ਨਸ਼ੀਲੇ ਪਦਾਰਥਾਂ ਸਮੇਤ ਅੱਠ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਸਤੰਬਰ
ਪੁਲੀਸ ਨੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਐਂਟੀ ਨਾਰਕੋਟਿਕ ਸੈੱਲ-1 ਦੇ ਥਾਣੇਦਾਰ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਦੌਰਾਨੇ ਗਸ਼ਤ ਮੁੰਡੀਆਂ ਰੋਡ ਸਥਿਤ ਸ਼ਿਵਾ ਡਿਵੈਲਪਰ (ਪ੍ਰਾਪਰਟੀ ਡੀਲਰ) ਕੋਲੋਂ ਹਰੀਸ਼ ਕੁਮਾਰ ਉਰਫ਼ ਹਨੀ ਵਾਸੀ ਰੇਲਵੇ ਕਲੋਨੀ ਸ਼ੇਰਪੁਰ ਤੋਂ 140 ਗ੍ਰਾਮ ਹੈਰੋਇਨ, 20 ਖਾਲੀ ਮੋਮੀ ਲਿਫਾਫੀਆਂ ਅਤੇ ਇੱਕ ਕੰਡਾ ਬਰਾਮਦ ਹੋਇਆ। ਥਾਣਾ ਜਮਾਲਪੁਰ ਦੀ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਹੈ। ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਚੈਕਿੰਗ ਦੌਰਾਨ ਗਗਨਦੀਪ ਉਰਫ਼ ਗੰਗੂ ਵਾਸੀ ਪੀਰੂ ਬੰਦਾ ਸਲੇਮ ਟਾਬਰੀ ਨੂੰ ਬੁੱਢਾ ਦਰਿਆ ਦੇ ਨੇੜੇ ਤੋਂ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਹੈਬੋਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਟੀ-ਪੁਆਇੰਟ ਪ੍ਰੀਤਮ ਨਗਰ ਹੈਬੋਵਾਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਆਸ਼ਾ ਰਾਣੀ ਪਤਨੀ ਚੰਨੀ ਵਾਸੀ ਪ੍ਰੀਤਮ ਨਗਰ ਹੈਬੋਵਾਲ, ਅਮਿਤ ਉਰਫ਼ ਪੱਪੂ ਵਾਸੀ ਗ੍ਰੀਨ ਇੰਨਕਲੇਵ ਹੈਬੋਵਾਲ, ਹਰਸ਼ ਉਰਫ਼ ਲਵ ਵਾਸੀ ਜਗਤਪੁਰੀ ਹੈਬੋਵਾਲ, ਚੰਨੀ ਅਤੇ ਰਾਜੀ ਵਾਸੀ ਪ੍ਰੀਤਮ ਨਗਰ ਹੈਬੋਵਾਲ ਕਾਰ ਵਿੱਚ ਆ ਰਹੇ ਸਨ। ਪੁਲੀਸ ਨੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣੇਦਾਰ ਰਾਮ ਕ੍ਰਿਸ਼ਨ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬੱਲੋਕੀ ਰੋਡ ਸਥਿਤ ਪੀਰਾਂ ਦੀ ਮਜਾਰ ਪਾਸ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਪੈਦਲ ਆ ਰਹੇ ਰਾਜੀਵ ਅਗਰਵਾਲ ਉਰਫ਼ ਬਿੱਟੂ ਵਾਸੀ ਕੁਆਰਟਰ ਫੇਜ-1 ਦੁੱਗਰੀ ਪਾਸੋਂ 800 ਗ੍ਰਾਮ ਅਫ਼ੀਮ ਬਰਾਮਦ ਹੋਈ।