ਚੋਰੀ ਦੇ ਮੋਬਾਈਲਾਂ ਤੇ ਹਥਿਆਰਾਂ ਸਮੇਤ ਅੱਠ ਕਾਬੂ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):
ਪੁਲੀਸ ਨੇ ਵਿਅਕਤੀਆਂ ਨੂੰ ਚੋਰੀ ਦੇ ਮੋਬਾਈਲਾਂ, ਵਾਹਨਾਂ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਰੇਸੀ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਟਾਵਰ ਲਾਈਨ ਗਲੀ ਨੰਬਰ 15 ਮੌਜੂਦ ਸੀ ਕਿ ਸੂਰਜ ਕੁਮਾਰ ਅਤੇ ਨੀਰਜ ਅਤੇ ਸਾਗਰ ਕੁਮਾਰ ਨੂੰ ਮੋਟਰਸਾਈਕਲਾਂ ’ਤੇ ਖੋਹੇ ਮੋਬਾਈਲ ਵੇਚਣ ਲਈ ਜਾਂਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ 10 ਮੋਬਾਈਲ, ਦੋ ਮੋਟਰਸਾਈਕਲ ਅਤੇ ਇੱਕ ਖੰਡਾ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੇ ਥਾਣੇਦਾਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸ਼ੇਰਪੁਰ ਚੌਕ ਮੌਜੂਦ ਸੀ ਤਾਂ ਮੁਹੰਮਦ ਕਰੀਮ, ਰਾਜਵੀਰ ਸਿੰਘ ਅਤੇ ਕਰਨ ਸਿੰਘ ਵਾਸੀਆਨ ਪੁਨੀਤ ਨਗਰ ਤਾਜਪੁਰ ਰੋਡ ਨੂੰ ਖੋਹੇ ਮੋਬਾਈਲ ਵੇਚਣ ਲਈ ਐੱਨਪੀਸੀ ਟਰਾਂਸਪੋਰਟ ਦੇ ਨਾਲ ਦੀ ਗਲੀ ਵਿੱਚ ਨਰਸਰੀ ਦੇ ਕੋਲ ਬੈਠਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ ਐਕਟਿਵਾ, 3 ਮੋਬਾਈਲ ਅਤੇ 3 ਦਾਤ ਲੋਹਾ ਬਰਾਮਦ ਕੀਤੇ ਹਨ।
ਇੱਕ ਹੋਰ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲੀਸ ਨੂੰ ਮਹਾਂ ਸਿੰਘ ਨਗਰ ਵਾਸੀ ਸਾਹਿਲ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ਡਾਬਾ ਰੋਡ ਪਾਸ ਜਾ ਰਿਹਾ ਸੀ ਤਾਂ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਉਸਨੂੰ ਤਿੱਖੀ ਚੀਜ਼ ਦਿਖਾ ਕੇ ਮੋਬਾਈਲ ਫੋਨ ਅੋਪੋ-ਏ- 59 ਖੋਹ ਲਿਆ ਅਤੇ ਫ਼ਰਾਰ ਹੋ ਗਏ। ਭਾਲ ਕਰਨ ’ਤੇ ਪਤਾ ਲੱਗਾ ਕਿ ਇਹ ਖੋਹ ਸੰਦੀਪ ਕੁਮਾਰ ਵਾਸੀ ਮੁਹੱਲਾ ਜੁਝਾਰ ਨਗਰ ਅਤੇ ਲਵਪ੍ਰੀਤ ਸਿੰਘ ਵਾਸੀ ਮੁਹੱਲਾ ਸੁੰਦਰ ਨਗਰ ਲੋਹਾਰਾ ਨੇ ਕੀਤੀ ਹੈ। ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।