰਾ ਕੀਤਾ ਹੋਇਆ ਹੈ। ਸਾਂਝੇ ਫੋਰਮ ਦੇ ਬੁਲਾਰੇ ਮਨਜੀਤ ਚਾਹਲ ਨੇ ਬਿਆਨ ਜਾਰੀ ਕਰਕੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਚੋਣਾਂ ਵਿੱਚ ਕੀਤੇ ਵਾਅਦੇ 30 ਮਹੀਨਿਆਂ ਮਗਰੋਂ ਵੀ ਵਫ਼ਾ ਨਹੀਂ ਹੋ ਸਕੇ। ਆਗੂਆਂ ਦਾ ਕਹਿਣਾ ਹੈ ਕਿ ਸੇਵਾਮੁਕਤੀ ਕਾਰਨ ਬਿਜਲੀ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਵਧਿਆ ਹੋਇਆ ਹੈ।