ਨਾਜਾਇਜ਼ ਖਣਨ ਦੇ ਦੋਸ਼ ਹੇਠ ਅੱਠ ਗ੍ਰਿਫ਼ਤਾਰ
ਐੱਨਪੀ ਧਵਨ
ਪਠਾਨਕੋਟ, 13 ਨਵੰਬਰ
ਜ਼ਿਲ੍ਹਾ ਪਠਾਨਕੋਟ ਦੀ ਪੁਲੀਸ ਨੇ ਗੈਰ-ਕਾਨੂੰਨੀ ਮਾਈਨਿੰਗ ਕਰਨ ਅਤੇ ਗੁਆਂਢੀ ਰਾਜਾਂ ਤੋਂ ਬਿਨਾ ਬਿੱਲ ਅਤੇ ਦਸਤਾਵੇਜ਼ ਤੋਂ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਮੁਲਜ਼ਮਾਂ ਖ਼ਿਲਾਫ਼ ਦੋ ਥਾਣਿਆਂ ਵਿੱਚ ਵੱਖ-ਵੱਖ ਮਾਮਲੇ ਦਰਜ ਕੀਤੇ ਹਨ ਅਤੇ ਦੋਹਾਂ ਮਾਮਲਿਆਂ ਵਿੱਚ ਅੱਠ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂਇਲਾਵਾ ਗੈਰ-ਕਾਨੂੰਨੀ ਮਾਈਨਿੰਗ ਕਰਦੀ ਮਸ਼ੀਨਰੀ ਵੀ ਕਬਜ਼ੇ ਵਿੱਚ ਲਈ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਤਰਨਤਾਰਨ ਦੇ ਸਲਵਿੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਕਰਿਆਲਾ ਅਤੇ ਮੰਗਲ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਨੌਸ਼ਹਿਰਾ ਡਾਲਾ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਮਟੀਰੀਅਲ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ ਜੋ ਟਰੱਕਾਂ ਦੇ ਮਾਲਕ ਆਪਣੇ ਟਰੱਕਾਂ ਦੀਆਂ ਸਰਕਾਰ ਵੱਲੋਂ ਲਗਾਈਆਂ ਗਈਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਉਤਾਰ ਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਕਰੈਸ਼ਰ ਮਾਲਕਾਂ ਦੀ ਮਿਲੀਭੁਗਤ ਨਾਲ ਬਿਨਾ ਬਿੱਲ ’ਤੇ ਮਾਈਨਿੰਗ ਮਟੀਰੀਅਲ ਦੀ ਢੋਆ-ਢੁਆਈ ਕਰਦੇ ਹੋਏ ਅਤੇ ਪੰਜਾਬ ਸਰਕਾਰ ਨੂੰ ਜੀਐਸਟੀ (ਟੈਕਸ) ਦਾ ਚੂਨਾ ਲਗਾਉਂਦੇ ਹਨ। ਇਨ੍ਹਾਂ ਦੋਵਾਂ ਨੂੰ ਬੱਜਰੀ ਦੇ ਭਰੇ ਦੋ ਟਰੱਕਾਂ ਸਣੇ ਕੋਟਲੀ ਪੁਲ ਤੋਂ ਕਾਬੂ ਕੀਤਾ ਗਿਆ। ਦੋਵਾਂ ਟਰੱਕਾਂ ਤੇ ਇੱਕੋ ਨੰਬਰ ਦੀਆਂ ਜਾਅਲੀ ਨੰਬਰ ਪਲੇਟਾਂ ਲਗਾਈਆਂ ਹੋਈਆਂ ਸਨ। ਦੂਜੇ ਮਾਮਲੇ ਵਿੱਚ ਰਾਮ ਬਹਾਦੁਰ, ਗਿਆਨ ਚੰਦ, ਰਫੀਕ ਮੁਹੰਮਦ ਉਰਫ ਵਿੱਕੀ ਤੇ ਬਿੱਕਾਦੀਨ, ਮੁਸ਼ਤਾਕ ਅਲੀ ਵਾਸੀ ਪਿੰਡ ਥਪਕੋਰ, ਡਮਟਾਲ, ਯੂਨਸ ਵਾਸੀ ਘਗਵਾਲ ਨੂੰ ਗੈਰ-ਕਾਨੂੰਨੀ ਮਾਈਨਿੰਗ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਅਤੇ ਇੰਨ੍ਹਾਂ 6 ਮੁਲਜ਼ਮਾਂ ਖ਼ਿਲਾਫ਼ ਥਾਣਾ ਸ਼ਾਹਪੁਰਕੰਡੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ ਜੇਸੀਬੀ ਮਸ਼ੀਨ, ਦੋ ਟਿੱਪਰ ਅਤੇ ਇੱਕ ਟਰੈਕਟਰ ਟਰਾਲੀ ਬਰਾਮਦ ਕੀਤੇ ਗਏ ਹਨ।