ਗਿਆਨ ਸਾਗਰ ’ਚੋਂ ਅੱਠ ਕਰੋਨਾ ਪੀੜਤਾਂ ਨੂੰ ਛੁੱਟੀ
ਪੱਤਰ ਪ੍ਰੇਰਕ
ਬਨੂੜ, 21 ਅਗਸਤ
ਗਿਆਨ ਸਾਗਰ ਹਸਪਤਾਲ ਵਿੱਚੋਂ ਅੱਜ ਮੁਹਾਲੀ ਜ਼ਿਲ੍ਹੇ ਦੇ ਅੱਠ ਕਰੋਨਾ ਪੀੜਤਾਂ ਨੂੰ ਸਿਹਤਯਾਬ ਹੋਣ ਮਗਰੋਂ ਘਰ ਭੇਜ ਦਿੱਤਾ ਗਿਆ। ਹਸਪਤਾਲ ਵਿੱਚ ਹੁਣ ਤੱਕ 1396 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਛੇ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਵਿੱਚ ਇਸ ਸਮੇਂ ਸੌ ਦੇ ਕਰੀਬ ਮਰੀਜ਼ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਦਸ ਮਰੀਜ਼ ਆਈਸੀਯੂ ਵਿੱਚ ਹਨ ਅਤੇ ਦੋ ਦੀ ਹਾਲਤ ਬੇਹੱਦ ਗੰਭੀਰ ਹੈ। ਗਿਆਨ ਸਾਗਰ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਹਸਪਤਾਲ ਵਿੱਚ ਆਈਸੀਯੂ ਦੇ ਦਸ ਬੈੱਡ ਹਨ, ਜੋ ਮਰੀਜ਼ਾਂ ਨਾਲ ਭਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵੱਲੋਂ ਆਈਸੀਯੂ ਦੇ ਬੈੱਡ ਵਧਾਉਣ ਸਬੰਧੀ ਸਰਕਾਰ ਨੂੰ ਤਜਵੀਜ਼ ਭੇਜ ਗਈ ਹੈ।
ਰੂਪਨਗਰ (ਪੱਤਰ ਪ੍ਰੇਰਕ): ਸ਼ਹਿਰ ਵਿੱਚ ਅੱਜ 12 ਵਿਅਕਤੀ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਵਿੱਚ ਅੱਜ ਜੋ ਮਰੀਜ਼ ਮਿਲੇ ਹਨ, 50 ਤੋਂ 65 ਸਾਲ ਤੱਕ ਦੇ ਛੇ 25 ਤੋਂ 35 ਸਾਲ ਤੱਕ ਦੇ ਚਾਰ ਅਤੇ 48-48 ਸਾਲ ਦੇ ਦੋ ਮਰੀਜ਼ ਹਨ।
ਖਰੜ (ਪੱਤਰ ਪ੍ਰੇਰਕ): ਸਿਵਲ ਹਸਪਤਾਲ ਖਰੜ ਦੇ ਐੱਸਐੱਮਓ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਫਿਰ ਖਰੜ ਵਿੱਚ 17 ਵਿਅਕਤੀ ਕਰੋਨਾ ਤੋਂ ਪੀੜਿਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ 130 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਹਨ।
ਅੰਬਾਲਾ ਦੇ ਵਿਧਾਇਕ ਨੂੰ ਕਰੋਨਾ
ਅੰਬਾਲਾ (ਨਿਜੀ ਪੱਤਰ ਪ੍ਰੇਰਕ): ਅੰਬਾਲਾ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਅਸੀਮ ਗੋਇਲ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਰੋਜ਼ਾਨਾ ਕਰੋਨਾ ਪਾਜ਼ੇਟਿਵ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ। ਜ਼ਿਲ੍ਹੇ ਵਿਚ ਮਰੀਜ਼ਾਂ ਦਾ ਅੰਕੜਾ 98 ਤੱਕ ਪਹੁੰਚ ਗਿਆ ਹੈ। ਅੱਜ 71 ਮਰੀਜ਼ ਡਿਸਚਾਰਜ ਕੀਤੇ ਗਏ, ਜਿਸ ਮਗਰੋਂ ਸਰਗਰਮ ਮਰੀਜ਼ਾਂ ਦੀ ਗਿਣਤੀ 409 ਰਹਿ ਗਈ ਹੈ।