ਈ-ਰਿਕਸ਼ਾ ਚਾਲਕ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਨਾਬਾਲਗਾਂ ਸਣੇ ਅੱਠ ਗ੍ਰਿਫ਼ਤਾਰ
ਪੀਪੀ ਵਰਮਾ
ਪੰਚਕੂਲਾ, 19 ਅਕਤੂਬਰ
ਪੰਚਕੂਲਾ ਵਿੱਚ 12 ਅਕਤੂਬਰ ਨੂੰ ਅਮਰਟੈਕਸ ਚੌਕ ਵਿੱਚ ਈ-ਰਿਕਸ਼ਾ ਚਾਲਕ ਪੁਸ਼ਪੇਂਦਰ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਨਾਬਾਲਗਾਂ ਸਣੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਡਿਪਟੀ ਕਮਿਸ਼ਨਰ ਪੁਲੀਸ ਹਿਮਾਦਰੀ ਕੌਸ਼ਿਕ ਅਤੇ ਪੁਲੀਸ ਥਾਣਾ ਸੈਕਟਰ-20 ਦੇ ਇੰਚਾਰਜ ਬੱਚੂ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਹ ਸਾਰੇ ਮੁਲਜ਼ਮ ਮੌਲੀ ਜੱਗਰਾਂ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਸ਼ਿਕਾਇਤਕਰਤਾ ਚਮਨ ਪ੍ਰਕਾਸ਼ ਨੇ ਦੱਸਿਆ ਕਿ ਉਹ ਅਤੇ ਉਸ ਦਾ ਰਿਸ਼ਤੇਦਾਰ ਪੁਸ਼ਪੇਂਦਰ ਪੰਚਕੂਲਾ ਵਿੱਚ ਈ-ਰਿਕਸ਼ਾ ਚਲਾਉਂਦੇ ਸਨ। ਉਹ ਦਸਹਿਰੇ ਦੇ ਤਿਉਹਾਰ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਰਸਤੇ ਵਿੱਚ ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਉਨ੍ਹਾਂ ਦੇ ਈ- ਰਿਕਸ਼ਾ ਟਰੱਕ ਨਾਲ ਟਕਰਾ ਗਿਆ। ਚਮਨ ਨੇ ਜਦੋਂ ਪੁਸ਼ਪਿੰਦਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਤਾਂ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਪੁਸ਼ਪੇਂਦਰ ਨੂੰ ਟਰੱਕ ਡਰਾਈਵਰ ਸਮਝ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਅਤੇ ਭੱਜ ਗਏ।
ਜ਼ਖ਼ਮੀ ਪੁਸ਼ਪੇਂਦਰ ਨੂੰ ਸਿਵਲ ਹਸਪਤਾਲ ਸੈਕਟਰ-6 ਪੰਚਕੂਲਾ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਪੁਲੀਸ ਨੇ ਥਾਣਾ ਸੈਕਟਰ-20 ਵਿੱਚ ਸ਼ਿਕਾਇਤ ਦਰਜ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਸੈਕਟਰ-20 ਥਾਣੇ ਦੇ ਇੰਚਾਰਜ ਬੱਚੂ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।